ਲੁਧਿਆਣਾ ਦੇ ਵਿਕਾਸ ਨੂੰ ਮਿਲੇਗੀ ਪਹਿਲ : ਕੈਪਟਨ
Monday, Mar 12, 2018 - 04:08 AM (IST)
ਲੁਧਿਆਣਾ, (ਹਿਤੇਸ਼)- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇੰਡਸਟਰੀ ਤੇ ਟਰੇਡ ਦੇ ਮਾਮਲੇ 'ਚ ਪੰਜਾਬ ਦਾ ਪ੍ਰਮੁੱਖ ਸੈਂਟਰ ਹੋਣ ਕਰ ਕੇ ਸਰਕਾਰ ਵੱਲੋਂ ਲੁਧਿਆਣਾ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਕੈਪਟਨ ਇਥੇ ਰੋਜ਼ਗਾਰ ਮੇਲੇ ਤੋਂ ਬਾਅਦ ਮਲਹਾਰ ਰੋਡ 'ਤੇ ਸਮਾਰਟ ਸਿਟੀ ਤਹਿਤ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਮੌਜੂਦਗੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਿਕਾਸ ਦੇ ਮਾਮਲੇ 'ਚ ਲੁਧਿਆਣਾ ਕਾਫੀ ਪੱਛੜ ਗਿਆ ਹੈ, ਜਿਸ ਨੂੰ ਪੱਟੜੀ 'ਤੇ ਲਿਆਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਿਉਂਕਿ ਨਵੇਂ ਉਦਯੋਗ ਲਾਉਣ ਲਈ ਜਿੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਬਿਹਤਰ ਹੋਣੀ ਜ਼ਰੂਰੀ ਹੈ, ਉਥੇ ਬਿਹਤਰ ਇਨਫ੍ਰਾਸਟ੍ਰੱਕਚਰ ਵੀ ਹੋਣਾ ਚਾਹੀਦਾ ਹੈ। ਇਸ ਦੇ ਮੱਦੇਨਜ਼ਰ ਰੁਕੇ ਹੋਏ ਤੇ ਨਵੇਂ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਬਾਦਲ, ਐੱਮ. ਪੀ. ਰਵਨੀਤ ਬਿੱਟੂ, ਹਲਕਾ ਵਿਧਾਇਕ ਭਾਰਤ ਭੂਸ਼ਨ ਆਸ਼ੂ ਵੀ ਮੌਜੂਦ ਰਹੇ।
ਲੋਕਲ ਬਾਡੀਜ਼ ਦੇ ਪ੍ਰੋਗਰਾਮ ਵਿਚ ਸਿੱਧੂ ਦੀ ਗੈਰ-ਹਾਜ਼ਰੀ ਦੀ ਰਹੀ ਚਰਚਾ
ਸਮਾਰਟ ਸਿਟੀ ਨਾਲ ਜੁੜੇ ਪ੍ਰਾਜੈਕਟਾਂ ਦੇ ਨੀਂਹ ਪੱਥਰ 'ਤੇ ਲੋਕਲ ਬਾਡੀਜ਼ ਵਿਭਾਗ ਦੇ ਨਾਂ ਨਾਲ ਸ਼ੁਰੂਆਤ ਕੀਤੀ ਗਈ ਸੀ ਪਰ ਉਨ੍ਹਾਂ ਦੇ ਮੰਤਰੀ ਨਵਜੋਤ ਸਿੱਧੂ ਕਿਤੇ ਨਜ਼ਰ ਨਹੀਂ ਆਏ। ਉਹ ਵੀ ਉਸ ਸਮੇਂ, ਜਦੋਂ ਪੰਜਾਬ ਦੇ ਜ਼ਿਆਦਾਤਰ ਮੰਤਰੀ ਕੈਪਟਨ ਨਾਲ ਸਮਾਰੋਹ ਵਿਚ ਮੌਜੂਦ ਸਨ ਪਰ ਦੋ ਦਿਨ ਤੋਂ ਪੇਪਰਾਂ ਵਿਚ ਲੱਗ ਰਹੇ ਜਾਬ ਫੇਅਰ ਦੇ ਇਸ਼ਤਿਹਾਰਾਂ 'ਚ ਕਿਤੇ ਸਿੱਧੂ ਦਾ ਨਾਂ ਨਹੀਂ ਸੀ ਅਤੇ ਉਨ੍ਹਾਂ ਨੇ ਲੋਕਲ ਬਾਡੀਜ਼ ਤਹਿਤ ਕੀਤੀ ਗਈ ਭਰਤੀ ਨਾਲ ਸਬੰਧਿਤ ਨਿਯੁਕਤੀ ਪੱਤਰ ਆਪਣੇ ਤੌਰ 'ਤੇ ਵੀ ਵੰਡ ਦਿੱਤੇ ਸਨ। ਹੁਣ ਕੈਪਟਨ ਦੇ ਸਮਾਰੋਹ ਦੇ ਦਿਨ ਉਹ ਜਲੰਧਰ ਪਹੁੰਚ ਗਏ, ਜਿਸ ਨੂੰ ਲੈ ਕੇ ਇਹ ਚਰਚਾ ਹੈ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਆਖਰੀ ਸਮੇਂ ਤੱਕ ਫਾਈਨਲ ਨਹੀਂ ਹੋਇਆ ਸੀ।
