ਦੇਸ਼ ਦੇ ਆਜ਼ਾਦੀ ਸੰਘਰਸ਼ ''ਚ 80 ਫੀਸਦੀ ਤੋਂ ਵਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ: ਗੁਰਪ੍ਰੀਤ ਕਾਂਗੜ

8/15/2020 5:10:57 PM

ਮਾਨਸਾ (ਮਿੱਤਲ)— ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਮੌਕੇ ਦੇਸ਼ ਦੇ ਮਹਾਨ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਸਿੱਜਦਾ ਕਰਦੇ ਕਿਹਾ ਕਿ ਦੇਸ਼ ਭਗਤਾਂ ਅਤੇ ਸੂਰਬੀਰਾਂ ਦੇ ਸੰਘਰਸ਼ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦੇ ਯੋਗ ਬਣ ਸਕੇ ਹਾਂ। ਕੈਬਨਿਟ ਮੰਤਰੀ ਕਾਂਗੜ ਨੇ ਕਿਹਾ ਦੇਸ਼ ਦੇ ਆਜ਼ਾਦੀ ਸੰਘਰਸ਼ 'ਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਪੰਜਾਬ ਦੀ ਧਰਤੀ ਤੋਂ ਬੱਬਰ ਅਕਾਲੀ, ਗ਼ਦਰ ਲਹਿਰ ਅਤੇ ਪੱਗੜੀ ਸੰਭਾਲ ਜਿਹੀਆਂ ਲਹਿਰਾਂ ਚੱਲੀਆਂ ਜਿਸ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਵਾਇਆ।

ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਦਾ ਹਾਸੋਹੀਣਾ ਬਿਆਨ, ਸੁਤੰਤਰਤਾ ਦਿਵਸ ਨੂੰ ਬੋਲ ਗਏ 'ਗਣਤੰਤਰ ਦਿਵਸ'

ਮਾਨਸਾ ਵਾਸੀਆਂ ਦੇ ਨਾਮ ਆਪਣੇ ਸੰਦੇਸ਼ 'ਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਿਲ ਅਤੇ ਚੁਣੌਤੀ ਪੂਰਨ ਸਮੇਂ 'ਚੋਂ ਗੁਜ਼ਰ ਰਹੇ ਹਾਂ ਜਦੋਂ ਕੋਰੋਨਾ ਲਾਗ ਦੀ ਬੀਮਾਰੀ ਨੇ ਸਾਡੇ ਸੂਬੇ, ਦੇਸ਼ ਸਮੇਤ ਪੂਰੀ ਦੁਨੀਆਂ ਨੂੰ ਆਪਣੀ ਗ੍ਰਿਫ਼ਤ 'ਚ ਲਿਆ ਹੋਇਆ ਹੈ। ਇਸ ਕਾਰਨ ਹੀ ਅਸੀਂ ਆਜ਼ਾਦੀ ਦਿਹਾੜੇ ਦਾ ਜਸ਼ਨ ਕੋਵਿਡ ਸਬੰਧੀ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਮਨ੍ਹਾ ਰਹੇ ਹਾਂ। ਜਿਸ ਤਰ੍ਹਾਂ ਅਸੀਂ ਸੰਘਰਸ਼ ਕਰਕੇ ਬ੍ਰਿਟਿਸ਼ ਹਕੂਮਤ ਤੋਂ ਮੁਕਤੀ ਪਾਈ, ਉਸੇ ਤਰ੍ਹਾਂ ਹੀ ਸਾਨੂੰ ਹੁਣ ਕੋਰੋਨਾ ਖ਼ਿਲਾਫ਼ ਜੰਗ 'ਚ ਮੂਹਰਲੀ ਕਤਾਰ ਵਿਚ ਲੜ ਰਹੇ ਯੋਧਿਆਂ ਨੂੰ ਵੀ ਮੈਂ ਸਿਜਦਾ ਕਰਦਾ ਹਾਂ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਬਜ਼ੁਰਗ

