ਵਿਰੋਧ ਕਾਰਨ ਕਾਂਗਰਸ ਭਵਨ ''ਚ ਨਹੀਂ ਲੱਗਾ ਇੰਦਰਾ ਗਾਂਧੀ ਦਾ ਬੁੱਤ, ਭਾਰੀ ਪੁਲਸ ਫੋਰਸ ਰਹੀ ਤਾਇਨਾਤ
Wednesday, Nov 01, 2017 - 04:00 AM (IST)

ਲੁਧਿਆਣਾ(ਰਿੰਕੂ)- ਲੁਧਿਆਣਾ ਦੇ ਕਾਂਗਰਸ ਭਵਨ 'ਚ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਬੁੱਤ ਲਾਉਣ ਨੂੰ ਲੈ ਕੇ ਅਕਾਲੀ ਦਲ ਤੇ ਸਿੱਖ ਕੱਟੜਪੰਥੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਬੁੱਤ ਲਾਉਣ 'ਤੇ ਅੜੇ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਗੋਲਡੀ ਅਗਨੀਹੋਤਰੀ ਤੇ ਉਨ੍ਹਾਂ ਦੇ ਸਾਥੀ ਅੱਜ ਬੈਕਫੁੱਟ 'ਤੇ ਆ ਗਏ ਅਤੇ ਉਨ੍ਹਾਂ ਨੇ ਹਾਈਮਕਾਨ ਦੇ ਹੁਕਮਾਂ ਦਾ ਹਵਾਲਾ ਦੇ ਕੇ ਕਾਂਗਰਸ ਭਵਨ ਤੋਂ ਦੂਰੀ ਬਣਾ ਕੇ ਵੱਖਰੇ ਤੌਰ 'ਤੇ ਬਲੀਦਾਨ ਦਿਵਸ ਮਨਾਇਆ। ਇਸ ਮਾਮਲੇ ਨੂੰ ਲੈ ਕੇ ਸਵੇਰ ਤੋਂ ਹੀ ਕਾਂਗਰਸ ਭਵਨ ਦੇ ਬਾਹਰ ਭਾਰੀ ਪੁਲਸ ਤਾਇਨਾਤ ਸੀ, ਜਿਸ ਵਿਚ ਪੁਲਸ ਦੇ ਉੱਚ ਅਧਿਕਾਰੀ ਮੌਜੂਦ ਰਹੇ। ਪੰਜਾਬ ਯੂਥ ਕਾਂਗਰਸ ਦੇ ਸਕੱਤਰ ਗੋਲਡੀ ਅਗਨੀਹੋਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ 'ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸਵ. ਇੰਦਰਾ ਗਾਂਧੀ ਦਾ ਬੁੱਤ ਲਾਉਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਸੂਬੇ ਦੀ ਅਮਨ-ਸ਼ਾਂਤੀ ਨੂੰ ਦੇਖਦੇ ਹੋਏ ਰੱਦ ਕੀਤਾ ਗਿਆ ਹੈ ਅਤੇ ਜਲਦ ਹੀ ਕਾਂਗਰਸ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਬੁੱਤ ਨੂੰ ਸਥਾਪਿਤ ਕੀਤਾ ਜਾਵੇਗਾ।
ਗੋਲਡੀ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਦੇਸ਼ ਦੀ ਏਕਤਾ, ਅਖੰਡਤਾ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ, ਇਸ ਲਈ ਬੇਤੁਕੀ ਬਿਆਨਬਾਜ਼ੀ ਕਰ ਰਹੀਆਂ ਹਨ। ਅਸੀਂ ਦੇਸ਼ ਦੀ ਏਕਤਾ ਅਤੇ ਹਿੰਦੂ-ਸਿੱਖ ਏਕਤਾ ਲਈ ਕੰਮ ਕਰਦੇ ਹਾਂ ਅਤੇ ਕਰਦੇ ਰਹਾਂਗੇ। ਇਸ ਮੌਕੇ ਉਨ੍ਹਾਂ ਨਾਲ ਅਜੇ ਪਾਲ ਦਿਸ਼ਾਵਰ, ਪ੍ਰਸ਼ਾਂਤ ਮੂੰਗ ਕਾਲੀ, ਤਰੁਣ ਚੌਧਰੀ, ਪਿੰ੍ਰਸ ਚੌਧਰੀ, ਰਾਕੇਸ਼ ਕੁਮਾਰ, ਵਿਜੇ ਕੁਮਾਰ ਆਦਿ ਮੌਜੂਦ ਸਨ।
ਸਦਭਾਵਨਾ ਦਿਵਸ ਵਜੋਂ ਮਨਾਇਆ ਆਇਰਨ ਲੇਡੀ ਦਾ ਬਲੀਦਾਨ ਦਿਵਸ
