ਪੰਜਾਬ ''ਚ ਗੈਂਗਵਾਰ, ਜਿਮ ਦੇ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ
Thursday, Jun 19, 2025 - 12:55 AM (IST)

ਨਕੋਦਰ (ਪਾਲੀ) - ਨਕੋਦਰ ’ਚ ਸ਼ੰਕਰ ਬਾਈਪਾਸ ਨਹਿਰ ਨੇੜੇ ਜਿਮ ਦੇ ਬਾਹਰ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਗੈਂਗਵਾਰ ਦੌਰਾਨ ਅੰਨ੍ਹੇਵਾਹ ਗੋਲੀਆਂ ਚੱਲਣ ਦੀ ਖਬਰ ਹੈ। ਇਸ ਦੌਰਾਨ ਇਕ ਨੌਜਵਾਨ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ, ਸਿਟੀ ਥਾਣਾ ਮੁਖੀ ਅਮਨ ਸੈਣੀ, ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ। ਪੁਲਸ ਨੇ ਇਕ ਫਾਰਚੂਨਰ ਅਤੇ ਇਕ ਸਵਿਫਟ ਡਿਜ਼ਾਇਰ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਸ਼ੰਕਰ ਬਾਈਪਾਸ ’ਤੇ ਜਿਮ ਦੇ ਬਾਹਰ ਦੋ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਲੜਾਈ ਹੋ ਗਈ। ਇਸ ਦੌਰਾਨ ਇਕ ਫਾਰਚੂਨਰ ’ਚ ਸਵਾਰ ਕੁਝ ਵਿਅਕਤੀਆਂ ਨੇ ਦੂਜੀ ਫਾਰਚੂਨਰ ਅਤੇ ਸਵਿਫਟ ਕਾਰ ’ਚ ਸਵਾਰਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਿਮ ’ਚ ਕੰਮ ਕਰਨ ਵਾਲਾ ਨੌਜਵਾਨ ਬਾਹਰ ਆਇਆ, ਜਿਸ ਨੂੰ ਗੋਲੀ ਲੱਗ ਗਈ। ਇਸੇ ਦੌਰਾਨ ਗੱਡੀ ’ਚ ਸਵਾਰ ਇਕ ਹੋਰ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ।
ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਜਿਮ ’ਚ ਕੰਮ ਕਰਨ ਵਾਲੇ ਲੜਕੇ ਯੋਗਰਾਜ ਵਾਸੀ ਪਿੰਡ ਮਹਿਮੂਵਾਲ ਸ਼ਾਹਕੋਟ ਹਾਲ ਵਾਸੀ ਨਕੋਦਰ ਦੀ ਮੌਤ ਹੋ ਗਈ, ਜਦਕਿ ਦੂਸਰਾ ਜ਼ਖਮੀ ਦਿਲਪ੍ਰੀਤ ਸਿੰਘ ਵਾਸੀ ਪਿੰਡ ਕੰਗ ਸਾਹਬੂ ਇਲਾਜ ਅਧੀਨ ਹੈ।
ਡੀ. ਐੱਸ. ਪੀ. ਨੇ ਕਿਹਾ ਕਿ ਮ੍ਰਿਤਕ ਦੀ ਇਕ 4 ਸਾਲ ਦੀ ਬੱਚੀ ਹੈ, ਉਹ ਪਿਛਲੇ ਕੁਝ ਸਾਲਾਂ ਤੋਂ ਜਿਮ ਵਿਚ ਕੰਮ ਕਰ ਰਿਹਾ ਸੀ। ਆਪਣੇ ਪਰਿਵਾਰ ਨਾਲ ਜਿਮ ਵਿਚ ਰਹਿੰਦਾ ਸੀ। ਪੁਲਸ ਵੱਲੋਂ ਕਬਜ਼ੇ ’ਚ ਲਈ ਫਾਰਚੂਨਰ ਅਤੇ ਸਵਿਫਟ ਡਿਜ਼ਾਇਰ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਸਨ ਤੇ ਦਰਜਨ ਦੇ ਕਰੀਬ ਗੋਲੀਆਂ ਦੇ ਨਿਸ਼ਾਨ ਸਨ।