9 ਸਾਲ ਦੇ ਬੱਚੇ ਨੇ 2 ਵੈੱਬਸਾਈਟਾਂ ਬਣਾ ਕੇ 'ਇੰਡੀਆ ਬੁੱਕ ਆਫ ਰਿਕਾਰਡ' 'ਚ ਦਰਜ ਕਰਵਾਇਆ ਨਾਂ

Thursday, Feb 06, 2020 - 05:53 PM (IST)

ਜਲੰਧਰ— ਜਲੰਧਰ ਦੇ ਰਹਿਣ ਵਾਲੇ ਇਕ 9 ਸਾਲਾ ਬੱਚੇ ਨੇ ਦੋ ਵੈੱਬਸਾਈਟਾਂ ਬਣਾ ਕੇ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ ਹੈ। ਜਲੰਧਰ ਦਾ ਰਹਿਣ ਵਾਲਾ ਮਿਧਾਂਸ਼ ਕੁਮਾਰ ਗੁਪਤਾ ਸੈਂਟ ਜੋਸੈਫ ਸਕੂਲ 'ਚ ਫਾਰ ਬੁਆਏਜ਼ 'ਚ ਚੌਥੀ ਜਮਾਤ 'ਚ ਪੜ੍ਹਦਾ ਹੈ। ਉਸ ਨੇ ਦੋ ਵੱਖ-ਵੱਖ ਵੈੱਬਸਾਈਟਾਂ ਲਾਂਚ ਕਰਕੇ ਜਲੰਧਰ ਸਮੇਤ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਮਿਧਾਂਸ਼ ਨੇ ਆਪਣੀ ਪਹਿਲੀ ਵੈੱਬਸਾਈਟ ਹੁਸ਼ਿਆਰਪੁਰ ਦੇ ਇਕ ਸਰਕਾਰੀ ਸਕੂਲ ਲਈ ਡਿਵੈਲਪ ਕੀਤੀ ਸੀ। ਦੂਜੀ ਵੈੱਬਸਾਈਟ ਪਿਛਲੇ ਸਾਲ ਮਈ ਦੇ ਮਹੀਨੇ 'ਚ ਵਿਕਸਤ ਕੀਤੀ, ਜਿਸ ਦਾ ਸਿਹਰਾ ਉਸ ਨੇ ਕੌਮਾਂਤਰੀ ਯੋਗਾ ਦਿਵਸ ਨੂੰ ਦਿੱਤਾ। 

ਮਿਧਾਂਸ਼ ਵੱਲੋਂ ਡਿਵੈਲਪ ਕੀਤੀ ਗਈ ਵੈੱਬਸਾਈਟ ਦਾ ਨਾਂ 21stjune.com ਰੱਖਿਆ ਗਿਆ ਹੈ, ਜਿਸ 'ਚ ਉਸ ਨੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਹੈ। ਉਸ ਨੇ ਵੈੱਬਸਾਈਟ 'ਚ ਕਈ ਯੋਗਾ ਆਸਨ ਵੀ ਦਿਖਾਏ ਹਨ। ਇਹ ਵੈੱਬਸਾਈਟ 21 ਜੂਨ 2019 ਨੂੰ ਸਾਬਕਾ ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਤੋਂ ਲਾਂਚ ਕੀਤੀ ਸੀ। 

ਮਿਧਾਂਸ਼ ਦੇ ਪਿਤਾ ਸੰਦੀਪ ਕੁਮਾਰ ਗੁਪਤਾ ਇਕ ਵੈੱਬਸਾਈਟ ਡਿਵੈੱਲਪਮੈਂਟ ਕੰਪਨੀ ਚਲਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮਿਧਾਂਸ਼ 6 ਸਾਲ ਦਾ ਸੀ ਤਾਂ ਉਦੋਂ ਤੋਂ ਹੀ ਉਸ ਦੀ ਦਿਲਚਸਪੀ ਵੈੱਬਸਾਈਟ ਬਣਾਉਣ 'ਚ ਸ਼ੁਰੂ ਹੋ ਗਈ ਸੀ। ਆਪਣੀਆਂ ਗੇਮਾਂ ਅਤੇ ਹੋਰ ਸੰਗ੍ਰਿਹ ਨੂੰ ਸਟੋਰ ਕਰਨ ਲਈ ਵੈੱਬਸਾਈਟ ਲਾਂਚ ਕਰਦਾ ਰਹਿੰਦਾ ਸੀ। ਵੱਖ-ਵੱਖ ਸਾਫਟਵੇਅਰਾਂ ਦੀਆਂ ਸਾਰੀਆਂ ਤਕਨੀਕੀ ਸ਼ਰਤਾਂ ਤੋਂ ਖੁਦ ਨੂੰ ਜਾਣੂ ਕਰਵਾਉਣ ਤੋਂ ਬਾਅਦ ਮਿਧਾਂਸ਼ ਕਿਸੇ ਵੀ ਵੈੱਬਸਾਈਟ ਨੂੰ ਬਣਾਉਣ 'ਚ ਸਫਲ ਰਿਹਾ। ਉਸ ਨੇ ਹਰਿਆਣਾ ਚੋਣਾਂ ਦੌਰਾਨ ਵੈੱਬਸਾਈਟ ਦੇ ਵਿਕਾਸ 'ਚ ਵੀ ਆਪਣਾ ਯੋਗਦਾਨ ਦਿੱਤਾ ਹੈ। ਪਿਤਾ ਸੰਦੀਪ ਨੇ ਦੱਸਿਆ ਕਿ ਮਿਧਾਂਸ਼ ਉਨ੍ਹਾਂ ਦੀ ਕੰਪਨੀ 'ਚ ਜੂਨੀਅਰ ਕਾਰਜਕਾਰੀ ਅਧਿਕਾਰੀ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ। 30 ਜਨਵਰੀ 2020 ਨੂੰ ਇੰਡੀਆ ਬੁੱਕ ਆਫ ਰਿਕਾਰਡਸ 'ਚ ਆਪਣਾ ਨਾਂ ਦਰਜ ਹੋਣ ਤੋਂ ਬਾਅਦ ਉਸ ਨੂੰ ਸਰਟੀਫਿਕੇਟ ਵੀ ਮਿਲਿਆ।


shivani attri

Content Editor

Related News