ਸਬਜੀਆਂ ਦੇ ਭਾਅ ਵੱਧਣ ਕਾਰਨ ਤੜਕਿਆਂ ਦੀ ਮਹਿਕ ਹੋਈ ਮੱਠੀ

12/22/2019 1:52:05 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)—ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਹੁਣ ਗਰੀਬ ਅਤੇ ਮੱਧ ਵਰਗ ਪਰਿਵਾਰਾਂ ਨੂੰ ਆਪਣੇ ਘਰਾਂ 'ਚ ਦਾਲ, ਸਬਜੀ ਬਣਾਉਣੀ ਵੀ ਬੇਹੱਦ ਔਖੀ ਹੋਈ ਪਈ ਹੈ, ਕਿਉਂਕਿ ਦਾਲ, ਸਬਜੀ 'ਚ ਪੈਣ ਵਾਲੀ ਹਰ ਚੀਜ਼ ਦੇ ਭਾਅ ਨਿੱਤ ਰੋਜ਼ ਅਸਮਾਨੀ ਚੜ ਰਹੇ ਹਨ ਤੇ ਹੁਣ ਦਾਲ ਸਬਜੀ ਨੂੰ ਤੜਕਾ ਲਾਉਣਾ ਗਰੀਬਾਂ ਲਈ ਔਖਾ ਹੋ ਗਿਆ ਹੈ। ਪਿਆਜ, ਲੱਸਣ, ਅਦਰਕ ਤੇ ਹਰੀ ਮਿਰਚ ਆਦਿ ਦੇ ਵਧੇ ਹੋਏ ਭਾਅ ਕਾਰਨ ਸਬਜੀਆਂ, ਦਾਲਾਂ ਦੇ ਤੜਕਿਆਂ ਦੀ ਮਹਿਕ ਪਹਿਲਾਂ ਨਾਲੋਂ ਕਾਫ਼ੀ ਮੱਠੀ ਹੋਈ ਪਈ ਹੈ।

ਜ਼ਿਕਰਯੋਗ ਹੈ ਕਿ ਪਿਆਜ ਇਸ ਵੇਲੇ 100 ਰੁਪਏ ਪ੍ਰਤੀ ਕਿਲੋ ਮਿਲ ਰਹੇ ਹਨ। ਲੱਸਣ 320 ਰੁਪਏ ਕਿਲੋ, ਅਦਰਕ 120 ਰੁਪਏ ਕਿਲੋ ਤੇ ਹਰੀ ਮਿਰਚ 80 ਰੁਪਏ ਕਿਲੋ ਮਿਲ ਰਹੀ ਹੈ। ਟਮਾਟਰ 60-70 ਰੁਪਏ ਕਿਲੋ ਤੱਕ ਪਹੁੰਚ ਗਏ ਸਨ ਪਰ ਹੁਣ ਟਮਾਟਰ 20 ਰੁਪਏ ਕਿਲੋ ਮਿਲ ਰਹੇ ਹਨ। ਵੱਡੀ ਗੱਲ ਤਾਂ ਇਹ ਹੈ ਕਿ ਹੁਣ ਤਾਂ ਗੰਡੇ ਦੀ ਚਟਨੀ ਕੁੱਟਣੀ ਵੀ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਇਸ ਅਤਿ ਗੰਭੀਰ ਮਸਲੇ ਨੂੰ ਲੈ ਕੇ 'ਜਗਬਾਣੀ' ਵੱਲੋਂ ਇਸ ਹਫਤੇ ਦੀ ਇਹ ਵਿਸੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਸਬਜੀਆਂ ਦੇ ਭਾਅ ਪਹਿਲਾਂ ਨਾਲੋਂ ਘਟੇ-
ਪਿਛਲੇ ਕਰੀਬ ਇਕ ਮਹੀਨੇ ਤੋਂ ਸਬਜੀਆਂ ਦੇ ਭਾਅ ਵੀ ਇਕੋ ਥਾਂ 'ਤੇ ਟਿਕੇ ਹੋਏ ਸਨ ਤੇ ਕੋਈ ਵੀ ਸਬਜੀ 40 ਰੁਪਏ ਤੋਂ ਘੱਟ ਨਹੀ ਸੀ। ਕੁਝ ਤਾਂ 70-80 ਰੁਪਏ ਕਿਲੋ ਤੱਕ ਸੀ ਪਰ ਹੁਣ ਸਬਜੀਆਂ ਦੇ ਭਾਅ ਪਹਿਲਾ ਨਾਲੋਂ ਕਾਫ਼ੀ ਘੱਟ ਚੁੱਕੇ ਹਨ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਗੋਭੀ 10 ਰੁਪਏ ਪ੍ਰਤੀ ਕਿਲੋ, ਗਾਜਰ 20 ਤੋਂ 30 ਰੁਪਏ, ਬੰਦ ਗੋਭੀ 15 ਰੁਪਏ ਤੇ ਸ਼ਿਮਲਾ ਮਿਰਚ 40 ਰੁਪਏ ਕਿਲੋ ਮਿਲ ਰਹੀ ਹੈ। ਜਦ ਕਿ ਆਲੂਆਂ ਦਾ ਭਾਅ ਅਜੇ ਨਹੀ ਘਟਿਆ। ਆਲੂ ਹੁਣ ਵੀ 30 ਤੋਂ 40 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਕਈ ਸਬਜੀਆਂ ਨਾਲੋਂ ਐਤਕੀਂ ਸੇਬ ਸਸਤੇ ਰਹੇ ਹਨ। ਨਿੰਬੂ 60 ਰੁਪਏ ਕਿਲੋ ਵਿਕ ਰਹੇ ਹਨ। ਅਮਰੂਦ ਤੇ ਕਿੰਨੂੰ 40-50 ਰੁਪਏ ਕਿਲੋ ਮਿਲ ਰਹੇ ਹਨ। ਇਸੇ ਤਰਾਂ ਦਾਲਾਂ ਦੇ ਭਾਅ 90 ਤੋਂ 100 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹਨ।