ਨਿਗਮ ਚੋਣਾਂ ਦੇ ਬਾਅਦ ਹੋਈ ਰੈਲੀ ਨੂੰ ਲੈ ਕੇ ਵਰਕਰਾਂ 'ਚ ਦਿਸਿਆ ਜੋਸ਼
ਰੋਜ਼ਗਾਰ ਮੇਲੇ ਨੂੰ ਲੈ ਕੇ ਕਾਂਗਰਸ ਦੀ ਰੈਲੀ ਦੇ ਰੂਪ 'ਚ ਜ਼ਿਆਦਾ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਮੌਕੇ ਭੀੜ ਜੁਟਾਉਣ ਲਈ ਪਹਿਲਾਂ ਨੌਕਰੀ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਤਾਂ ਬੁਲਾਇਆ ਹੀ ਗਿਆ ਸੀ ਕੁਰਸੀਆਂ ਭਰਨ ਲਈ ਸਰਕਾਰੀ ਮੁਲਾਜ਼ਮਾਂ ਤੇ ਟੀਚਰਾਂ ਦੀ ਮਦਦ ਲੈਣ ਦੀ ਚਰਚਾ ਹੈ। ਇਸ ਤੋਂ ਇਲਾਵਾ ਕਾਂਗਰਸੀ ਨੇਤਾਵਾਂ ਦੀ ਵੀ ਡਿਊਟੀ ਲਾਈ ਗਈ ਸੀ, ਜਿਨ੍ਹਾਂ ਨੂੰ ਬੱਸਾਂ ਵੀ ਮੁਹੱਈਆ ਕਰਵਾਈਆਂ ਗਈਆਂ ਤੇ ਵਰਕਰਾਂ 'ਚ ਰੈਲੀ ਪ੍ਰਤੀ ਕਾਫੀ ਜੋਸ਼ ਦੇਖਣ ਨੂੰ ਮਿਲਿਆ ਅਤੇ ਪੰਡਾਲ ਅੰਦਰ ਜਿੰਨੀ ਭੀੜ ਸੀ, ਉਸ ਤੋਂ ਵੱਧ ਲੋਕ ਬਾਹਰ ਘੁੰਮ ਰਹੇ ਸਨ। ਇਸ ਦੀ ਵਜ੍ਹਾ ਰੈਲੀ ਦਾ ਆਯੋਜਨ ਨਗਰ ਨਿਗਮ ਚੋਣਾਂ ਦੇ ਠੀਕ ਬਾਅਦ ਹੋਣਾ ਵੀ ਰਿਹਾ, ਕਿਉਂਕਿ ਨਵੇਂ ਬਣੇ ਕੌਂਸਲਰਾਂ ਨੇ ਆਪਣੇ ਸਮਰਥਕਾਂ ਨੂੰ ਜੁਟਾਇਆ ਸੀ ਅਤੇ ਚੋਣ ਹਾਰਨ ਵਾਲੇ ਵੀ ਕੁੱਝ ਦਿਨ ਪਹਿਲਾਂ ਤੱਕ ਉਨ੍ਹਾਂ ਨਾਲ ਚੱਲਣ ਵਾਲੀ ਭੀੜ ਇਕੱਠੀ ਕਰਦੇ ਦੇਖੇ ਗਏ।
ਪੀ. ਏ. ਯੂ. 'ਚ ਵੀ ਕਾਇਮ ਹੋਇਆ ਉਥਲ-ਪੁਥਲ ਦਾ ਆਲਮ
ਰੈਲੀ ਸਥਾਨ 'ਤੇ ਪਹੁੰਚਣ ਵਾਲੀਆਂ ਸੜਕਾਂ 'ਤੇ ਲੱਗੇ ਜਾਮ ਵਿਚ ਹੀ ਬਹੁਤ ਗੱਡੀਆਂ ਫਸ ਗਈਆਂ, ਜਿਸ ਦੇ ਮੱਦੇਨਜ਼ਰ ਸੀ. ਐੱਮ. ਦਾ ਹੈਲੀਕਾਪਟਰ ਲੈਂਡ ਕਰਨ ਤੋਂ ਬਾਅਦ ਫਿਰੋਜ਼ਪੁਰ ਸਾਈਡ ਤੋਂ ਗੱਡੀਆਂ ਦੀ ਐਂਟਰੀ ਹੀ ਬੰਦ ਕਰ ਦਿੱਤੀ ਗਈ। ਇਹੀ ਹਾਲ ਪੀ. ਏ. ਯੂ. ਦੇ ਅੰਦਰ ਦੇਖਣ ਨੂੰ ਮਿਲਿਆ। ਜਦੋਂ ਪਾਰਕਿੰਗ ਲਈ ਵੱਖਰੇ ਤੌਰ 'ਤੇ ਜਗ੍ਹਾ ਮਾਰਕ ਕਰਨ ਦੇ ਬਾਵਜੂਦ ਲੋਕ ਪੀ. ਏ. ਯੂ. ਦੀਆਂ ਅੰਦਰੂਨੀ ਸੜਕਾਂ 'ਤੇ ਗੱਡੀਆਂ ਲੈ ਕੇ ਦਾਖਲ ਹੋ ਗਏ, ਜਿਸ ਨਾਲ ਰਿਹਾਇਸ਼ੀ ਬਲਾਕ 'ਚ ਜਾਮ ਲੱਗਣ 'ਤੇ ਪੀ. ਏ. ਯੂ. ਵਿਚ ਰਹਿਣ ਵਾਲੇ ਲੋਕਾਂ ਨੂੰ ਮੁਸ਼ਕਿਲ ਹੋਈ ਅਤੇ ਉਨ੍ਹਾਂ ਦਾ ਐਤਵਾਰ ਦੀ ਛੁੱਟੀ ਦਾ ਮਜ਼ਾ ਹੀ ਕਿਰਕਿਰਾ ਹੋ ਗਿਆ।
