ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਕਾਮਯਾਬੀ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਹੋਇਆ ਇੰਨੇ ਫ਼ੀਸਦੀ ਵਾਧਾ

Friday, Feb 10, 2023 - 02:39 AM (IST)

ਅੰਮ੍ਰਿਤਸਰ ਹਵਾਈ ਅੱਡੇ ਨੂੰ ਮਿਲੀ ਕਾਮਯਾਬੀ, ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ’ਚ ਹੋਇਆ ਇੰਨੇ ਫ਼ੀਸਦੀ ਵਾਧਾ

ਅੰਮ੍ਰਿਤਸਰ (ਵਾਲੀਆ) : ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਕੋਰੋਨਾ ਮਹਾਮਾਰੀ ਤੋਂ ਬਾਅਦ ਸਾਲ 2022 'ਚ ਆਪਣੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਵਿਸਤਾਰ ਕਰਨ ਵਿੱਚ ਕਾਮਯਾਬ ਰਿਹਾ ਹੈ ਅਤੇ ਇੱਥੋਂ ਯਾਤਰੀਆਂ ਦੀ ਆਵਾਜਾਈ 'ਚ ਲਗਾਤਾਰ ਵਾਧਾ ਹੋਇਆ ਹੈ। ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਨੇ ਇਕ ਪ੍ਰੈੱਸ ਬਿਆਨ 'ਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2022 ਦੌਰਾਨ ਯਾਤਰੀਆਂ ਦੀ ਕੁਲ ਗਿਣਤੀ ਕੋਰੋਨਾ ਤੋਂ ਪਹਿਲਾਂ ਵਾਲੇ ਸਾਲ 2019 ਦੀ 95 ਫ਼ੀਸਦੀ ਗਿਣਤੀ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਲੜਕਾ ਪੈਦਾ ਕਰਨ ਲਈ ਬਣਾ ਰਹੇ ਸਨ ਦਬਾਅ, ਸਹਿਮਤੀ ਨਾ ਦੇਣ ’ਤੇ ਗਲ਼ਾ ਘੁੱਟ ਕੇ ਮਾਰਨ ਦੀ ਕੀਤੀ ਕੋਸ਼ਿਸ਼

ਉਨ੍ਹਾਂ ਅਨੁਸਾਰ ਏਅਰਪੋਰਟ ਅਥਾਰਟੀ ਆਫ਼ ਇੰਡੀਆ ਤੋਂ ਉਪਲਬਧ ਅੰਕੜਿਆਂ ਦੇ ਵਿਸ਼ਲੇਸ਼ਣ ਦੱਸਦੇ ਹਨ ਕਿ ਹਵਾਈ ਅੱਡੇ ਨੇ ਸਾਲ 2022 ਵਿੱਚ ਕੁਲ 22.4 ਲੱਖ ਯਾਤਰੀਆਂ ਦਾ ਸਵਾਗਤ ਕੀਤਾ, ਜਦੋਂ ਕਿ 2019 ਵਿੱਚ ਸਭ ਤੋਂ ਵੱਧ 25.63 ਲੱਖ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ। ਸਾਲ 2022 ਦੀ ਗਿਣਤੀ ਸਾਲ 2021 ਦੀ 13.2 ਲੱਖ ਦੇ ਮੁਕਾਬਲੇ 69.39 ਫ਼ੀਸਦੀ ਵੱਧ ਹੈ। ਗੁੰਮਟਾਲਾ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਹਵਾਈ ਅੱਡੇ ਤੋਂ ਸਾਲ 2022 ਵਿੱਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਤਕਰੀਬਨ 6.5 ਲੱਖ ਦਰਜ ਕੀਤੀ ਗਈ, ਜੋ ਕਿ ਸਾਲ 2021 ਦੀ 3 ਲੱਖ 7 ਹਜ਼ਾਰ ਦੀ ਗਿਣਤੀ ਤੋਂ ਦੁੱਗਣੀ ਨਾਲੋਂ ਵੀ ਵੱਧ ਹੈ। ਇਸ ਨਾਲ ਇੱਥੋਂ 111.4 ਫ਼ੀਸਦੀ ਦਾ ਵਾਧਾ ਹੋਇਆ ਹੈ। ਇਹੀ ਨਹੀਂ, ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 68.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਆਨਲਾਈਨ ਸਾਈਟ 'ਤੇ ਲੱਭੀ ਸੀ ਲਾੜੀ, ਬੱਚਾ ਜੰਮਣ ਤੋਂ ਬਾਅਦ ਪੈ ਗਿਆ ਭੜਥੂ, ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ

ਸਾਲ 2022 'ਚ ਘਰੇਲੂ ਯਾਤਰੀਆਂ ਦੀ ਗਿਣਤੀ ਵੀ 56.2 ਫ਼ੀਸਦੀ ਵੱਧ ਕੇ 15.8 ਲੱਖ ਹੋ ਗਈ ਹੈ ਅਤੇ ਘਰੇਲੂ ਉਡਾਣਾਂ ਦੇ ਜਹਾਜ਼ਾਂ ਦੀ ਆਵਾਜਾਈ ਵਿੱਚ ਵੀ 37.1 ਫ਼ੀਸਦੀ ਵਾਧਾ ਹੋਇਆ ਹੈ। ਦਸੰਬਰ 2022 ਦੇ ਮਹੀਨੇ ਲਈ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਕੁਲ 2,40,200 ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ, ਜੋ ਕਿ ਮਾਰਚ 2020 'ਚ ਮੁਕੰਮਲ ਤਾਲਾਬੰਦੀ ਕਾਰਨ ਪੂਰੇ ਭਾਰਤ ਵਿੱਚ ਉਡਾਣਾਂ ਨੂੰ ਮੁਅੱਤਲ ਕਰਨ ਤੋਂ ਬਾਅਦ ਸਭ ਤੋਂ ਵੱਧ ਹੈ। ਤਾਲਾਬੰਦੀ ਤੋਂ ਪਹਿਲਾਂ ਦਸੰਬਰ 2019 ਮਹੀਨੇ ਵਿੱਚ ਸਭ ਤੋਂ ਵੱਧ ਸੰਖਿਆ 2,55,364 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਵਿਖੇ ਕੈਟ-3ਬੀ ਇੰਸਟਰੂਮੈਂਟ ਲੈਂਡਿੰਗ ਸਿਸਟਮ ਦੇ ਹੋਣ ਨਾਲ ਦਸੰਬਰ ਦੇ ਮਹੀਨੇ ਸੰਘਣੀ ਧੁੰਦ ਦੇ ਬਾਵਜੂਦ ਬਹੁਤ ਹੀ ਘੱਟ ਉਡਾਣਾਂ ਰੱਦ ਜਾਂ ਕਿਸੇ ਹੋਰ ਲਾਗਲੇ ਏਅਰਪੋਰਟ ਵੱਲ ਨੂੰ ਮੋੜੀਆਂ ਗਈਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News