ਸਹਾਇਕ ਥਾਣੇਦਾਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਦੀ ਮੌਤ
Friday, Jul 17, 2020 - 04:37 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਪੁਲਸ ਲਾਈਨ ਨਿਵਾਸੀ ਅਰਸ਼ਦੀਪ ਸਿੰਘ ਜਿਸਨੂੰ ਜ਼ਖਮੀ ਹਾਲਤ ਵਿਚ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਦੀ ਬੀਤੀ ਰਾਤ ਮੌਤ ਹੋ ਗਈ। ਇਸਦੀ ਪੁਸ਼ਟੀ ਕਰਦਿਆਂ ਥਾਣਾ ਸਿਟੀ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਥਾਣਾ ਸਿਟੀ ਵਿਖੇ ਜ਼ਖਮੀ ਅਰਸ਼ਦੀਪ ਸਿੰਘ ਦੇ ਬਿਆਨਾਂ 'ਤੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਵਾਸੀ ਪੁਲਸ ਲਾਈਨ ਫ਼ਰੀਦਕੋਟ 'ਤੇ ਧਾਰਾ 341, 379 ਅਤੇ 323 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀ ਹਾਲਤ ਵਿਚ ਅਰਸ਼ਦੀਪ ਸਿੰਘ ਪੁੱਤਰ ਲਖਵੀਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਉਕਤ ਸਹਾਇਕ ਥਾਣੇਦਾਰ ਨੇ ਉਸ 'ਤੇ ਉਸ ਵੇਲੇ ਰਾਹ ਵਿਚ ਸਕੂਟਰੀ ਰੋਕ ਕੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਸੀ ਜਿਸ ਵੇਲੇ ਉਹ ਬਾਜ਼ਾਰੋਂ ਘਰ ਵਾਪਿਸ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਘਟਨਾਂ ਵਿਚ ਮ੍ਰਿਤਕ ਦੀ ਛਾਤੀ 'ਤੇ ਵਾਰ ਕੀਤਾ ਗਿਆ ਸੀ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾਂ 'ਤੇ ਜ਼ੁਰਮ ਵਿਚ ਵਾਧਾ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ ਜਦਕਿ ਵਿਭਾਗੀ ਕਾਰਵਾਈ ਅਨੁਸਾਰ ਸਸਪੈਂਡ ਕੀਤਾ ਗਿਆ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਫ਼ਰਾਰ ਹੈ ਜਿਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।