ਹੋਰ ਸਮਾਨ ਵੀ ਮਹਿੰਗਾ-
ਸਬਜੀਆਂ ਤੇ ਦਾਲਾਂ 'ਚ ਪੈਣ ਵਾਲਾ ਹੋਰ ਸਮਾਨ ਵੀ ਮਹਿੰਗਾ ਹੈ। ਕਾਲੀ ਮਿਰਚ ਇਕ ਹਜਾਰ ਰੁਪਏ ਕਿਲੋ, ਜੀਰਾ 280 ਰੁਪਏ ਕਿਲੋ ਤੇ ਘਿਓ ਜਾਂ ਤੇਲ ਵੀ 100 ਰੁਪਏ ਕਿਲੋ ਮਿਲ ਰਿਹਾ। ਘਟਨ ਦੀ ਥਾਂ ਭਾਅ ਹੋਰ ਵੱਧ ਰਹੇ ਹਨ।

ਵਧੇ ਹੋਏ ਭਾਅ ਬਾਰੇ ਕੀ ਕਹਿਣਾ ਹੈ ਔਰਤਾਂ ਦਾ-
ਪਿਆਜ, ਲਸਣ, ਅਦਰਕ ਆਦਿ ਚੀਜ਼ਾਂ ਦੇ ਵਧੇ ਹੋਏ ਭਾਅ ਬਾਰੇ ਜਦ 'ਜਗ ਬਾਣੀ' ਵੱਲੋਂ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਦੇ ਕੀਤੇ ਵਾਅਦਿਆਂ ਵਾਲੇ ਅੱਛੇ ਦਿਨ ਪਤਾ ਨਹੀ ਕਦੋਂ ਆਉਣਗੇ। ਅੰਮ੍ਰਿਤਪਾਲ ਕੌਰ, ਬਲਜਿੰਦਰ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ, ਰਾਜਿੰਦਰ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਸੁਖਚਰਨ ਕੌਰ, ਕਿਰਨਪਾਲ ਕੌਰ, ਕਿਰਨਜੀਤ ਕੌਰ, ਗਗਨਦੀਪ ਕੌਰ, ਇੰਦਰਪਾਲ ਕੌਰ, ਰੁਪਿੰਦਰ ਕੌਰ, ਇਕਬਾਲ ਕੌਰ, ਨਰਿੰਦਰ ਕੌਰ, ਉਂਕਾਰ ਕੌਰ, ਅੰਮ੍ਰਿਤ ਕੌਰ, ਸਵਰਨਾ ਰਾਣੀ, ਵੀਰਪਾਲ ਕੌਰ ਤੇ ਜਸਵਿੰਦਰ ਕੌਰ ਨੇ ਕਿਹਾਕਿ ਘਰਾਂ ਦੀਆਂ ਰਸੋਈਆਂ ਵਿਚ ਵਰਤਿਆ ਜਾਣ ਵਾਲਾ ਸਮਾਨ ਸਰਕਾਰ ਨੂੰ ਸਸਤਾ ਕਰਨਾ ਚਾਹੀਦਾ ਹੈ। ਕਿਉਂਕਿ ਮਹਿੰਗੇ ਭਾਅ ਦੀਆਂ ਚੀਜ਼ਾਂ ਲੈਣੀਆਂ ਆਮ ਬੰਦੇ ਦੇ ਵਸ ਵਿਚ ਨਹੀ ਹੈ। ਉਹਨਾਂ ਕਿਹਾ ਕਿ ਦਾਲ, ਸਬਜੀ ਬਣਾਉਣ ਲੱਗਿਆ ਕਿਸੇ ਵੀ ਚੀਜ਼ ਬਿਨਾਂ ਨਹੀ ਸਰਦਾ। ਪਰ ਅੰਤਾਂ ਦੀ ਮਹਿੰਗਾਈ 'ਚ ਕੀਤਾ ਕੀ ਜਾਵੇ। ਔਰਤਾਂ ਨੇ
ਸੂਬਾ ਅਤੇ ਕੇਂਦਰ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਕਿ ਲੋਕਾਂ ਦੀ ਮੁਸ਼ਕਲ ਵੱਲ ਧਿਆਨ ਦੇ ਕੇ ਪਿਆਜ ਸਮੇਤ ਬਾਕੀ ਸਭ ਚੀਜ਼ਾਂ ਦੇ ਭਾਅ ਘੱਟ ਕੀਤੇ ਜਾਣ ਤਾਂ ਕਿ ਆਮ ਲੋਕਾਂ 'ਤੇ ਕੋਈ ਬੋਝ ਨਾ ਪਵੇ।


Iqbalkaur

Content Editor

Related News