ਲੁਧਿਆਣਾ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਗੁਰਪ੍ਰੀਤ ਗੋਗੀ ਵੱਲੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਬਲੀਦਾਨ ਦਿਵਸ ਸਦਭਾਵਨਾ ਦਿਵਸ ਤੇ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਕਾਂਗਰਸ ਭਵਨ ਵਿਚ ਮਨਾਇਆ ਗਿਆ। ਜ਼ਿਲਾ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਵਰਕਰਾਂ ਨਾਲ ਸਵ. ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਇੰਦਰਾ ਗਾਂਧੀ ਵਰਗੀਆਂ ਤਾਕਤਵਰ ਮਹਾਨ ਆਤਮਾਵਾਂ ਧਰਤੀ 'ਤੇ ਵਿਰਲੇ ਹੀ ਜਨਮ ਲੈਂਦੀਆਂ ਹਨ। ਇੰਦਰਾ ਗਾਂਧੀ ਦੀ ਬਦੌਲਤ ਹੀ ਅੱਜ ਭਾਰਤ ਵਿਸ਼ਵ ਵਿਚ ਮਹਾਨ ਸ਼ਕਤੀ ਵਜੋਂ ਉਭਰਿਆ ਹੈ, ਇਸ ਲਈ ਅੱਜ ਪੂਰੀ ਦੁਨੀਆ ਉਨ੍ਹਾਂ ਨੂੰ ਆਇਰਨ ਲੇਡੀ ਦੇ ਨਾਂ ਨਾਲ ਬੁਲਾਉਂਦੀ ਹੈ। ਇਸ ਮੌਕੇ ਸੇਵਾ ਦਲ ਮੁਖੀ ਸੁਸ਼ੀਲ ਪਰਾਸ਼ਰ, ਪੰਜਾਬ ਕਾਂਗਰਸ ਸਕੱਤਰ ਅਮਰਜੀਤ ਓਬਰਾਏ, ਆਸ਼ਾ ਗਰਗ, ਬਲਾਕ ਪ੍ਰਧਾਨ ਵਿਪਨ ਅਰੋੜਾ, ਗੁਰਮੁੱਖ ਮਿੱਠੂ, ਰਜਿੰਦਰ ਬਾਜਵਾ, ਜੋਗਿੰਦਰ ਸਿੰਘ ਟਾਈਗਰ, ਕਾਕਾ, ਤਰੁਣ ਸ਼ਰਮਾ, ਆਸ਼ੀਸ਼ ਪਾਲ, ਸੁਰਿੰਦਰ ਸ਼ਰਮਾ, ਮੁਹੰਮਦ ਅਜਗਰ, ਮਨੀਸ਼ ਕਪੂਰ, ਰਾਕੇਸ਼ ਚੌਧਰੀ, ਕੇ. ਪੀ. ਰਾਣਾ, ਨਾਨਕ ਚੰਦ ਆਦਿ ਮੌਜੂਦ ਰਹੇ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਵਿਚ ਸਥਾਨਕ ਸਰਾਭਾ ਨਗਰ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਵੀ ਸਦਭਾਵਨਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਪਲਵਿੰਦਰ ਤੱਗੜ, ਸਤਵਿੰਦਰ ਜਵੱਦੀ, ਨਵਨੀਸ਼ ਮਲਹੋਤਰਾ, ਰਾਜਪਾਲ ਗੁਲਾਟੀ, ਕਮਲ ਕ੍ਰਿਸ਼ਨ ਸ਼ਰਮਾ, ਸਾਧੂ ਰਾਮ ਸਿੰਘੀ, ਰਵਿੰਦਰ ਕਟਾਰੀਆ, ਪ੍ਰਿੰਸ ਜੌਹਰ, ਰਵੀ ਵਰਮਾ, ਡਾ. ਉਂਕਾਰ ਚੰਦ ਸ਼ਰਮਾ, ਇੰਦਰਜੀਤ ਕਪੂਰ, ਦੀਪਕ ਹੰਸ, ਮਨੀ ਕੇਵਾ, ਰਾਜਾ ਗੁਰਜੋਤ ਆਦਿ ਮੌਜੂਦ ਸਨ। ਉਧਰ ਮਹਿਲਾ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਲੀਦਾਨ ਦਿਵਸ 'ਤੇ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕੀਤਾ। ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਨੇ ਕਿਹਾ ਕਿ ਆਇਰਨ ਲੇਡੀ ਵਜੋਂ ਪ੍ਰਸਿੱਧ ਇੰਦਰਾ ਗਾਂਧੀ ਨੇ 1971 ਦੇ ਭਾਰਤ-ਪਾਕਿ ਜੰਗ 'ਚ ਫੌਜੀਆਂ ਨੂੰ ਉਤਸ਼ਾਹਿਤ ਕਰ ਕੇ ਦੁਸ਼ਮਣ ਦੇਸ਼ ਦੇ 90 ਹਜ਼ਾਰ ਤੋਂ ਵੱਧ ਫੌਜੀਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ। ਉਸ ਸਮੇਂ ਵਿਰੋਧੀ ਆਗੂ ਮਾਣਯੋਗ ਅਟਲ ਬਿਹਾਰੀ ਵਾਜਪਾਈ ਨੇ ਉਨ੍ਹਾਂ ਦੇ ਹਿੰਮਤੀ ਫੈਸਲੇ ਦਾ ਸਮਰਥਨ ਉਨ੍ਹਾਂ ਨੂੰ ਦੁਰਗਾ ਦੇ ਅਵਤਾਰ ਦਾ ਖਿਤਾਬ ਦੇ ਕੇ ਕੀਤਾ। ਇਸ ਮੌਕੇ ਗੁਰਪ੍ਰੀਤ ਸਿੱਧੂ, ਅਲਕਾ ਮਲਹੋਤਰਾ, ਹਰਦੀਪ ਕੌਰ, ਰਾਧਾ ਸਹਿਗਲ, ਮਨੀਸ਼ਾ ਕਪੂਰ, ਊਸ਼ਾ ਵਿਜ, ਰੰਮੀ ਮੋਮ, ਰੇਨੂ ਠਾਕੁਰ, ਸੁਸ਼ਮਾ ਪੁਰੀ, ਚੰਦਾ ਰਾਣੀ, ਮੋਨਿਕਾ ਰਾਣੀ, ਨੀਲਮ ਡੰਗ ਤੇ ਡਾ. ਗੀਤਾ ਰਾਣੀ ਸਮੇਤ ਹੋਰ ਵੀ ਹਾਜ਼ਰ ਸਨ।