ਆਜ਼ਾਦੀ ਦਿਹਾੜੇ ''ਤੇ ਵਿਸ਼ੇਸ਼, ਜਾਣੋ ਲੋੜ ਹੈ ਕਿਸ ਆਜ਼ਾਦੀ ਦੀ

Saturday, Aug 15, 2020 - 10:58 AM (IST)

ਆਜ਼ਾਦੀ ਦਿਹਾੜੇ ''ਤੇ ਵਿਸ਼ੇਸ਼, ਜਾਣੋ ਲੋੜ ਹੈ ਕਿਸ ਆਜ਼ਾਦੀ ਦੀ

ਜਲੰਧਰ— ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਣਾ ਰਿਹਾ ਹੋਵੇਗਾ। ਹਰ ਦੇਸ਼ਵਾਸੀ ਲਈ ਇਹ ਮਾਣਮੱਤਾ ਅਤੇ ਉਮੀਦਾਂ ਭਰਿਆ ਦਿਹਾੜਾ ਹੈ। ਲੰਬਾ ਸਮਾਂ ਚੱਲੇ ਆਜ਼ਾਦੀ ਦੇ ਘੋਲ, ਜਿਸ 'ਚ ਅਨੇਕ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਫਿਰ ਦੇਸ਼ ਨੂੰ ਆਜ਼ਾਦੀ ਮਿਲੀ। ਅਨੇਕ ਯੋਧਿਆਂ ਨੇ ਤਰ੍ਹਾਂ-ਤਰ੍ਹਾਂ ਦੇ ਤਸੀਹੇ ਸਹੇ। ਉਹ ਗੱਲ ਹੋਰ ਹੈ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਸ਼ਾਇਦ ਓਦਾਂ ਦਾ ਭਾਰਤ ਕਦੇ ਵੀ ਨਹੀਂ ਚਿਤਵਿਆ ਹੋਣੈ ਜਿਸ ਤਰ੍ਹਾਂ ਦਾ ਅੱਜ ਅਸੀਂ ਵੇਖਣ ਨੂੰ ਮਜ਼ਬੂਰ ਹਾਂ। ਨਾਂ ਹੀ ਮਾਵਾਂ ਨੇ ਇਸ ਤਰ੍ਹਾਂ ਦੇ ਭਾਰਤ ਲਈ ਆਪਣੇ ਇਕਲੌਤੇ ਪੁੱਤ ਦੇਸ਼ ਤੋਂ ਵਾਰੇ ਸਨ।

