ਮਾਸੂਮ ਦੀ ਮੌਤ ਮਗਰੋਂ ਨਾਨਕਾ ਤੇ ਦਾਦਕਾ ਪਰਿਵਾਰ ਹੋਏ ਆਹਮੋ-ਸਾਹਮਣੇ
Tuesday, Jun 03, 2025 - 10:12 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਕਸਬਾ ਬਹਿਰਾਮਪੁਰ ਵਿਖੇ ਅੱਜ ਉਸ ਵੇਲੇ ਸਥਿਤੀ ਕਾਫੀ ਉਲਝਦੀ ਹੋਈ ਨਜ਼ਰ ਆਈ ਜਦ ਇੱਕ ਸਾਢੇ ਚਾਰ ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨੀਵਾਂ ਧਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਸਹੁਰੇ ਪਰਿਵਾਰ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਅਤੇ ਉਸਦਾ ਇੱਕ ਸਾਢੇ ਚਾਰ ਸਾਲ ਦੇ ਬੇਟਾ ਵੀ ਨਾਲ ਰਹਿ ਰਿਹਾ ਸੀ।
ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਉਨ੍ਹਾਂ ਦੇ ਘਰ ਦੇ ਪਿਛਲੀ ਸਾਈਡ 'ਤੇ ਇਕ ਛੱਪੜ ਸੀ ਅਤੇ ਪਰਿਵਾਰਿਕ ਮੈਂਬਰਾਂ ਅਨੁਸਾਰ ਛੋਟਾ ਬੱਚਾ ਪਹਿਲਾਂ ਵੀ ਛੱਪੜ ਵਿੱਚ ਜਾਨਵਰ ਵੇਖਣ ਲਈ ਚੱਲ ਜਾਂਦਾ ਸੀ। ਅੱਜ ਜਦ ਕਾਫੀ ਸਮਾਂ ਬੱਚਾ ਘਰ ਵਿੱਚ ਵੇਖਣ ਨੂੰ ਨਾ ਮਿਲਿਆ ਤਾਂ ਉਨ੍ਹਾਂ ਇਧਰ-ਉਧਰ ਭਾਲ ਕੀਤੀ ਪਰ ਬੱਚਾ ਨਹੀਂ ਮਿਲਿਆ ਜਦ ਇਧਰ ਉਧਰ ਛਾਣਬੀਣ ਦੌਰਾਨ ਘਰ ਦੇ ਪਿਛਲੇ ਪਾਸੇ ਛੱਪੜ ਵਿੱਚ ਵੇਖਿਆ ਤਾਂ ਬੱਚੇ ਦੀ ਅਚਾਨਕ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ ਉੱਪਰ ਤੈਅ ਰਹੀ ਸੀ। ਉਧਰ ਦੂਜੇ ਪਾਸੇ ਬੱਚੇ ਦੇ ਪਿਤਾ ਅਤੇ ਦਾਦਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਬੱਚੇ ਨੂੰ ਜਾਣ ਬੁੱਝ ਕੇ ਇਸ ਦੇ ਨਾਨਕਾ ਪਰਿਵਾਰ ਵੱਲੋਂ ਮਾਰਿਆ ਗਿਆ ਹੈ। ਜਦ ਸਾਰਾ ਇਹ ਮਾਮਲਾ ਪੁਲਸ ਤੱਕ ਪਹੁੰਚਿਆ ਤਾਂ ਮੌਕੇ 'ਤੇ ਪੁਲਸ ਵੱਲੋਂ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ।
ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਡੀਐੱਸਪੀ ਦੀਨਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਨਾਲ ਗੱਲਬਾਤ ਕਰ ਕੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੋ ਵੀ ਰਿਪੋਰਟ ਸਾਹਮਣੇ ਆਏਗੀ ਉਸ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।