ਭਾਰਤ ਦੇ ਰਾਸ਼ਟਰਪਤੀ ਵਲੋਂ 15 ਸੀਨੀਅਰ ਸਿਟੀਜ਼ਨਜ਼ ਸਨਮਾਨਤ

Sunday, Oct 06, 2019 - 10:04 AM (IST)

ਭਾਰਤ ਦੇ ਰਾਸ਼ਟਰਪਤੀ ਵਲੋਂ 15 ਸੀਨੀਅਰ ਸਿਟੀਜ਼ਨਜ਼ ਸਨਮਾਨਤ

ਸ੍ਰੀ ਮੁਕਤਸਰ ਸਾਹਿਬ (ਦਰਦੀ) - ਕੇਂਦਰੀ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਦਿੱਲੀ ਦੇ ਵਿਗਿਆਨ ਭਵਨ 'ਚ ਇਕ ਦਿਨ ਦਾ ਤਕਨੀਕੀ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕੇਂਦਰੀ ਕੈਬਨਿਟ ਮੰਤਰੀ ਥਾਵਰ ਚੰਦ ਗਹਿਲੋਤ ਨੇ ਕੀਤੀ। ਇਸ ਮੌਕੇ ਨੀਲਮ ਸਾਹਨੀ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ, ਵਧੀਕ ਸਕੱਤਰ ਅਤੇ ਵਿਭਾਗ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਦੇਸ਼ ਦੇ ਰਾਜਾਂ ਆਂਧਰਾ ਪ੍ਰਦੇਸ਼, ਬੰਗਲੁਰੂ, ਓਡਿਸ਼ਾ, ਮਹਾਰਾਸ਼ਟਰ, ਹਰਿਆਣਾ, ਰਾਜਸਥਾਨ ਅਤੇ ਪੰਜਾਬ ਤੋਂ ਵੱਖ-ਵੱਖ ਐੱਨ. ਜੀ. ਓਜ਼ ਨੇ ਹਿੱਸਾ ਲਿਆ। ਇਸ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਦਿਨੋ-ਦਿਨ ਦੇਸ਼ 'ਚ ਬਜ਼ੁਰਗਾਂ ਦੀ ਵਧ ਰਹੀ ਗਿਣਤੀ, ਉਨ੍ਹਾਂ ਦੇ ਬੱਚਿਆਂ ਵਲੋਂ ਵਿਦੇਸ਼ਾਂ 'ਚ ਰਿਹਾਇਸ਼ ਕਰ ਲੈਣ ਤੇ ਬਜ਼ੁਰਗਾਂ ਦੀ ਘਟ ਰਹੀ ਸੰਭਾਲ ਦੇਸ਼ ਲਈ ਚੁਣੌਤੀ ਬਣ ਚੁੱਕੀ ਹੈ।

ਸਕੱਤਰ ਨੀਲਮ ਸਾਹਨੀ ਨੇ ਵਧ ਰਹੇ ਬਜ਼ੁਰਗਾਂ ਦੇ ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਜ਼ੁਰਗਾਂ ਦੀ ਗਿਣਤੀ, ਜੋ ਸਾਲ 2011 'ਚ 10.38 ਕਰੋੜ ਸੀ, ਵਧ ਕੇ ਸਾਲ 2026 ਤੱਕ 17.3 ਕਰੋੜ ਤੇ 2050 ਤੱਕ 30 ਕਰੋੜ ਤੱਕ ਪੁੱਜ ਜਾਣ ਦਾ ਅੰਦਾਜ਼ਾ ਹੈ। ਇਸ ਵਧ ਰਹੀ ਆਬਾਦੀ ਲਈ ਹਰ ਤਰ੍ਹਾਂ ਦੀ ਮਦਦ ਜਿਵੇਂ ਖਾਣ-ਪੀਣ, ਸਿਹਤ ਅਤੇ ਰਹਿਣ ਦੇ ਪ੍ਰਬੰਧ ਕਰਨੇ ਸਰਕਾਰ ਲਈ ਇਕ ਚੁਣੌਤੀ ਹੈ, ਜੋ ਐੱਨ. ਜੀ. ਓਜ਼ ਦੀ ਮਦਦ ਨਾਲ ਸੰਭਵ ਹੈ। ਇਸ ਸੈਸ਼ਨ 'ਚ ਜ਼ਿਲਾ ਮੁਕਤਸਰ ਤੋਂ ਬਿਰਧ ਆਸ਼ਰਮ ਮੁਕਤਸਰ ਦੇ ਤਿੰਨ ਨੁਮਾਇੰਦੇ ਕ੍ਰਿਸ਼ਨ ਕੁਮਾਰ ਤੇਰੀਆ, ਜਗਪ੍ਰੀਤ ਛਾਬੜਾ, ਸਰਬਜੀਤ ਸਿੰਘ ਦਰਦੀ ਬਤੌਰ ਡੈਲੀਗੇਟ ਸ਼ਾਮਲ ਹੋਏ। ਸੈਸ਼ਨ ਦੇ ਅੰਤ 'ਚ ਭਾਰਤ ਦੇ ਰਾਸ਼ਟਰਪਤੀ ਵਲੋਂ 15 ਸੀਨੀਅਰ ਸਿਟੀਜਨਜ਼ ਨੂੰ ਉਨ੍ਹਾਂ ਵਲੋਂ ਵੱਖ-ਵੱਖ ਖੇਤਰਾਂ 'ਚ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਸ਼ਟਰਪਤੀ ਜੀ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਂ-ਬਾਪ ਦੀ ਸੇਵਾ ਸੰਭਾਲ ਕਰਨ ਦੀ ਪ੍ਰੇਰਨਾ ਵੀ ਦਿੱਤੀ।


author

rajwinder kaur

Content Editor

Related News