ਨਾਭਾ ਜੇਲ ਬ੍ਰੇਕ ਮਾਮਲੇ ’ਚ ਰੋਮੀ ਦੀ ਹਵਾਲਗੀ ਬਾਰੇ ਭਾਰਤ ਦੀ ਬੇਨਤੀ ਪ੍ਰਵਾਨ

Wednesday, Nov 20, 2019 - 01:11 AM (IST)

ਨਾਭਾ ਜੇਲ ਬ੍ਰੇਕ ਮਾਮਲੇ ’ਚ ਰੋਮੀ ਦੀ ਹਵਾਲਗੀ ਬਾਰੇ ਭਾਰਤ ਦੀ ਬੇਨਤੀ ਪ੍ਰਵਾਨ

ਚੰਡੀਗਡ਼੍ਹ (ਰਮਨਜੀਤ)- ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਾਂਝੇ ਯਤਨਾਂ ਸਦਕਾ ਹਾਂਗਕਾਂਗ ਦੀ ਅਦਾਲਤ ਨੇ ਨਾਭਾ ਜੇਲ ਤੋਡ਼ਣ ਦੇ ਮੁੱਖ ਸਾਜ਼ਿਸ਼ਕਾਰ ਅਤੇ ਹੋਰ ਕਈ ਵੱਡੇ ਅਪਰਾਧਾਂ ’ਚ ਸ਼ਾਮਲ ਭਗੌਡ਼ੇ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਵਾਲਗੀ ਦੇ ਹੱਕ ’ਚ ਫੈਸਲਾ ਸੁਣਾਇਆ ਹੈ। ਇਹ ਭਗੌਡ਼ਾ ਨਸ਼ਿਆਂ ਦੇ ਕਾਰੋਬਾਰ ਦੀ ਵੱਡੀ ਮੱਛੀ ਹੈ ਜੋ 27 ਨਵੰਬਰ, 2016 ਨੂੰ ਅਤਿ ਸੁਰੱਖਿਅਤ ਨਾਭਾ ਜੇਲ ਨੂੰ ਤੋਡ਼ਣ ’ਚ ਸਾਜਿਸ਼ ਘਡ਼ਣ ਵਰਗੇ ਘਿਨਾਉਣੇ ਜੁਰਮਾਂ ਦੇ ਮਾਮਲਿਆਂ ’ਚ ਲੋਡ਼ੀਂਦਾ ਹੈ। ਉਸ ਨੂੰ ਵੱਖ-ਵੱਖ ਬੈਂਕਾਂ ਦੇ ਸਰਗਰਮ ਨਾ ਹੋਣ ਵਾਲੇ ਖਾਤਿਆਂ ਦੇ ਡਾਟੇ ’ਤੇ ਅਧਾਰਿਤ ਜਾਅਲੀ ਕ੍ਰੈਡਿਟ ਕਾਰਡ ਬਣਾਉਣ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਸਬੰਧ ’ਚ ਪੁਲਸ ਥਾਣਾ ਕੋਤਵਾਲੀ ’ਚ ਦਰਜ ਐਫ.ਆਈ.ਆਰ. 60/16 ’ਚ ਜੂਨ, 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਗਸਤ, 2016 ’ਚ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਜ਼ਮਾਨਤੀ ਹੁਕਮਾਂ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਤੋਂ ਬਾਅਦ ਉਹ ਹਾਂਗਕਾਂਗ ਨੂੰ ਫਰਾਰ ਹੋ ਗਿਆ ਸੀ।

ਇਕ ਬੁਲਾਰੇ ਨੇ ਦੱਸਿਆ ਕਿ ਰਮਨਜੀਤ ਉਰਫ਼ ਰੋਮੀ ਖਿਲਾਫ਼ ਹਵਾਲਗੀ ਦੀ ਕਾਰਵਾਈ ਸਾਲ 2018 ’ਚ ਸ਼ੁਰੂ ਕੀਤੀ ਗਈ ਜਦੋਂ ਉਸ ਨੂੰ ਹਾਂਗਕਾਂਗ ’ਚ ਗ੍ਰਿਫਤਾਰ ਕੀਤਾ ਗਿਆ ਸੀ। ਜੂਨ, 2018 ’ਚ ਕੇਸ ਦੀ ਪੈਰਵੀ ਕਰਨ ਲਈ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਗੁਰਮੀਤ ਸਿੰਘ ਚੌਹਾਨ, ਹਰਵਿੰਦਰ ਸਿੰਘ ਵਿਰਕ ਅਤੇ ਜ਼ਿਲਾ ਅਟਾਰਨੀ ਸੰਜੀਵ ਗੁਪਤਾ ’ਤੇ ਆਧਾਰਤ ਟੀਮ ਹਾਂਗਕਾਂਗ ਗਈ ਅਤੇ ਕੋਤਵਾਲੀ ਨਾਭਾ ਵਿਖੇ ਦਰਜ ਵੱਖ-ਵੱਖ ਮਾਮਲਿਆਂ ’ਚ ਭਗੌਡ਼ੇ ਦੀ ਆਰਜ਼ੀ ਗ੍ਰਿਫਤਾਰੀ ਸੁਰੱਖਿਅਤ ਬਣਾਈ।

ਰੋਮੀ ਦੀ ਹਵਾਲਗੀ ਅਤਿ ਲੋਡ਼ੀਂਦੀ ਹੋਣ ਦਾ ਜ਼ਿਕਰ ਕਰਦਿਆਂ ਪੰਜਾਬ ਪੁਲਸ ਨੇ ਦੱਸਿਆ ਕਿ ਜਾਂਚ ਅਤੇ ਮਿੰਟੂ ਸਮੇਤ ਗ੍ਰਿਫਤਾਰ ਵਿਅਕਤੀਆਂ ਦੀ ਪੁੱਛਗਿੱਛ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਮੁੱਖ ਸਾਜ਼ਿਸ਼ਕਰਤਾ ਰੋਮੀ ਸੀ ਜਿਸ ਨੇ ਅਤਿ ਸੁਰੱਖਿਅਤ ਨਾਭਾ ਜੇਲ ’ਤੇ ਹਮਲੇ ਲਈ ਤਾਲਮੇਲ ਕਾਇਮ ਕੀਤਾ ਅਤੇ ਜੇਲ ਤੋਡ਼ਣ ਤੋਂ ਬਾਅਦ ਭੱਜਣ ਵਾਲੇ ਅਪਰਾਧੀਆਂ ਨੂੰ ਵਿੱਤੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਈ। ਸੂਬੇ ਦੀ ਪੁਲਿਸ ਨੇ ਇਹ ਵੀ ਦੱਸਿਆ ਕਿ ਰੋਮੀ ਅਜੇ ਵੀ ਭਗੌਡ਼ਾ ਹੈ ਅਤੇ ਹਾਂਗਕਾਂਗ ਵਿੱਚ ਰਹਿ ਰਿਹਾ ਹੈ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਜਿਸ ਕਰਕੇ ਉਹ ਕੌਮੀ ਸੁਰੱਖਿਆ ਲਈ ਖਤਰਾ ਹੈ ਅਤੇ ਉਸ ਨੂੰ ਫੌਰੀ ਤੌਰ ’ਤੇ ਗ੍ਰਿਫਤਾਰ ਕਰਨ ਦੀ ਜ਼ਰੂਰਤ ਹੈ।


author

Sunny Mehra

Content Editor

Related News