ਮਾਸੂਮ ਬੱਚੀ ਦੀ ਪਾਣੀ ਨਾਲ ਭਰੀ ਟੈਂਕੀ ’ਚ ਡੁੱਬਣ ਕਾਰਨ ਮੌਤ

Sunday, Aug 03, 2025 - 11:49 AM (IST)

ਮਾਸੂਮ ਬੱਚੀ ਦੀ ਪਾਣੀ ਨਾਲ ਭਰੀ ਟੈਂਕੀ ’ਚ ਡੁੱਬਣ ਕਾਰਨ ਮੌਤ

ਜ਼ੀਰਕਪੁਰ (ਜੁਨੇਜਾ) : ਜ਼ੀਰਕਪੁਰ ਦੀ ਸੁਖ਼ਨਾ ਕਾਲੋਨੀ ’ਚ ਬਣ ਰਹੇ ਵਾਲਮੀਕੀ ਭਵਨ ਦੇ ਪਿੱਛੇ ਤਕਰੀਬਨ 8 ਫੁੱਟ ਡੂੰਘੀ ਪਾਣੀ ਦੀ ਟੈਂਕੀ ’ਚ 7 ਸਾਲ ਦੀ ਮਾਸੂਮ ਪ੍ਰੀਤੀ ਦੀ ਡੁੱਬਣ ਕਾਰਨ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਘਰ ਤੋਂ ਕੁੱਝ ਦੂਰੀ ’ਤੇ ਹੀ ਖੇਡਣ ਗਈ ਪ੍ਰੀਤੀ ਉਸਾਰੀ ਅਧੀਨ ਭਵਨ ਵੱਲ ਗਈ, ਜੋ ਭਵਨ ਦੇ ਪਿੱਛੇ ਪਾਣੀ ਨਾਲ ਭਰੀ ਟੈਂਕੀ ’ਚ ਡੁੱਬ ਗਈ। ਭਵਨ ਦੀ ਉਸਾਰੀ ਕਰ ਰਹੇ ਮਜ਼ਦੂਰਾਂ ਨੇ ਪ੍ਰੀਤੀ ਦੀ ਲਾਸ਼ ਪਾਣੀ ਦੀ ਟੈਂਕੀ ’ਚ ਤੈਰਦੀ ਦੇਖੀ ਅਤੇ ਪ੍ਰੀਤੀ ਦੇ ਮਾਂ-ਪਿਓ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ।

ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪ੍ਰੀਤੀ ਨੂੰ ਨੇੜੇ ਦੇ ਨਿੱਜੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਪ੍ਰੀਤੀ ਨੂੰ ਮ੍ਰਿਤਕ ਕਰਾਰ ਦਿੱਤਾ। ਪਰਿਵਾਰ ਅਤੇ ਗੁਆਂਢੀਆਂ ਨੇ ਦੱਸਿਆ ਕਿ ਕਈ ਵਾਰ ਉਸਾਰੀ ਦਾ ਕੰਮ ਕਰਨ ਵਾਲੇ ਠੇਕੇਦਾਰ ਨੂੰ ਕਿਹਾ ਗਿਆ ਕਿ ਇਸ ਪਾਣੀ ਦੀ ਟੈਂਕੀ ਨੂੰ ਢੱਕ ਕੇ ਰੱਖਿਆ ਜਾਵੇ, ਕਿਉਂਕਿ ਅਕਸਰ ਹੀ ਇੱਥੇ ਛੋਟੇ ਬੱਚੇ ਖੇਡਣ ਆਉਂਦੇ ਹਨ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਠੇਕੇਦਾਰ ਦੀ ਲਾਪਰਵਾਹੀ ਕਾਰਨ ਮਾਸੂਮ ਬੱਚੀ ਦੀ ਮੌਤ ਹੋਈ ਹੈ ਅਤੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਵੱਲੋਂ ਬੱਚੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਹਾਲੇ ਤੱਕ ਪੁਲਸ ਨੂੰ ਮਾਮਲੇ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।
 


author

Babita

Content Editor

Related News