ਪੰਜਾਬ ਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀ

05/18/2022 7:14:45 PM

ਚੰਡੀਗੜ੍ਹ (ਬਿਊਰੋ) : ਰੱਖਿਆ ਸੇਵਾਵਾਂ ਦੇ ਜਵਾਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਮਿਸਾਲੀ ਸੇਵਾਵਾਂ ਬਦਲੇ ਐਵਾਰਡ ਜਿੱਤਣ ਵਾਲਿਆਂ ਲਈ ਜ਼ਮੀਨ ਬਦਲੇ ਨਕਦ ਰਾਸ਼ੀ ਤੇ ਕੈਸ਼ ਐਵਾਰਡ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਇਨ੍ਹਾਂ ਐਵਾਰਡ ਜੇਤੂਆਂ ਲਈ ਵੱਡੀ ਤਸੱਲੀ ਦਾ ਸਬੱਬ ਹੈ ਅਤੇ ਇਸ ਫੈਸਲੇ ਨਾਲ ਹੋਰ ਜਵਾਨ ਵੀ ਭਵਿੱਖ ਵਿੱਚ ਦੇਸ਼ ਪ੍ਰਤੀ ਆਪਾ ਵਾਰਨ ਲਈ ਉਤਸ਼ਾਹਿਤ ਹੋਣਗੇ।

ਇਹ ਵੀ ਪੜ੍ਹੋ : ਸਮਾਜਿਕ ਸੁਰੱਖਿਆ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਇਸ ਤਹਿਤ ਜ਼ਮੀਨ ਬਦਲੇ ਨਕਦ ਰਾਸ਼ੀ ਸਰਵੋਤਮ ਯੁੱਧ ਸੇਵਾ ਮੈਡਲ ਜੇਤੂਆਂ ਲਈ ਹੁਣ 2 ਲੱਖ ਦੀ ਥਾਂ 2.80 ਲੱਖ ਰੁਪਏ ਹੋਵੇਗੀ, ਉੱਤਮ ਯੁੱਧ ਸੇਵਾ ਮੈਡਲ ਜੇਤੂਆਂ ਲਈ ਇਹ ਰਾਸ਼ੀ ਇਕ ਲੱਖ ਦੀ ਥਾਂ 1.40 ਲੱਖ ਰੁਪਏ, ਯੁੱਧ ਸੇਵਾ ਮੈਡਲ ਜੇਤੂਆਂ ਲਈ 50 ਹਜ਼ਾਰ ਤੋਂ 70 ਹਜ਼ਾਰ ਰੁਪਏ, ਸੈਨਾ/ਨੌ ਸੈਨਾ/ਵਾਯੂ ਸੈਨਾ ਮੈਡਲ (ਡੀ) ਜੇਤੂਆਂ ਲਈ 30 ਹਜ਼ਾਰ ਤੋਂ 42 ਹਜ਼ਾਰ ਰੁਪਏ, ਮੈਨਸ਼ਨ-ਇਨ-ਡਿਸਪੈਚਜ਼ (ਡੀ) ਜੇਤੂਆਂ ਲਈ 15 ਹਜ਼ਾਰ ਦੀ ਥਾਂ 21 ਹਜ਼ਾਰ, ਪਰਮ ਵਿਸ਼ਿਸਟ ਸੇਵਾ ਮੈਡਲ ਜੇਤੂਆਂ ਲਈ 2 ਲੱਖ ਤੋਂ 2.80 ਲੱਖ ਰੁਪਏ, ਅਤੀ ਵਿਸ਼ਿਸਟ ਸੇਵਾ ਮੈਡਲ ਜੇਤੂਆਂ ਲਈ 75 ਹਜ਼ਾਰ ਤੋਂ 1.05 ਲੱਖ ਅਤੇ ਵਿਸ਼ਿਸਟ ਸੇਵਾ ਮੈਡਲ ਜੇਤੂਆਂ 30 ਹਜ਼ਾਰ ਤੋਂ 42 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ ਵਿੱਚ ਪ੍ਰਿੰਸੀਪਲ ਤਲਬ

