ਭਾਰਤ ’ਚ ਨਜ਼ਰ ਆਇਆ ਪਾਕਿਸਤਾਨੀ ਚੋਣ ਦਾ ਅਸਰ
Thursday, Jul 26, 2018 - 05:55 AM (IST)

ਅੰਮ੍ਰਿਤਸਰ, (ਨੀਰਜ)- ਪਾਕਿਸਤਾਨ ’ਚ ਹੋ ਰਹੀਅਾਂ ਚੋਣ ਦਾ ਅਸਰ ਭਾਰਤੀ ਖੇਮੇ ਵਿਚ ਵੀ ਨਜ਼ਰ ਆ ਰਿਹਾ ਹੈ। ਅੰਤਰਰਾਸ਼ਟਰੀ ਅਟਾਰੀ ਬਾਰਡਰ ’ਤੇ ਬੁੱਧਵਾਰ ਨੂੰ ਆਯਾਤ-ਨਿਰਯਾਤ ਬੰਦ ਰਿਹਾ ਕਿਉਂਕਿ ਪਾਕਿਸਤਾਨ ’ਚ ਮਤਦਾਨ ਕਾਰਨ ਉਥੋਂ ਦੀਅਾਂ ਸਮੂਹ ਵਪਾਰਕ ਐਸੋਸੀਏਸ਼ਨਾਂ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਇਸ ਤੋਂ ਇਲਾਵਾ ਪਾਕਿ ਕਸਟਮ ਤੇ ਹੋਰ ਵਿਭਾਗ ਵੀ ਬੰਦ ਰਹੇ, ਜਿਸ ਨਾਲ ਟਰੱਕਾਂ ਦਾ ਆਉਣਾ-ਜਾਣਾ ਨਹੀਂ ਹੋ ਸਕਿਆ। ਸਿਰਫ ਬੁੱਧਵਾਰ ਨੂੰ ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਚੋਣ ਗਤੀਵਿਧੀਆਂ ਕਾਰਨ ਆਈ. ਸੀ. ਪੀ. ’ਤੇ ਆਯਾਤ-ਨਿਰਯਾਤ ਪਿਛਲੇ 2 ਹਫ਼ਤਿਅਾਂ ਤੋਂ ਮੱਧਮ ਚੱਲ ਰਿਹਾ ਸੀ।
ਪਾਕਿਸਤਾਨੀ ਚੋਣ ਦਾ ਜੋ ਵੀ ਨਤੀਜਾ ਆਉਂਦਾ ਹੈ ਉਸ ਦਾ ਸਿੱਧਾ ਅਸਰ ਭਾਰਤ-ਪਾਕਿ ਕਾਰੋਬਾਰ ’ਤੇ ਪਵੇਗਾ। ਪਾਕਿਸਤਾਨੀ ਕੱਟਡ਼ਪੰਥੀ ਜਾਂ ਸੈਨਾ ਸੱਤਾ ’ਚ ਆਉਂਦੀ ਹੈ ਤਾਂ ਭਾਰਤ-ਪਾਕਿ ਕਾਰੋਬਾਰ ’ਤੇ ਸਿੱਧਾ ਅਸਰ ਦਿਸੇਗਾ ਕਿਉਂਕਿ ਕੱਟਡ਼ਪੰਥੀ ਕਦੇ ਵੀ ਭਾਰਤ ਨਾਲ ਕਾਰੋਬਾਰ ਕਰਨ ਦੀ ਹਮਾਇਤ ਨਹੀਂ ਕਰਦੇ। ਮੁੱਖ ਰੂੁਪ ’ਚ ਅੱਤਵਾਦੀ ਹਾਫਿਜ਼ ਸਈਦ ਜੇਕਰ ਕਿੰਗਮੇਕਰ ਬਣਦਾ ਹੈ ਤਾਂ ਆਈ. ਸੀ. ਪੀ. ਅਟਾਰੀ ਤੇ ਭਾਰਤ-ਪਾਕਿ ਵਿਚ ਹੋਣ ਵਾਲਾ ਆਯਾਤ-ਨਿਰਯਾਤ ਬਿਲਕੁਲ ਬੰਦ ਹੋ ਜਾਵੇਗਾ ਤੇ ਲਡ਼ਾਈ ਦੇ ਵੀ ਹਾਲਾਤ ਬਣ ਸਕਦੇ ਹਨ। ਹਾਫਿਜ਼ ਵੱਲੋਂ ਆਪਣੇ 70 ਦੇ ਕਰੀਬ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਸਿਰਫ ਭਾਰਤ-ਪਾਕਿ ਕਾਰੋਬਾਰ ਹੀ ਨਹੀਂ ਸਗੋਂ ਸਮਝੌਤਾ ਐਕਸਪ੍ਰੈੱਸ ਤੇ ਦੋਸਤੀ ਬੱਸਾਂ ਦਾ ਆਉਣਾ-ਜਾਣਾ ਵੀ ਰੁਕ ਜਾਵੇਗਾ ਕਿਉਂਕਿ ਹਾਫਿਜ਼ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਤੇ ਲਸ਼ਕਰ ਵੱਲੋਂ ਕਈ ਵਾਰ ਸਮਝੌਤਾ ਐਕਸਪ੍ਰੈੱਸ ਅਤੇ ਦੋਸਤੀ ਬੱਸਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ।