ਅਜਿਹੇ 'ਚ ਨੌਜਵਾਨ ਅਕਸਰ ਭਰਮ ਵਾਲੀ ਸਥਿਤੀ ਦੇ ਸ਼ਿਕਾਰ ਹੋ ਜਾਂਦੇ ਹਨ। ਇਕ ਪਾਸੇ ਉਨ੍ਹਾਂ ਅੰਦਰ ਦੇਸ਼-ਭਗਤੀ ਦਾ ਜਜ਼ਬਾ ਠਾਠਾਂ ਮਾਰ ਰਿਹਾ ਹੁੰਦਾ ਹੈ ਜਦਕਿ ਦੂਜੇ ਪਾਸੇ ਉਹ ਦੇਸ਼ ਦੀ ਅਜੋਕੀ ਲੋਟੂ ਪ੍ਰਣਾਲੀ, ਬੇਰੋਜ਼ਗਾਰੀ, ਕੁਦਰਤੀ ਸਾਧਨਾਂ ਦੀ ਲਗਾਤਾਰ ਹੋ ਰਹੀ ਲੁੱਟ, ਕਾਨੂੰਨ ਦੀ ਨਜ਼ਰ 'ਚ ਸਭ ਬਰਾਬਰ ਹੋਣ ਦੇ ਬਾਵਜੂਦ ਵੱਖ-ਵੱਖ ਲੋਕਾਂ ਲਈ ਕਾਨੂੰਨ ਦੀ ਵੱਖ-ਵੱਖ ਪਹੁੰਚ ਤੋਂ ਤੰਗ ਆਏ ਹੁੰਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਉਹ ਦੇਸ਼ ਦੀ ਅਜ਼ਾਦੀ ਦੇ ਜਸ਼ਨ ਮਨਾਉਣ ਜਾਂ ਨਾ। ਕਈ ਵਾਰੀ ਉਨ੍ਹਾਂ ਨੂੰ ਆਸੇ-ਪਾਸੇ ਤੋਂ ਸੁਣਨ ਨੂੰ ਮਿਲ ਜਾਂਦਾ ਹੈ ਕਿ ਮੁਲਕ 'ਚ ਕੁਝ ਨਹੀਂ ਬਦਲਿਆ ਸਿਰਫ ਸ਼ਾਸਕਾਂ ਦੀ ਚਮੜੀ ਦਾ ਰੰਗ ਬਦਲਿਆ ਹੈ। ਪਹਿਲਾਂ ਗੋਰੇ ਲੁੱਟਦੇ ਸਨ, ਹੁਣ ਸਾਡੇ ਆਪਣੇ। 
ਅਜਿਹੀ ਮਾਨਸਿਕਤਾ ਬਹੁਤੇ ਨੌਜਵਾਨਾਂ ਨੂੰ ਮੁੱਖ ਧਾਰਾ ਨਾਲੋਂ ਕੱਟ ਸਕਦੀ ਹੈ। ਠੀਕ ਹੈ ਕਿ ਪ੍ਰਬੰਧ ਪ੍ਰਤੀ ਅਸੰਤੁਸ਼ਟੀ ਹੀ ਵਿਕਾਸ ਅਤੇ ਬਦਲਾਅ ਦਾ ਅਧਾਰ ਬਣਦੀ ਹੈ ਪਰ ਅਜੋਕੀਆਂ ਸਮਾਜਿਕ ਹਾਲਾਤ ਕਾਰਨ ਪਹਿਲਾਂ ਤੋਂ ਹੀ ਝੰਬੀ ਪਈ ਮਾਨਸਿਕਤਾ 'ਚ ਅਜਿਹੇ ਵਿਚਾਰ ਡਿਪਰੈਸ਼ਨ ਦਾ ਕਾਰਨ ਵੀ ਬਣ ਸਕਦੇ ਹਨ। ਖਾਸ ਤੌਰ 'ਤੇ ਉਦੋਂ ਜਦੋਂ ਨੌਜਵਾਨਾਂ ਨੂੰ ਸ਼ੰਕਿਆਂ ਦੀ ਨਵਿਰਤੀ ਲਈ ਕੋਈ ਯੋਗ ਵਿਅਕਤੀ ਨਾ ਮਿਲੇ। ਮਾਪਿਆਂ, ਅਧਿਆਪਕਾਂ ਅਤੇ ਸਮਾਜਕ ਕਾਰਕੁਨਾਂ ਲਈ ਇਹ ਸਥਿਤੀ ਵਿਸ਼ੇਸ਼ ਧਿਆਨ ਮੰਗਦੀ ਹੈ।