ਇਸੇ ਤਰ੍ਹਾਂ ਕੈਸ਼ ਐਵਾਰਡ ਵਿੱਚ ਵੀ ਵਾਧਾ ਕਰਦਿਆਂ ਸਰਵੋਤਮ ਯੁੱਧ ਸੇਵਾ ਮੈਡਲ ਜੇਤੂਆਂ ਲਈ 25 ਹਜ਼ਾਰ ਤੋਂ 35 ਹਜ਼ਾਰ, ਉੱਤਮ ਯੁੱਧ ਸੇਵਾ ਮੈਡਲ ਜੇਤੂਆਂ ਲਈ 15 ਹਜ਼ਾਰ ਤੋਂ 21 ਹਜ਼ਾਰ ਰੁਪਏ, ਯੁੱਧ ਸੇਵਾ ਮੈਡਲ ਜੇਤੂਆਂ ਲਈ 10 ਹਜ਼ਾਰ ਤੋਂ 14 ਹਜ਼ਾਰ ਰੁਪਏ, ਸੈਨਾ/ਨੌ ਸੈਨਾ/ਵਾਯੂ ਸੈਨਾ ਮੈਡਲ (ਡੀ) ਜੇਤੂਆਂ ਲਈ ਕੈਸ਼ ਐਵਾਰਡ 8 ਹਜ਼ਾਰ ਤੋਂ ਵਧਾ ਕੇ 11,200 ਰੁਪਏ ਕਰ ਦਿੱਤਾ ਗਿਆ। ਇਸੇ ਸ਼੍ਰੇਣੀ ਵਿੱਚ ਮੈਨਸ਼ਨ-ਇਨ-ਡਿਸਪੈਚ (ਡੀ) ਜੇਤੂਆਂ ਨੂੰ ਕੈਸ਼ ਐਵਾਰਡ 7 ਹਜ਼ਾਰ ਤੋਂ 9800 ਰੁਪਏ, ਪਰਮ ਵਿਸ਼ਿਸਟ ਸੇਵਾ ਮੈਡਲ ਜੇਤੂਆਂ ਨੂੰ 20 ਹਜ਼ਾਰ ਤੋਂ 28 ਹਜ਼ਾਰ ਰੁਪਏ, ਅਤੀ ਵਿਸ਼ਿਸਟ ਸੇਵਾ ਮੈਡਲ ਜੇਤੂਆਂ ਲਈ 10 ਹਜ਼ਾਰ ਤੋਂ 14 ਹਜ਼ਾਰ ਰੁਪਏ ਅਤੇ ਵਿਸ਼ਿਸਟ ਸੇਵਾ ਮੈਡਲ ਜੇਤੂਆਂ ਲਈ 5 ਹਜ਼ਾਰ ਤੋਂ 7 ਹਜ਼ਾਰ ਰੁਪਏ ਐਵਾਰਡ ਰਾਸ਼ੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਐਵਾਰਡ ਰਾਸ਼ੀ ਵਿੱਚ ਸਾਲ 2011 ਤੋਂ ਬਾਅਦ ਕੋਈ ਵਾਧਾ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ : CM ਮਾਨ ਨੇ ਬਾਰ ਐਸੋਸੀਏਸ਼ਨ ਨੂੰ 2.5 ਕਰੋੜ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ

ਸ਼ਹੀਦ ਫੌਜੀਆਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ

ਇਕ ਹੋਰ ਅਹਿਮ ਫੈਸਲੇ 'ਚ ਕੈਬਨਿਟ ਨੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਰੁਪਏ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨੂੰ ਦੇਸ਼ ਦੀ ਖੜਗਭੁਜਾ ਆਖਿਆ ਜਾਂਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪੰਜਾਬੀਆਂ ਨੇ ਰੱਖਿਆ ਸੇਵਾਵਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ਦੇ ਸੈਨਿਕਾਂ ਨੇ ਵੱਖ-ਵੱਖ ਜੰਗਾਂ ਵਿੱਚ ਦੇਸ਼ ਲਈ ਕਾਫੀ ਨਾਮਣਾ ਖੱਟਿਆ ਹੈ। ਰੱਖਿਆ ਸੇਵਾਵਾਂ 'ਚ ਰਹਿੰਦਿਆਂ ਦੇਸ਼ ਲਈ ਆਪਾ ਵਾਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਲੀ ਮਦਦ ਦਿੱਤੀ ਜਾਂਦੀ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News