ਕੱਟਡ਼ਪੰਥੀਆਂ ਦੇ ਦਬਾਅ ’ਚ ਪਹਿਲਾਂ ਹੀ ਬੰਦ ਹੋ ਚੁੱਕਾ ਹੈ ਪਾਕਿਸਤਾਨ ਨੂੰ ਐਕਸਪੋਰਟ : ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਹੋਣ ਵਾਲੇ ਭਾਰਤ-ਪਾਕਿ ਕਾਰੋਬਾਰ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨੀ ਕੱਟਡ਼ਪੰਥੀਆਂ ਦੇ ਦਬਾਅ ’ਚ ਪਹਿਲਾਂ ਹੀ ਇਸ ਸਮੇਂ ਇਕ ਪਾਸੇ ਕਾਰੋਬਾਰ ਚੱਲ ਰਿਹਾ ਹੈ। ਭਾਰਤੀ ਵਪਾਰੀਆਂ ਵੱਲੋਂ ਪਾਕਿਸਤਾਨ ਨੂੰ ਟਮਾਟਰ, ਪਿਆਜ਼, ਸੋਇਆਬੀਨ, ਕਾਤਰ ਤੇ ਹੋਰ ਪੈਰੀਸ਼ੇਬਲ ਗੁੱਡਸ ਦਾ ਭਾਰੀ ਮਾਤਰਾ ਵਿਚ ਐਕਸਪੋਰਟ ਕੀਤਾ ਜਾਂਦਾ ਸੀ ਪਰ ਪਾਕਿਸਤਾਨ ਸਰਕਾਰ ਨੇ ਆਪਣੇ ਪਲਾਂਟ ਕੁਰੀਨਟੀਨ ਵਿਭਾਗ ਦੀ ਆਡ਼ ਲੈ ਕੇ ਭਾਰਤ ਵੱਲੋਂ ਪਾਕਿਸਤਾਨ ਨੂੰ ਕੀਤਾ ਜਾਣ ਵਾਲਾ ਐਕਸਪੋਰਟ ਬੰਦ ਕਰਵਾ ਦਿੱਤਾ। ਇਥੋਂ ਤੱਕ ਕਿ ਇਕ ਪਾਕਿਸਤਾਨੀ ਮੰਤਰੀ ਦਾ ਬਿਆਨ ਸੀ ਕਿ ਉਹ 100 ਰੁਪਏ ਕਿਲੋ ਟਮਾਟਰ ਲੈ ਲੈਣਗੇ ਪਰ 20 ਰੁਪਏ ਕਿਲੋ ਭਾਰਤੀ ਟਮਾਟਰ ਆਯਾਤ ਨਹੀਂ ਕਰਨਗੇ। ਮੌਜੂਦਾ ਸਮੇਂ ਵਿਚ ਪਾਕਿਸਤਾਨ ਤੋਂ ਜਿਪਸਮ, ਸੀਮੈਂਟ, ਰਾਕ ਸਾਲਟ, ਡਰਾਈਫਰੂਟ ਦਾ ਹੀ ਇਕ ਪਾਸੇ ਆਯਾਤ ਹੋ ਰਿਹਾ ਹੈ, ਜਦੋਂ ਕਿ ਪਾਕਿਸਤਾਨ ਚਾਹੇ ਤਾਂ ਭਾਰਤ ਨੂੰ ਮੋਸਟ ਫੇਵਰਟ ਨੈਸ਼ਨ ਦਾ ਦਰਜਾ ਦੇ ਸਕਦਾ ਹੈ ਅਤੇ ਭਾਰਤੀ ਵਪਾਰੀ ਪਾਕਿਸਤਾਨ ਦੀ ਹਰ ਲੋਡ਼ ਨੂੰ ਪੂਰਾ ਕਰ ਸਕਦੇ ਹਨ।
ਕੱਟਡ਼ਪੰਥੀ ਉਭਰੇ ਤਾਂ ਹੋਰ ਵੱਧ ਜਾਵੇਗੀ ਕੁਡ਼ੱਤਣ : ਪਾਕਿਸਤਾਨ ’ਚ ਕਾਰੋਬਾਰ ਨੂੰ ਸਮਰਥਨ ਕਰਨ ਵਾਲੀ ਸਰਕਾਰ ਹੀ ਬਣਨੀ ਚਾਹੀਦੀ ਹੈ, ਜੋ ਲੋਕਤੰਤਰਿਕ ਪ੍ਰਕਿਰਿਆ ਵਿਚ ਵਿਸ਼ਵਾਸ ਰੱਖਦੀ ਹੋਵੇ। ਪਹਿਲਾਂ ਹੀ ਪਾਕਿਸਤਾਨ ਦੀਅਾਂ ਗਲਤ ਨੀਤੀਆਂ ਕਾਰਨ ਇਕ ਪਾਸੇ ਕਾਰੋਬਾਰ ਚੱਲ ਰਿਹਾ ਹੈ। ਪਾਕਿਸਤਾਨ ਨੂੰ ਐਕਸਪੋਰਟ ਬਿਲਕੁਲ ਬੰਦ ਹੋ ਚੁੱਕਾ ਹੈ, ਜੇਕਰ ਪਾਕਿਸਤਾਨ ’ਚ ਕੱਟਡ਼ਪੰਥੀ ਉਭਰੇ ਤਾਂ ਦੋਵਾਂ ਦੇਸ਼ਾਂ ਵਿਚ ਕੁਡ਼ੱਤਣ ਹੋਰ ਜ਼ਿਆਦਾ ਵੱਧ ਜਾਵੇਗੀ।