ਆਜ਼ਾਦੀ ਦਿਹਾੜੇ ਤੇ ਜਨਮ ਅਸ਼ਟਮੀ ਸਬੰਧੀ ਸੁਰੱਖਿਆ ਪ੍ਰਬੰਧ ਸਖਤ

Tuesday, Aug 15, 2017 - 12:36 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ 'ਤੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਘਟਨਾ ਨੂੰ ਰੋਕਣ ਅਤੇ ਖ਼ੇਤਰ 'ਚ ਅਮਨ-ਸ਼ਾਂਤੀ ਦੀ ਵਿਵਸਥਾ ਬਣਾਏ ਰੱਖਣ ਦੇ ਲਈ ਜ਼ਿਲਾ ਪੁਲਸ ਵੱਲੋਂ 6 ਸਪੈਸ਼ਲ ਅਤੇ 12 ਰੁਟੀਨ ਨਾਕੇ ਲਾਉਣ ਤੋਂ ਇਲਾਵਾ ਰੈਪਿਡ ਰੂਰਲ ਪੁਲਸ ਰਿਸਪੌਂਸ ਸਿਸਟਮ ਦੀਆਂ 5 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ 24 ਘੰਟੇ ਖ਼ੇਤਰ 'ਚ ਗਸ਼ਤ ਕਰ ਰਹੀਆਂ ਹਨ। ਇਹ ਜਾਣਕਾਰੀ ਐੱਸ.ਪੀ.(ਐੱਚ) ਜਸਵੀਰ ਰਾਏ ਨੇ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਹੈੱਡਕਵਾਰਟਰ ਨਵਾਂਸ਼ਹਿਰ ਸਮੇਤ ਪੂਰੇ ਜ਼ਿਲੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। 
ਨਵਾਂਸ਼ਹਿਰ 'ਚ ਲਾਏ ਗਏ 6 ਸਪੈਸ਼ਲ ਨਾਕੇ- ਐੱਸ. ਪੀ. ਰਾਏ ਨੇ ਦੱਸਿਆ ਕਿ ਨਵਾਂਸ਼ਹਿਰ 'ਚ ਚੰਡੀਗੜ੍ਹ ਚੌਕ, ਬਰਨਾਲਾ ਚੌਕ, ਬਰਨਾਲਾ ਗੇਟ, ਸੁਖਮਨੀ ਹਸਪਤਾਲ, ਬੰਗਾ ਰੋਡ ਤੇ ਰੇਲਵੇ ਕ੍ਰਾਸਿੰਗ ਅਤੇ ਖਟਕੜ ਕਲਾਂ 'ਚ ਵਿਸ਼ੇਸ਼ ਨਾਕੇ ਲਾਏ ਗਏ ਹਨ। ਇਸੇ ਤਰ੍ਹਾਂ ਸਿਟੀ ਥਾਣਾ ਨਵਾਂਸ਼ਹਿਰ ਵੱਲੋਂ ਅੰਬੇਡਕਰ ਚੌਕ, ਸਦਰ ਥਾਣਾ ਵੱਲੋਂ ਅੱਡਾ ਕਟਾਰੀਆ, ਕਾਹਮਾ, ਕੋਨਾਨ ਬ੍ਰਿਜ, ਸਿਟੀ ਥਾਣਾ ਬੰਗਾ ਵੱਲੋਂ ਪੂਨੀਆ ਫਾਟਕ, ਸਦਰ ਥਾਣਾ ਬੰਗਾ ਵੱਲੋਂ ਖਮਾਣੋਂ ਗੇਟ, ਟੀ-ਪੁਆਇੰਟ ਫਰਾਲਾ, ਬਹਿਰਾਮ ਪੁਲਸ ਵੱਲੋਂ ਬੱਸ ਅੱਡਾ ਰਟੈਂਡਾ, ਥਾਣਾ ਬਲਾਚੌਰ ਵੱਲੋਂ ਭੁਲੇਖਾ ਚੌਕ, ਪੋਜੇਵਾਲ ਥਾਣਾ ਵੱਲੋਂ ਸਿੰਘਪੁਰ ਅਤੇ ਕਾਠਗੜ੍ਹ ਥਾਣੇ ਵੱਲੋਂ ਅੱਡਾ ਕਾਠਗੜ੍ਹ 'ਚ ਨਾਕੇ ਲਾਏ ਗਏ ਹਨ।