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਡੀ ਸਰਕਾਰ ਵੱਲੋਂ ਇਸ ਜੰਗ 'ਚ ਫਤਹਿ ਹਾਸਲ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜੰਗ 'ਚ ਯੋਗਦਾਨ ਪਾਉਣ ਲਈ ਸਾਨੂੰ ਸਮਾਜਿਕ ਦੂਰੀ, ਮਾਸਕ ਪਹਿਨਣਾਂ ਆਦਿ ਸਿਹਤ ਸਲਾਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਅਤੇ ਜਦੋਂ ਵੀ ਕਿਸੇ ਵਿਅਕਤੀ ਨੂੰ ਬਿਮਾਰੀ ਦੇ ਲੱਛਣ ਮਹਿਸੂਸ ਹੋਣ ਤਾਂ ਉਸ ਨੂੰ ਤੁਰੰਤ ਆਪਣਾ ਟੈਸਟ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ। ਕਾਂਗੜ ਨੇ ਕਿਹਾ ਕਿ ਪੰਜਾਬ 'ਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 70 ਫ਼ੀਸਦੀ ਹੈ ਜੋ ਕਿ ਦੇਸ਼ ਦੇ ਹੋਰਨਾ ਸੂਬਿਆਂ ਨਾਲੋਂ ਬਿਹਤਰ ਹੈ ਪਰ ਸਾਨੂੰ ਇਸ ਲੜਾਈ ਵਿਚ ਹਾਲੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ, ਜਿਸ 'ਚ ਸਾਰੇ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਕੈਬਨਿਟ ਮੰਤਰੀ ਨੇ ਸਮੂਹ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅਸੀਂ ਕੋਰੋਨਾ ਖ਼ਿਲਾਫ਼ ਜੰਗ 'ਚ ਫਤਿਹ ਹਾਸਲ ਕਰਕੇ ਇਸ ਮਹਾਂਮਾਰੀ ਤੋਂ ਮੁਕਤ ਹੋਣਾ ਹੈ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕਾਂਗੜ ਵੱਲੋਂ ਦੇਸ਼ ਦੀ ਆਨ ਅਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਸੰਦੇਸ਼ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਕੋਵਿਡ—19 ਦੇ ਪਸਾਰ ਨੂੰ ਰੋਕਣ ਲਈ ਸਿਹਤ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਸਲਾਹਾਂ ਦੀ ਪਾਲਣਾ ਕਰਦੇ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਗਏ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੇ ਅਖ਼ੀਰ ਵਿਚ ਦਸ਼ਮੇਸ਼ ਇੰਸਟੀਚਿਊਟ ਆਫ਼ ਐਜੂਕੇਸ਼ਨ ਨੰਗਲ ਕਲਾਂ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

ਸਮਾਗਮ 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਦੀਪ ਪੰਨੂ, ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਿਕਰਮ ਸਿੰਘ ਮੋਫ਼ਰ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਪ੍ਰਧਾਨ ਯੂਥ ਕਾਂਗਰਸ ਕਮੇਟੀ ਚੁਸ਼ਪਿੰਦਰਬੀਰ ਸਿੰਘ ਚਹਿਲ, ਵਾਈਸ ਪ੍ਰਧਾਨ ਸਫਾਈ ਕਰਮਚਾਰੀ ਕਮਿਸ਼ਨ ਰਾਮ ਸਿੰਘ, ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਡਾ. ਮੰਜੂ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪੁਲਸ ਅਧਿਕਾਰੀ ਅਤੇ ਸਿਆਸੀ ਨੁਮਾਇੰਦੇ ਹਾਜ਼ਰ ਸਨ।

ਇਹ ਵੀ ਪੜ੍ਹੋ: ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਾਲਿਸਤਾਨ ਦੀ ਮੰਗ, ਵਿਖਾਈਆਂ ਕਾਲੀਆਂ ਝੰਡੀਆਂ


shivani attri

Content Editor shivani attri