ਅੱਜ ਤੋਂ ਪੀ. ਏ. ਪੀ. ''ਚ ਹੋਵੇਗਾ ਹਵਾਈ ਫੌਜ ''ਚ ਭਰਤੀ ਦਾ ਟੈਸਟ
Monday, Aug 05, 2019 - 12:15 PM (IST)

ਜਲੰਧਰ (ਪੁਨੀਤ)— 5 ਅਗਸਤ ਤੋਂ ਹਵਾਈ ਫੌਜ 'ਚ ਭਰਤੀ ਦੇ ਟੈਸਟ ਸ਼ੁਰੂ ਹੋ ਰਹੇ ਹਨ। ਪੀ. ਏ. ਪੀ. ਗਰਾਊਂਡ 'ਚ 8 ਅਗਸਤ ਤੱਕ ਚੱਲਣ ਵਾਲੀ ਇਸ ਭਰਤੀ 'ਚ 12 ਜ਼ਿਲਿਆਂ ਨਾਲ ਸਬੰਧਤ ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਵਿਚ ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਰੂਪਨਗਰ, ਮੋਗਾ, ਲੁਧਿਆਣਾ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ, ਬਠਿੰਡਾ ਅਤੇ ਕਪੂਰਥਲਾ ਸ਼ਾਮਲ ਹਨ। ਭਰਤੀ 'ਚ ਉਹੀ ਨੌਜਵਾਨ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦਾ ਜਨਮ 19 ਜੁਲਾਈ, 1999 ਤੋਂ ਲੈ ਕੇ 1 ਜੁਲਾਈ, 2003 ਦੇ 'ਚ ਹੋਇਆ ਹੈ। ਇਸ ਦੇ ਲਈ 12ਵੀ 'ਚ 50 ਫੀਸਦੀ ਅਤੇ ਅੰਗਰੇਜ਼ੀ ਵਿਚ ਵੀ 50 ਫੀਸਦੀ ਅੰਕ ਹੋਣਾ ਲਾਜ਼ਮੀ ਹੈ। ਆਉਣ ਵਾਲੇ ਵਿਅਕਤੀ ਨੂੰ ਆਪਣੀ ਰਿਹਾਇਸ਼ ਦਾ ਪ੍ਰਮਾਣ, ਅਸਲੀ ਸਰਟੀਫਿਕੇਟ ਅਤੇ ਸਾਰੇ ਸਰਟੀਫਿਕੇਟਾਂ ਦੀਆਂ 4-4 ਫੋਟੋ ਕਾਪੀਆਂ ਸਮੇਤ 10 ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਉਣੀਆਂ ਹੋਣਗੀਆਂ।
ਅਧਿਕਾਰੀਆਂ ਨੇ ਕਿਹਾ ਕਿ ਪੀ. ਏ. ਪੀ. ਗਰਾਊਂਡ 'ਚ ਹੋਣ ਵਾਲੀ ਇਸ ਭਰਤੀ 'ਚ 10 ਤੋਂ 12 ਹਜ਼ਾਰ ਪ੍ਰਤੀਭਾਗੀਆਂ ਦੇ ਆਉਣ ਦੀ ਉਮੀਦ ਹੈ। ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕਰ ਰੱਖੀਆਂ ਹਨ ਤਾਂ ਕਿ ਪ੍ਰਤੀਭਾਗੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।