PunjabKesari

ਨੌਜਵਾਨਾਂ ਨੂੰ ਸਮਝਣ ਅਤੇ ਸਮਝਾਉਣ ਦੀ ਲੋੜ ਹੈ ਕਿ ਸਥਿਤੀ ਜਿੰਨੀ ਮਰਜ਼ੀ ਨਿਰਾਸ਼ਾਜਨਕ ਹੋਵੇ, ਆਜ਼ਾਦੀ ਵਧੀਆ ਹੀ ਕਹਾਏਗੀ। ਲੋਕਤੰਤਰ ਸਾਨੂੰ ਐਨੀ ਆਜ਼ਾਦੀ ਤਾਂ ਦਿੰਦਾ ਹੈ ਕਿ ਜੇਕਰ ਅਸੀਂ ਵਿਵਸਥਾ ਤੋਂ ਨਾਖੁਸ਼ ਹੋਈਏ ਤਾਂ ਜਲੂਸ, ਜਲਸੇ, ਰੈਲੀਆਂ, ਧਰਨੇ, ਮੁਜਾਹਰੇ ਆਦਿ ਕਰਕੇ ਸਰਕਾਰਾਂ ਵਿਰੁੱਧ ਆਪਣੀ ਭੜਾਸ ਤਾਂ ਕੱਢ ਹੀ ਸਕਦੇ ਹਾਂ। ਅੰਗਰੇਜ਼ਾਂ ਵੇਲੇ ਅਜਿਹੇ ਢੰਗ ਨਹੀਂ ਸਨ ਵਰਤੇ ਜਾ ਸਕਦੇ। ਜਲ੍ਹਿਆਂਵਾਲਾ ਬਾਗ਼ ਵਿੱਚ ਅਜਿਹੇ ਸ਼ਾਂਤੀਪੂਰਨ ਇਕੱਠ ਉੱਤੇ ਹੀ ਤਾਂ ਗੋਲੀਬਾਰੀ ਕੀਤੀ ਗਈ ਸੀ। ਮੌਜੂਦਾ ਵਿਵਸਥਾ ਜਾਂ ਬੇਰੋਜ਼ਗਾਰੀ ਕਾਰਨ ਜੇਕਰ ਸਮਾਂ ਖਰਾਬ ਚੱਲ ਰਿਹਾ ਹੈ ਤਾਂ ਨਿਰਾਸ਼ ਹੋਣ ਦੀ ਥਾਂ ਵਿਵਸਥਾ ਨੂੰ ਸਮਝੋ, ਵਿਭਿੰਨ ਮੁਲਕਾਂ ਦੇ ਪੁਰਾਤਨ ਅਤੇ ਮੌਜੂਦਾ ਹਾਲਾਤ ਦਾ ਅਧਿਐਨ ਕਰੋ ਅਤੇ ਸਮਾਜਿਕ ਬਦਲਾਅ ਲਈ ਸੰਘਰਸ਼ ਕਰਨ ਲਈ ਲਾਮਬੰਦ ਹੋਵੋ, ਤੁਹਾਨੂੰ ਯਕੀਨਨ ਨਵੀਂ ਊਰਜਾ ਮਿਲੇਗੀ। ਨਿਰਾਸ਼ਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ।

ਇਸ ਤੋਂ ਇਲਾਵਾ ਇਸ ਅਜ਼ਾਦੀ ਦਿਹਾੜੇ 'ਤੇ ਸਮਾਜ ਵਿੱਚ ਪ੍ਰਚੱਲਿਤ ਕੁਝ ਬੇਕਾਰ ਜਿਹੀਆਂ ਪ੍ਰਥਾਵਾਂ ਦੀ ਪਛਾਣ ਵੀ ਕਰੋ। ਫਿਰ ਇਨ੍ਹਾਂ ਪ੍ਰਥਾਵਾਂ ਤੋਂ ਅਜ਼ਾਦ ਹੋਣ/ਰਹਿਣ ਲਈ ਰਣਨੀਤੀ ਅਤੇ ਰਾਹ ਬਣਾਓ। ਸਮਾਜ ਵਿੱਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਮਾਨਸਿਕ ਬੇਅਰਾਮੀ ਦਾ ਕਰਨ ਬਣਦਾ ਹੈ – ਖਾਸ ਤੌਰ 'ਤੇ ਮੱਧ ਜਾਂ ਨਿਮਨ ਵਰਗੀ ਪਰਿਵਾਰਾਂ ਲਈ। ਦਿਖਾਵੇਬਾਜ਼ੀ ਵਧਦੀ-ਵਧਦੀ ਹੁਣ ਹੱਦਾਂ ਟੱਪਦੀ ਜਾ ਰਹੀ ਹੈ।ਲੋਕੀ ਮੱਛਰ ਮਾਰੂ ਰਸਾਇਣਾਂ, ਰੂਮ ਫਰੈਸ਼ਨਰਾਂ, ਹਵਾ-ਬੰਦ ਕਾਰਾਂ, ਨਹੁੰ ਪਾਲਿਸ਼ਾਂ, ਗਲਾਸ ਕਲੀਨਰਾਂ, ਖੁਸ਼ਬੂਦਾਰ ਸਾਬਣਾਂ ਆਦਿ ਰਾਹੀਂ ਅਨੇਕਾਂ ਰਸਾਇਣ ਆਪਣੇ ਅਤੇ ਬੱਚਿਆਂ ਅੰਦਰ ਲਿਜਾ ਰਹੇ ਨੇ ਪਰ 'ਆਰਗੈਨਿਕ' ਦੇ ਨਾਂ 'ਤੇ ਮਹਿੰਗੇ ਫਲ ਸਬਜ਼ੀਆਂ ਖਰੀਦਦੇ ਹਨ। ਘਰੇਲੂ ਕੰਮਾਂ ਤੋਂ ਕਿਨਾਰਾ ਕਰਦਿਆਂ ਹਰ ਕੰਮ ਲਈ ਕੰਮ ਵਾਲੀ ਰੱਖਣ 'ਤੇ ਪੈਸਾ ਖਰਚਦੇ ਹਨ। ਫਿਰ ਜਦੋਂ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੁਗਰ, ਉਦਾਸੀ, ਸਰਵਾਈਕਲ, ਗੋਡੇ ਜਾਮ ਆਦਿ ਘੇਰ ਲੈਂਦੇ ਹਨ ਤਾਂ ਕਸਰਤ-ਘਰਾਂ 'ਚ ਜਾ ਕੇ ਸਰੀਰ ਨੂੰ ਚਲਾਉਂਦੇ ਹਨ। ਭਾਵ ਪਹਿਲਾਂ ਪੈਸੇ ਖਰਚ ਕਰਕੇ ਬੀਮਾਰੀਆਂ ਮੁੱਲ ਲੈਂਦੇ ਹਨ ਅਤੇ ਫਿਰ ਪੈਸੇ ਖਰਚ ਕਰਕੇ ਉਨ੍ਹਾਂ ਹੀ ਬੀਮਾਰੀਆਂ ਦਾ ਹੱਲ ਲੱਭਦੇ ਹਨ।

