ਆਜ਼ਾਦੀ ਦਿਹਾੜੇ ਦੇ ਸਮਾਰੋਹ 'ਚ 'ਕਾਲੇ ਰੰਗ' ਨੂੰ ਲੈ ਕੇ ਚੌਕੰਨਾ ਹੋਇਆ ਵਿਭਾਗ, ਪੜ੍ਹੋ ਪੂਰੀ ਖ਼ਬਰ
Monday, Aug 14, 2023 - 11:05 AM (IST)
ਲੁਧਿਆਣਾ (ਵਿੱਕੀ) : ਮੰਗਲਵਾਰ ਨੂੰ ਆਜ਼ਾਦੀ ਦਿਹਾੜੇ ਦੇ ਮਕਸਦ ਨਾਲ ਐੱਸ. ਸੀ. ਡੀ. ਸਰਕਾਰੀ ਕਾਲਜ ਦੇ ਮੈਦਾਨ 'ਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਰੋਹ 'ਚ ਕਾਲੇ ਰੰਗ ਨੂੰ ਲੈ ਕੇ ਸਿੱਖਿਆ ਵਿਭਾਗ ਬੇਹੱਦ ਚੌਕੰਨਾ ਦਿਖਾਈ ਦੇ ਰਿਹਾ ਹੈ। ਇਹੀ ਵਜ੍ਹਾ ਹੈ ਕਿ ਡੀ. ਈ. ਓ. ਸੈਕੰਡਰੀ ਡਿੰਪਲ ਮਦਾਨ ਨੇ ਇਕ ਮੈਸੇਜ ਦੇ ਜ਼ਰੀਏ ਸਮਾਰੋਹ ’ਚ ਆਉਣ ਵਾਲੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੀ ਕਾਲੇ ਰੰਗ ਦੀ ਡਰੈੱਸ 'ਚ ਆਉਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇਹ ਸੁਝਾਅ ਪਹਿਲੀ ਵਾਰ ਦਿੱਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਹੋਏ ਸਰਕਾਰੀ ਸਮਾਰੋਹਾਂ ’ਚ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਕਾਲੇ ਰੰਗ ਦੀ ਡਰੈੱਸ ਪਾ ਕੇ ਸਮਾਰੋਹ 'ਚ ਨਾ ਆਉਣ ਦੇ ਸੁਝਾਅ ਦਿੱਤੇ ਜਾਂਦੇ ਰਹੇ ਹਨ।
ਇਹ ਜਾਣਕਾਰੀ ਮੁਤਾਬਕ 15 ਅਗਸਤ ਨੂੰ ਹੋਣ ਵਾਲੇ ਸਰਕਾਰੀ ਸਮਾਰੋਹ ’ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤਿਰੰਗਾ ਲਹਿਰਾਉਣਗੇ, ਜਿਸ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਲਾਕਾਰ ਸੱਭਿਆਚਾਰਕ ਅਤੇ ਦੇਸ਼ ਭਗਤੀ ’ਤੇ ਆਧਾਰਿਤ ਪ੍ਰੋਗਰਾਮ ਪੇਸ਼ ਕਰਨਗੇ। ਸਮਾਰੋਹ ’ਚ ਕਿਤੇ ਕੋਈ ਸਮੱਸਿਆ ਨਾ ਆਵੇ, ਇਸ ਦੇ ਲਈ ਡੀ. ਈ. ਓ. ਮਦਾਨ ਆਪਣੇ ਅਧਿਕਾਰੀਆਂ ਨਾਲ ਸੰਪਰਕ ’ਚ ਹਨ ਅਤੇ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਫੇਰਬਦਲ ਦੇ ਚਰਚੇ, ਇਸ ਜ਼ਿਲ੍ਹੇ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਗਰੁੱਪ ’ਚ ਸ਼ਾਮਲ ਨਾ ਹੋਵੇ ਕੋਈ ਬਾਹਰੀ ਵਿਅਕਤੀ
ਡੀ. ਈ. ਓ. ਵਲੋਂ ਜਾਰੀ ਉਕਤ ਮੈਸੇਜ ’ਚ ਡਿਊਟੀ ’ਤੇ ਆਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਕਿ ਸਮਾਰੋਹ ’ਚ ਆਉਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਕੋਈ ਵੀ ਬਾਹਰੀ ਵਿਅਕਤੀ ਗਰੁੱਪ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਜੇਕਰ ਇਸ ਤਰ੍ਹਾਂ ਦਾ ਕੋਈ ਵਿਅਕਤੀ ਕਿਸੇ ਗਰੁੱਪ ’ਚ ਸ਼ਾਮਲ ਹੋਵੇ ਤਾਂ ਇਸ ਦੀ ਸੂਚਨਾ ਤੁਰੰਤ ਉਨ੍ਹਾਂ ਦੇ ਧਿਆਨ ’ਚ ਲਿਆਂਦੀ ਜਾਵੇ। ਡੀ. ਈ. ਓ. ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਕੋਲ ਕੋਈ ਇਤਰਾਜ਼ਯੋਗ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਕੋਲ ਸਿੱਖਿਆ ਵਿਭਾਗ ਜਾਂ ਸਕੂਲ ਵਲੋਂ ਜਾਰੀ ਕੀਤੇ ਗਏ ਸ਼ਨਾਖਤੀ ਕਾਰਡ ਹੋਣੇ ਜ਼ਰੂਰੀ ਹਨ।
ਇਨ੍ਹਾਂ ਗੇਟਾਂ ਤੋਂ ਹੋਵੇਗੀ ਐਂਟਰੀ
ਡੀ. ਈ. ਓ. ਨੇ ਦੱਸਿਆ ਕਿ ਸਮਾਰੋਹ ’ਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਐਂਟਰੀ ਬੱਸ ਸਮੇਤ ਹੀ ਗੇਟ ਨੰਬਰ-2 ਅਤੇ ਹੋਰ ਗੈਦਰਿੰਗ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਐਂਟਰੀ ਗੇਟ ਨੰਬਰ-6 ਤੋਂ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