ਉਕਤ ਸਾਰੇ ਨਾਕਿਆਂ ਦੀ ਦੇਖ-ਰੇਖ ਲਈ 300 ਪੁਲਸ ਕਰਮਚਾਰੀਆਂ ਤੋਂ ਇਲਾਵਾ 20 ਮਹਿਲਾ ਕਾਂਸਟੇਬਲ ਲਾਏ ਗਏ ਹਨ। ਪ੍ਰਬੰਧਾਂ ਨੂੰ ਜਾਂਚਣ ਦੇ ਲਈ ਐੱਸ.ਪੀ. ਪੱਧਰ ਦੇ ਅਧਿਕਾਰੀਆਂ ਦੀ ਦੇਖ-ਰੇਖ 'ਚ 3 ਡੀ.ਐੱਸ.ਪੀ. , 2 ਇੰਸਪੈਕਟਰ, 7 ਸਬ-ਇੰਸਪੈਕਟਰ, 32 ਸਹਾਇਕ ਸਬ-ਇੰਸਪੈਕਟਰ ਅਤੇ 200 ਪੁਰਸ਼ ਕਰਮਚਾਰੀ ਤੇ 50 ਮਹਿਲਾ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। 
106 ਮੰਦਿਰਾਂ 'ਤੇ ਪੁਲਸ ਦੀ ਤਿੱਖੀ ਨਜ਼ਰ- ਐੱਸ.ਪੀ. ਰਾਏ ਨੇ ਦੱਸਿਆ ਕਿ ਜਨਮ ਅਸ਼ਟਮੀ 'ਤੇ ਸੁਰੱਖਿਆ ਦੇ ਮੱਦੇਨਜ਼ਰ ਜ਼ਿਲੇ ਦੇ 106 ਛੋਟੇ-ਵੱਡੇ ਮੰਦਿਰ ਪੁਲਸ ਦੀ ਸਖ਼ਤ ਸੁਰੱਖਿਆ ਵਿਵਸਥਾ ਦੇ ਘੇਰੇ 'ਚ ਰਹਿਣਗੇ। ਉੱਚ ਪੁਲਸ ਅਧਿਕਾਰੀਆਂ ਦੀ ਅਗਵਾਈ 'ਚ 500 ਪੁਲਸ ਕਰਮਚਾਰੀਆਂ ਨੂੰ ਮੰਦਿਰਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀ.ਸੀ.ਆਰ .ਪੁਲਸ ਪਾਰਟੀਆਂ ਨੂੰ ਅਲੱਗ ਤੌਰ 'ਤੇ ਤਾਇਨਾਤ ਕੀਤਾ ਗਿਆ ਹੈ। 
ਸਪੈਸ਼ਲ ਨਾਕੇ ਦੌਰਾਨ ਵਾਹਨਾਂ ਦੀ ਜਾਂਚ- ਅੱਜ ਨਵਾਂਸ਼ਹਿਰ ਦੇ ਅੰਬੇਡਕਰ ਚੌਕ ਵਿਖੇ ਐੱਸ.ਪੀ. ਰਾਏ ਦੀ ਦੇਖ-ਰੇਖ 'ਚ ਲਾਏ ਗਏ ਵਿਸ਼ੇਸ਼ ਪੁਲਸ ਨਾਕੇ 'ਤੇ ਪੁਲਸ ਨੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ। ਪੁਲਸ ਪ੍ਰਬੰਧਾਂ 'ਤੇ ਖੁਦ ਐੱਸ.ਪੀ. ਨੇ ਨਜ਼ਰ ਰੱਖਦੇ ਹੋਏ ਦੱਸਿਆ ਕਿ ਸ਼ਹਿਰੋਂ ਲੰਘਣ ਵਾਲੇ ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ। 


Related News