ਘਰ 'ਚ ਪਤੀ-ਪਤਨੀ ਨੂੰ ਇਕ-ਦੂਜੇ ਲਈ ਸਮਾਂ ਨਹੀਂ, ਬਜ਼ੁਰਗਾਂ ਦਾ ਤਾਂ ਹਾਲ-ਚਾਲ ਪੁੱਛਣ ਦੀ ਲੋੜ ਨਹੀਂ ਮਹਿਸੂਸ ਹੁੰਦੀ, ਪਾਲਦੇ ਕੁੱਤੇ ਹਨ। ਦੂਜਿਆਂ ਦੇ ਘਰਾਂ ਅੱਗੇ ਕੂੜਾ ਸੁੱਟਣ ਲੱਗਿਆਂ ਜਾਂ ਬਿਜਲੀ/ਪਾਣੀ ਅਜਾਈਂ ਗੁਆਉਣ ਲੱਗਿਆਂ ਭੋਰਾ ਵੀ ਮਨ ਭਾਰੀ ਨਹੀਂ ਕਰਦੇ ਪਰ ਗੱਡੀਆਂ ਅਤੇ ਫੋਨ ਕੁਨੈਕਸ਼ਨਾਂ ਦੇ ਨੰਬਰ ਸਾਰੇ ਦੇ ਸਾਰੇ (ਜੇਕਰਗੱਡੀਆਂ ਅਤੇ ਫੋਨ ਕੁਨੈਕਸ਼ਨ ਇੱਕ ਤੋਂ ਵੱਧ ਹੋਣ) ਇਕੋ ਜਿਹੇ ਲੈਂਦੇ ਹਨ। ਕਾਰਨ ਪੁੱਛੋ ਤਾਂ ਦੱਸਣਗੇ ਕਿ ਇਕੋ ਜਿਹੇ ਨੰਬਰ ਯਾਦ ਰੱਖਣੇ ਦੂਜਿਆਂ ਨੂੰ ਸੌਖੇ ਰਹਿੰਦੇ ਹਨ। ਦੂਜਿਆਂ ਦੀ ਸੁੱਖ-ਸਹੂਲਤ ਦਾ ਜੇ ਐਨਾ ਹੀ ਖਿਆਲ ਸੀ ਤਾਂ ਸੜ੍ਹਕਾਂ 'ਤੇ ਕਾਹਲ ਕਰਦਿਆਂ ਗ਼ਲਤ ਲੇਨ 'ਚ ਗੱਡੀ ਫਸਾ ਕੇ ਟਰੈਫਿਕ ਜਾਮ ਲਗਾਉਣ ਤੋਂ ਗੁਰੇਜ ਕਰਦੇ, ਆਪਣੇ ਘਰ ਦੇ ਰੈਂਪ ਨਾਲ ਅੱਧੀ-ਅੱਧੀ ਗਲੀ/ਸੜ੍ਹਕ ਮੱਲਣ ਲੱਗਿਆਂ ਸ਼ਰਮ ਕਰਦੇ, ਪ੍ਰਦੂਸ਼ਣ ਫੈਲਾਉਣ, ਪਾਣੀ ਜਾਂ ਬਿਜਲੀ ਦੀ ਬਰਬਾਦੀ ਕਰਨ ਲੱਗਿਆਂ ਸ਼ਰਮ ਕਰਦੇ, ਗਰੀਬਾਂ ਦੇ ਨਾਂ 'ਤੇ ਆਈਆਂ ਸਰਕਾਰੀ ਯੋਜਨਾਵਾਂ ਝੂਠੇ ਦਾਅਵੇ ਕਰਕੇ ਹੜੱਪਣੋਂ ਸ਼ਰਮ ਕਰਦੇ ਪਰ ਨਹੀਂ।
ਜਨਮ ਦਿਨ ਅਤੇ ਹੋਰ ਮੌਕਿਆਂ 'ਤੇ ਕੇਕ 'ਤੇ ਪਹਿਲਾਂ ਮੋਮਬੱਤੀਆਂ ਲਾਉਂਦੇ ਨੇ ਤੇ ਫਿਰ ਫੂਕ ਮਾਰ ਕੇ ਬੁਝਾਉਂਦੇ ਨੇ। ਕਾਰਨ ਪੁੱਛੋ– ਸ਼ਾਇਦ ਹੀ ਕੋਈ ਦੱਸ ਸਕੇ। ਫੂਕ ਮਾਰਨ ਲੱਗਿਆਂ ਥੁੱਕ ਦੇ ਮਹੀਨ ਕਣ ਕੇਕ ਉੱਪਰ ਡਿਗਦੇ ਹੀ ਡਿਗਦੇ ਨੇ ਜੇਕਰ ਕਰੋਨਾ ਲਾਗ ਦੀ ਬੀਮਾਰੀ ਨਾ ਫੈਲਦੀ ਤਾਂ ਇਨ੍ਹਾਂ ਦਿਖਾਵਾਪ੍ਰਸਤ ਲੋਕਾਂ ਨੇ ਮੰਨਣਾ ਹੀ ਨਹੀਂ ਸੀ। 

