ਪਠਾਨਕੋਟ ਦੀ ਇਨੋਵਾ ਦਾ ਅੱਤਵਾਦੀਆਂ ਨਾਲ ਸੰਬੰਧ ਨਹੀਂ

Saturday, Nov 24, 2018 - 06:52 PM (IST)

ਪਠਾਨਕੋਟ ਦੀ ਇਨੋਵਾ ਦਾ ਅੱਤਵਾਦੀਆਂ ਨਾਲ ਸੰਬੰਧ ਨਹੀਂ

ਚੰਡੀਗੜ੍ਹ : ਪਠਾਨਕੋਟ ਵਿਚ ਇਕ ਹਫਤਾ ਪਹਿਲਾਂ ਲੁੱਟੀ ਗਈ ਇਨੋਵਾ ਕਾਰ ਦੇ ਮਾਮਲੇ ਵਿਚ ਅੱਤਵਾਦੀ ਲਿੰਕ ਹੋਣ ਦੀ ਗੱਲ ਤੋਂ ਪੁਲਸ ਨੇ ਇਨਕਾਰ ਕੀਤਾ ਹੈ। ਡੀ. ਜੀ. ਪੀ.  ਸੁਰੇਸ਼ ਅਰੋੜਾ ਨੇ ਸਾਫ ਕੀਤਾ ਹੈ ਕਿ ਇਨੋਵਾ ਪੰਜਾਬ ਦੇ ਸਾਧਾਰਣ ਅਪਰਾਧੀ ਵਲੋਂ ਲੁੱਟੀ ਗਈ ਸੀ ਅਤੇ ਇਸ ਦਾ ਕੋਈ ਅੱਤਵਾਦੀ ਕੁਨੈਕਸ਼ਨ ਨਹੀਂ ਹੈ। 
ਇਥੇ ਇਹ ਵੀ ਦੱਸਣਯੋਗ ਹੈ ਕਿ ਪਠਾਨਕੋਟ ਵਿਚ ਦੋ ਸਾਲ ਪਹਿਲਾਂ ਹੋਏ ਬੰਬ ਧਮਾਕੇ ਵਿਚ ਲੁੱਟੀ ਗਈ ਕਾਰ ਦਾ ਇਸਤੇਮਾਲ ਹੋਇਆ ਸੀ। ਇਸ ਕਾਰਨ ਇਨੋਵਾ ਦੀ ਲੁੱਟ ਤੋਂ ਬਾਅਦ ਪੁਲਸ ਚੌਕਸ ਹੋ ਗਈ ਸੀ। ਡੀ.ਜੀ. ਪੀ. ਦਾ ਕਹਿਣਾ ਹੈ ਕਿ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ ਹੋਣ ਕਾਰਨ ਪੁਲਸ ਨੂੰ ਹਰ ਵੇਲੇ ਚੌਕਸ ਰਹਿਣਾ ਪੈਂਦਾ ਹੈ। 
ਇਨੋਵਾ ਦੀ ਲੁੱਟ ਦੇ ਮਾਮਲੇ ਵਿਚ ਅੱਤਵਾਦੀ ਕੁਨੈਕਸ਼ਨ ਸਾਹਮਣੇ ਨਾ ਆਉਣ 'ਤੇ ਪੁਲਸ ਨੇ ਹਾਲਾਂਕਿ ਰਾਹਤ ਦਾ ਸਾਹ ਲਿਆ ਹੈ ਪਰ ਬੀਤੀ ਰਾਤ ਇਸੇ ਇਲਾਕੇ ਵਿਚ ਨਾਕਾ ਤੋੜ ਕੇ ਭੱਜੀ ਆਲਟੋ ਦੇ ਮਾਮਲੇ ਵਿਚ ਪੁਲਸ ਦੇ ਹੱਥ ਫਿਲਹਾਲ ਕੋਈ ਸੁਰਾਗ ਨਹੀਂ ਲੱਗਾ ਹੈ।


author

Gurminder Singh

Content Editor

Related News