ਪੰਜਾਬ ''ਚ 2 ਮਹੀਨੇ ਦੀ ਉਦਯੋਗਿਕ ਬੰਦੀ ਨਾਲ 3 ਸਾਲ ਪਿਛੜ ਜਾਵੇਗੀ ਇੰਡਸਟਰੀ

Tuesday, Apr 14, 2020 - 12:29 AM (IST)

ਪੰਜਾਬ ''ਚ 2 ਮਹੀਨੇ ਦੀ ਉਦਯੋਗਿਕ ਬੰਦੀ ਨਾਲ 3 ਸਾਲ ਪਿਛੜ ਜਾਵੇਗੀ ਇੰਡਸਟਰੀ

ਚੰਡੀਗੜ੍ਹ,(ਹਰੀਸ਼ਚੰਦਰ)- ਕੋਰੋਨਾ ਵਾਇਰਸ ਕਾਰਨ ਬੀਤੇ ਕਰੀਬ ਤਿੰਨ ਹਫ਼ਤੇ ਤੋਂ ਬੰਦ ਪਏ ਪੰਜਾਬ ਦੇ ਉਦਯੋਗਾਂ ਨੂੰ ਜੇਕਰ ਸਰਕਾਰ ਨੇ ਲੀਹ 'ਤੇ ਲਿਆਉਣ ਲਈ ਸਮਾਂ ਰਹਿੰਦੇ ਕਦਮ ਨਾ ਚੁੱਕੇ ਤਾਂ ਇਹ ਕਈ ਸਾਲ ਪਛੜ ਜਾਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਸ਼ੁੱਕਰਵਾਰ ਕੋਰੋਨਾ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ, ਉਸ ਨਾਲ ਉਦਯੋਗਪਤੀਆਂ ਦੀ ਜਾਨ ਅਟਕ ਗਈ ਹੈ। ਉਦਯੋਗ ਜਗਤ ਮੌਜੂਦਾ ਹਾਲਾਤ 'ਚ ਸਰਕਾਰ ਵਲੋਂ ਅਜਿਹਾ ਕੋਈ ਢੰਗ-ਤਰੀਕਾ ਅਪਣਾਉਣ ਦੀ ਉਮੀਦ ਕਰ ਰਿਹਾ ਹੈ, ਜਿਸ ਨਾਲ ਰਾਜ 'ਚ ਉਤਪਾਦਨ ਬੇਸ਼ਕ ਘੱਟ ਹੀ ਹੋਵੇ, ਪਰ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਠੱਪ ਨਾ ਹੋਵੇ। ਉਦਯੋਗਪਤੀ ਫਿਲਹਾਲ ਉਦਯੋਗ ਚਲਾਏ ਜਾਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਦੌਰ ਤੋਂ ਗੁਜ਼ਰ ਰਹੇ ਹਨ। ਮੁੱਖ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ ਹਾਲਾਤ ਸਤੰਬਰ-ਅਕਤੂਬਰ ਤੱਕ ਖਾਸ ਸੁਧਰਨ ਵਾਲੇ ਨਹੀਂ ਹਨ। ਅਜਿਹੇ 'ਚ ਉਦਯੋਗਪਤੀ ਚਾਹੁੰਦੇ ਹਨ ਕਿ ਘੱਟ ਮਜ਼ਦੂਰਾਂ-ਵਰਕਰਾਂ ਨਾਲ ਉਨ੍ਹਾਂ ਨੂੰ ਉਦਯੋਗ ਚਲਾਉਣ ਦੀ ਆਗਿਆ ਸਰਕਾਰ ਪ੍ਰਦਾਨ ਕਰੇ। ਇਸ ਨਾਲ ਅਰਥਵਿਵਸਥਾ 'ਚ ਵੀ ਠਹਿਰਾਅ ਨਹੀਂ ਆਵੇਗਾ। ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਾਦੀਸ਼ ਕੇ. ਜਿੰਦਲ ਨੇ ਵਿਸ਼ੇਸ਼ ਗੱਲਬਾਤ 'ਚ ਇਸ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਮੰਗ ਕੀਤੀ ਕਿ ਜਿਨ੍ਹਾਂ ਜ਼ਿਲਿਆਂ 'ਚ ਕੋਰੋਨਾ ਦੇ ਕੇਸ ਨਹੀਂ ਹਨ ਜਾਂ ਬੇਹੱਦ ਘੱਟ ਹਨ, ਉਨ੍ਹਾਂ 'ਚ ਇੰਡਸਟਰੀਜ਼ 'ਤੇ ਲੱਗੀ ਰੋਕ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਸਟਾਫ਼ ਦੇ ਸਰੀਰਕ ਤਾਪਮਾਨ, ਮਾਸਕ, ਸੈਨੇਟਾਈਜ਼ਰ ਆਦਿ ਦੀ ਰੈਗੂਲਰ ਚੈਕਿੰਗ ਪ੍ਰਸ਼ਾਸਨ ਉਦਯੋਗਪਤੀਆਂ ਦੇ ਸਹਿਯੋਗ ਨਾਲ ਰੋਜ਼ਾਨਾ ਕਰੇ ਤਾਂ ਇਸ ਸ਼ਰਤ 'ਤੇ ਉਦਯੋਗ ਚਲਾਉਣ ਦੀ ਆਗਿਆ ਮਿਲਣੀ ਚਾਹੀਦੀ ਹੈ।
ਮਾਰਚ ਦੀ ਤਨਖਾਹ ਤਾਂ ਕਿਵੇਂ ਕਰ ਕੇ ਦੇ ਦਿੱਤੀ ਪਰ ਅੱਗੇ ਅਜਿਹਾ ਸੰਭਵ ਨਹੀਂ
ਪੰਜਾਬ ਨੂੰ ਹੋਣ ਵਾਲੇ ਨੁਕਸਾਨ ਸਬੰਧੀ ਸਵਾਲ 'ਤੇ ਜਿੰਦਲ ਨੇ ਕਿਹਾ ਕਿ ਜੇਕਰ ਦੋ ਮਹੀਨੇ ਇੰਡਸਟਰੀ ਬੰਦ ਰਹੀ ਤਾਂ ਪੰਜਾਬ ਦਾ ਉਦਯੋਗ ਜਗਤ ਤਿੰਨ ਸਾਲ ਪਛੜ ਜਾਵੇਗਾ। ਸੂਬੇ 'ਚ ਛੋਟੇ-ਵੱਡੇ ਕਰੀਬ ਸੱਤ ਲੱਖ ਉਦਯੋਗਿਕ ਯੂਨਿਟ ਹਨ। ਉਦਯੋਗਾਂ ਨੂੰ ਬਿਜਲੀ ਬਿੱਲ 'ਚ ਸਰਕਾਰ ਰਾਹਤ ਦੇ ਸਕਦੀ ਹੈ ਪਰ ਬੈਂਕਾਂ ਤੋਂ ਲਏ ਕਰਜ਼ੇ ਦੇ ਵਿਆਜ ਅਤੇ ਵਰਕਰਾਂ ਦੀ ਤਨਖਾਹ ਦਾ ਭੁਗਤਾਨ ਉਹ ਕਿਵੇਂ ਕਰਨਗੇ, ਜਦੋਂ ਉਨ੍ਹਾਂ ਨੂੰ ਨਾ ਕੋਈ ਆਰਡਰ ਮਿਲ ਰਿਹਾ ਹੈ ਨਾ ਕੋਈ ਉਤਪਾਦਨ ਹੋ ਰਿਹਾ ਹੈ ਅਤੇ ਨਹੀਂ ਹੀ ਸਪਲਾਈ। ਬੰਗਲਾਦੇਸ਼ ਜਿਹੇ ਦੇਸ਼ ਨੇ ਵੀ ਆਪਣੇ ਉਦਯੋਗਪਤੀਆਂ ਨੂੰ ਦੋ ਫੀਸਦੀ ਵਿਆਜ ਦਰ 'ਤੇ ਕਰਜ਼ਾ ਉਪਲੱਬਧ ਕਰਾਇਆ ਹੈ ਤਾਂ ਕਿ ਉਹ ਆਪਣੇ ਵਰਕਰਾਂ ਨੂੰ ਤਨਖਾਹ ਦੇ ਸਕਣ ਪਰ ਸਾਡੀ ਸਰਕਾਰ ਅਜਿਹੀ ਕੋਈ ਸਹਾਇਤਾ ਦੇਣ ਦੀ ਬਜਾਏ ਉਦਯੋਗਪਤੀਆਂ ਨੂੰ ਮਜ਼ਦੂਰਾਂ ਦੀ ਤਨਖਾਹ ਨਾ ਰੋਕਣ ਦੇ ਹੁਕਮ ਜਾਰੀ ਕਰ ਰਹੀ ਹੈ। ਮਾਰਚ ਮਹੀਨੇ ਦੀ ਤਨਖਾਹ ਤਾਂ ਉਨ੍ਹਾਂ ਨੇ ਕਿਵੇਂ ਵੀ ਕਰਕੇ ਦੇ ਦਿੱਤੀ ਹੈ, ਪਰ ਮੌਜੂਦਾ ਹਾਲਾਤ 'ਚ ਅੱਗੇ ਅਜਿਹਾ ਸੰਭਵ ਨਹੀਂ ਹੈ।
ਪੰਜਾਬ ਦੇ ਉਦਯੋਗਿਕ ਖੇਤਰ 'ਚ ਸਭ ਤੋਂ ਵੱਡਾ ਯੋਗਦਾਨ ਟੈਕਸਟਾਈਲ, ਗਾਰਮੈਂਟ, ਸਾਈਕਲ, ਸਿਲਾਈ ਮਸ਼ੀਨ, ਮਸ਼ੀਨ ਟੂਲਜ਼, ਲੈਦਰ ਇੰਡਸਟਰੀ ਨਾਲ ਜੁੜੀਆਂ ਜ਼ਿਆਦਾਤਰ ਯੂਨਿਟਾਂ ਪਾਉਂਦੀਆਂ ਹਨ। ਇਸ ਤੋਂ ਇਲਾਵਾ ਸਰਵਿਸ ਸੈਕਟਰ ਵੀ ਹਜ਼ਾਰਾਂ ਲੋਕਾਂ ਨੂੰ ਸਿੱਧੇ ਰੋਜ਼ਗਾਰ ਦਿੱਤੇ ਹੋਏ ਹਨ, ਪਰ ਇਸ ਸਮੇਂ ਇਹ ਸਾਰੇ ਸੈਕਟਰ ਬੰਦੀ ਦੀ ਮਾਰ ਝੱਲ ਰਹੇ ਹਨ। ਟਰਾਂਸਪੋਰਟ, ਬਾਇਰ -ਸੈੱਲਰ ਲਿੰਕ ਅਤੇ ਇੰਪੋਰਟ-ਐਕਸਪੋਰਟ ਬੰਦ ਹੋਣ ਕਾਰਣ ਸੂਬੇ ਦੀ ਇੰਡਸਟਰੀ ਮੰਦੀ ਅਤੇ ਘਾਟੇ ਦੀ ਰਾਹ 'ਤੇ ਹੈ। ਜਿੰਦਲ ਦਾ ਕਹਿਣਾ ਹੈ ਕਿ ਪੰਜਾਬ ਦੀ ਇੰਡਸਟਰੀ ਰੋਜ਼ਾਨਾ 3,000 ਕਰੋੜ ਰੁਪਏ ਲੈਣ-ਦੇਣ ਬੈਂਕਾਂ ਰਾਹੀਂ ਕਰਦੀ ਹੈ। ਇਸ ਤੋਂ ਇਲਾਵਾ ਨਗਦੀ ਲੈਣ ਦੇਣ ਅਲੱਗ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਦਯੋਗ ਬੰਦ ਹੋਣ ਕਾਰਨ ਪੰਜਾਬ ਦੇ ਉਦਯੋਗਿਕ ਖੇਤਰ ਦੇ ਟਰਨਓਵਰ ਨੂੰ 50,000 ਕਰੋੜ ਦਾ ਨੁਕਸਾਨ ਹੋ ਚੁੱਕਿਆ ਹੈ।


author

Bharat Thapa

Content Editor

Related News