PunjabKesari

ਗੋਲਗੱਪੇ ਖਾਂਦੇ ਸੌਕੀਨਾਂ ਨੂੰ ਹੀ ਵੇਖ ਲਵੋ ਇਕੋ ਦਿਨ 'ਚ ਸੁੱਚ-ਝੂਠ ਖਾਣ ਦੇ ਸਾਰੇ ਰਿਕਾਰਡ ਟੁੱਟ ਜਾਂਦੇ ਹਨ। ਕੋਈ ਇਸ ਤਰ੍ਹਾਂ ਦੂਜਿਆਂ ਦਾ ਜੂਠਾ ਖਾਵੇ ਤਾਂ ਉਸ 'ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਬਸ, ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹੀ ਵਿਅਕਤੀ ਕਿਸੇ ਦੇ ਘਰ ਜਾਂ ਸਮਾਗਮ 'ਚ ਜਾ ਕੇ ਗਲਾਸਾਂ ਵਾਲਾ ਪਾਣੀ ਪੀਣ ਦੀ ਥਾਂ ਬੋਤਲ/ਕੱਪ ਬੰਦ ਪਾਣੀ ਪੀਂਦੇ ਹਨ – ਇਹ ਦਲੀਲ ਦੇ ਕੇ ਕਿ ਗਲਾਸ ਪਤਾ ਨਹੀਂ ਚੰਗੀ ਤਰ੍ਹਾਂ ਧੋਤੇ ਗਏ ਹੋਣੇ ਨੇ ਕਿ ਨਹੀਂ।

ਆਰ. ਓ. ਫਿਲਟਰਾਂ ਨੂੰ ਬੜੀ ਦੇਰ ਸਿਹਤ ਦਾ ਅਧਾਰ ਦੱਸ ਕੇ ਵਰਤਦੇ ਰਹੇ ਲੋਕੀ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਅਜਿਹਾ ਕਹਿੰਦੀਆਂ ਸਨ। ਹੁਣ ਜਦੋਂ ਆਰ. ਓ. ਫਿਲਟਰਾਂ ਦੀ ਵਿਕਰੀ ਵਧ ਨਹੀਂ ਰਹੀ (ਕਿਉਂਕਿ ਬਹੁਤੇ ਘਰਾਂ 'ਚ ਕੰੰਪਨੀਆਂ ਇਨ੍ਹਾਂ ਨੂੰ ਪਹੁੰਚਾ ਚੁੱਕੀਆਂ ਹਨ) ਤਾਂ ਵੱਡੀਆਂ ਕੰਪਨੀਆਂ ਨੇ ਹੁਣ ਓਹੀ ਆਰ. ਓ. ਫਿਲਟਰਾਂ ਦੇ ਨੁਕਸਾਨ ਗਿਨਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਲੱਖ-ਲੱਖ ਰੁਪਏ ਕੀਮਤ ਵਾਲੇ ਨਵੇਂ ਫਿਲਟਰ ਬਜ਼ਾਰ 'ਚ ਉਤਾਰ ਦਿੱਤੇ ਹਨ।
ਘਰ 'ਚ ਇਕ-ਦੂਜੇ ਨਾਲ ਗੱਲਾਂ ਕਰਨ ਦਾ ਸਮਾਂ ਨਹੀਂ ਮਿਲਦਾ, ਗੁਆਂਢੀਆਂ ਨਾਲ ਬੋਲਣਾ ਅਸੀਂ ਪਸੰਦ ਨਹੀਂ ਕਰਦੇ ਪਰ ਸੋਸ਼ਲ ਮੀਡੀਆ 'ਤੇ ਅਣਜਾਣਿਆਂ ਨੂੰ ਦੋਸਤ ਬਣਾ ਰਹੇ ਹਾਂ। ਜਿਸ ਕੋਲ ਮਿੱਠਾ ਖਾਣ ਲਈ ਪੈਸੇ ਹਨ, ਉਸ ਨੂੰ ਡਾਕਟਰ ਖਾਣ ਨਹੀਂ ਦਿੰਦੇ ਪਰ ਜਿਸ ਨੂੰ ਖਾਣ ਤੋਂ ਪਰਹੇਜ਼ ਨਹੀਂ ਹੈ ਉਹ ਮਠਿਆਈਆਂ ਖਰੀਦ ਨਹੀਂ ਸਕਦਾ। ਜਿੰਨਾ ਵੱਡਾ ਘਰ ਕਿਸੇ ਕੋਲ ਹੁੰਦਾ ਹੈ ਘਰ ਤੋਂ ਦੂਰ ਵੱਲ ਨੂੰ ਭੱਜਣ ਲਈ ਓਹ ਓਨੀਆਂ ਹੀ ਵੱਡੀਆਂ ਕਾਰਾਂ ਖਰੀਦਦਾ ਹੈ। ਕੋਈ ਵਰ੍ਹੇ ਗੰਢ ਆ ਜਾਵੇ – ਖਾਣਾ ਬਾਹਰ ਖਾਣਾ ਹੈ। ਮਹਿਮਾਨ ਆ ਕੇ ਬੈਠਿਆ ਨਹੀਂ ਕਿ ਘੁਮਾਉਣ ਲਈ ਬਾਹਰ ਲੈ ਕੇ ਜਾਣ ਲਈ ਵੱਡੀ ਗੱਡੀ ਕੱਢੀ ਨਹੀਂ ਫਿਰ ਕੋਈ ਫਿਲਮ ਆਦਿ ਵਿਖਾਈ ਖਾਣੇ ਦਾ ਸਮਾਂ ਹੋ ਗਿਆ ਤਾਂ ਖਾਣਾ ਵੀ ਬਾਹਰ ਹੀ ਖੁਆ ਲਿਆ, ਰਾਤ ਵੇਲੇ ਸੁਆਉਣ ਲਈ ਘਰੇ ਲੈ ਕੇ ਆਏ। ਜ਼ਰਾ ਸੋਚੋ ਕਿ ਜੇਕਰ ਅਜਿਹਾ ਹੀ ਕਰਨਾ ਸੀ ਤਾਂ ਮਹਿੰਗੇ ਮਕਾਨ ਕਿਸ ਲਈ ਬਣਵਾਏ ਸਨ? ਲੋਕੀ ਤਾਂ ਘਰ ਵਿੱਚ ਸਭ ਤੋਂ ਸੁਥਰਾ ਕਮਰਾ, ਜਿਸ 'ਚ ਸਭ ਤੋਂ ਮਹਿੰਗਾ ਫਰਨੀਚਰ ਲੱਗਾ ਹੁੰਦਾ ਹੈ, ਨੂੰ ਮਹਿਮਾਨਾਂ ਲਈ ਬੰਦ ਕਰਕੇ ਰੱਖਦੇ ਹਨ ਆਪਣੇ ਬੱਚਿਆਂ ਨੂੰ ਖੇਡਣ ਲਈ ਵੀ ਓਸ ਕਮਰੇ 'ਚ ਵੜਣ ਨਹੀਂ ਦਿੰਦੇ।

ਸੋ ਜੇਕਰ ਤੁਹਾਨੂੰ ਵੀ ਇਹ ਦੁਨਿਆਵੀ ਚੋਚਲੇ ਫੋਕੇ ਲੱਗਦੇ ਨੇ ਤਾਂ ਪਰੇਸ਼ਾਨ ਹੋਣ ਦੀ ਲੋੜ ਨਹੀਂ। ਇਹ 'ਚੋਚਲੇ' ਕਰਨ ਵਾਲਿਆਂ ਨੂੰ ਮੰਦਾ ਤਾਂ ਨਾ ਬੋਲੋ ਪਰ ਖੁਦ ਇਨ੍ਹਾਂ ਤੋਂ ਅਜ਼ਾਦ ਰਹਿਣ ਦੀ ਕੋਸ਼ਿਸ਼ ਕਰੋ ਜਿੱਥੇ ਤੱਕ ਸੰਭਵ ਹੋ ਸਕੇ। ਆਓ, ਇਸ ਅਜ਼ਾਦੀ ਦਿਹਾੜੇ 'ਤੇ ਪ੍ਰਣ ਕਰੀਏ ਕਿ ਜਿਹੜੇ ਫੋਕੇ ਦੁਨੀਆ ਵੀ ਦਿਖਾਵੇ ਸਾਨੂੰ ਰੂਹ ਦੀ ਸ਼ਾਂਤੀ ਨਹੀਂ ਦੇ ਰਹੇ ਉਨ੍ਹਾਂ ਤੋਂ ਸੁਤੰਤਰਤਾ ਪਾਉਣੀ ਹੈ। ਜਿਹੜੇ 'ਸੱਜਣ-ਮਿੱਤਰ' ਸਾਡੀ ਮਾਨਸਿਕ ਸ਼ਾਂਤੀ ਭੰਗ ਕਰਦੇ ਹੋਣ ਉਨ੍ਹਾਂ ਤੋਂ ਆਪਣੇ ਆਪ ਨੂੰ ਅਜ਼ਾਦ ਕਰਨਾ ਹੈ। ਅਜਿਹੀ ਅਜ਼ਾਦੀਪ੍ਰਾਪਤ ਕਰਕੇ ਇਹ ਆਜ਼ਾਦੀ ਦਿਹਾੜਾ ਕਾਫ਼ੀ ਯਾਦਗਾਰੀ ਬਣ ਸਕਦਾ ਹੈ। 74ਵੇਂ ਆਜ਼ਾਦੀ ਦਿਹਾੜੇ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ।
ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ.98761-35823
ਈ ਮੇਲ:drskjindal123@gmail.com


author

shivani attri

Content Editor

Related News