ਜਲੰਧਰ ’ਚ ਚੋਰੀ, ਡਕੈਤੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਵਧਣ ਦਾ ਮੁੱਖ ਕਾਰਨ ਬੰਦ ਪਈਆਂ ਹਜ਼ਾਰਾਂ ਸਟਰੀਟ ਲਾਈਟਾਂ
Saturday, Aug 17, 2024 - 11:29 AM (IST)
ਜਲੰਧਰ (ਖੁਰਾਣਾ)–ਜਲੰਧਰ ਸ਼ਹਿਰ ਵਿਚ ਲੱਗੀਆਂ ਪੁਰਾਣੀਆਂ ਸੋਡੀਅਮ ਸਟਰੀਟ ਲਾਈਟਾਂ ਨੂੰ ਬਦਲਣ ਦੇ ਕੰਮ ’ਤੇ ਲੱਗਭਗ 58 ਕਰੋੜ ਰੁਪਏ ਖ਼ਰਚ ਕਰਨ ਅਤੇ 71 ਹਜ਼ਾਰ ਤੋਂ ਵੱਧ ਨਵੀਆਂ ਐੱਲ. ਈ. ਡੀ. ਸਟਰੀਟ ਲਾ ਦਿੱਤੇ ਜਾਣ ਦੇ ਬਾਵਜੂਦ ਵੀ ਅੱਜ ਅੱਧਾ ਜਲੰਧਰ ਸ਼ਹਿਰ ਹਨੇਰੇ ਵਿਚ ਡੁੱਬਿਆ ਹੋਇਆ ਹੈ। ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਦੇ ਬਾਵਜੂਦ ਸ਼ਹਿਰ ਦੇ ਸਟਰੀਟ ਲਾਈਟ ਸਿਸਟਮ ਵਿਚ ਕੋਈ ਸੁਧਾਰ ਨਹੀਂ ਆਇਆ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਦਾ ਸਭ ਤੋਂ ਵੱਡਾ ਘਪਲਾ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਵਿਚ ਹੀ ਹੋਇਆ। ਇਸ ਪ੍ਰਾਜੈਕਟ ਵਿਚ ਇੰਨਾ ਘਪਲਾ ਹੈ ਕਿ ਹੁਣ ਸਮਾਰਟ ਸਿਟੀ ਜਲੰਧਰ ਵਿਚ ਬੈਠਾ ਕੋਈ ਅਧਿਕਾਰੀ ਇਸ ਪ੍ਰਾਜੈਕਟ ਦੀਆਂ ਫਾਈਲਾਂ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ, ਜਿਸ ਕਾਰਨ ਹੁਣ ਸਾਰਾ ਪੁਲੰਦਾ ਪੰਜਾਬ ਸਰਕਾਰ ਕੋਲ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਸਮਾਰਟ ਸਿਟੀ ਦੇ ਇਸ ਪ੍ਰਾਜੈਕਟ ਦਾ ਪੰਜਾਬ ਸਰਕਾਰ ਨੇ ਥਰਡ ਪਾਰਟੀ ਆਡਿਟ ਵੀ ਕਰਵਾਇਆ ਸੀ, ਜਿਸ ਦੌਰਾਨ ਕਈ ਗੜਬੜੀਆਂ ਪਾਈਆਂ ਗਈਆਂ। ਉਸ ਰਿਪੋਰਟ ਨੂੰ ਅਤੇ ਹਾਲ ਹੀ ਵਿਚ ਆਈ ਕੈਗ ਦੀ ਰਿਪੋਰਟ ਨੂੰ ਵੀ ਹੁਣ ਪੰਜਾਬ ਸਰਕਾਰ ਨੂੰ ਰੈਫਰ ਕਰ ਦਿੱਤਾ ਗਿਆ ਹੈ ਪਰ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਕੋਈ ਐਕਸ਼ਨ ਨਹੀਂ ਲੈ ਰਹੇ।
ਹੁਣ ਹਾਲਾਤ ਇਹ ਹਨ ਕਿ ਜਲੰਧਰ ਸ਼ਹਿਰ ਵਿਚ ਚੋਰੀਆਂ, ਡਕੈਤੀਆਂ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਦਾ ਮੁੱਖ ਕਾਰਨ ਇਹੀ ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਸ਼ਹਿਰ ਦੀਆਂ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹੋਈਆਂ ਹਨ, ਜਿਸ ਕਾਰਨ ਹਰ ਪਾਸੇ ਹਨੇਰਾ ਛਾਇਆ ਹੈ। ਇਨ੍ਹਾਂ ਲਾਈਟਾਂ ਨੂੰ ਨਾ ਤਾਂ ਨਿਗਮ ਕਮਿਸ਼ਨਰ, ਨਾ ਡਿਪਟੀ ਕਮਿਸ਼ਨਰ ਅਤੇ ਨਾ ਹੀ ਪੁਲਸ ਕਮਿਸ਼ਨਰ ਠੀਕ ਕਰਵਾ ਪਾ ਰਹੇ ਹਨ ਕਿਉਂਕਿ ਇਨ੍ਹਾਂ ਲਾਈਟਾਂ ਨੂੰ ਲਾਉਣ ਵਾਲੀ ਕੰਪਨੀ ਇਨ੍ਹਾਂ ਨੂੰ ਮੇਨਟੇਨ ਨਹੀਂ ਕਰ ਰਹੀ ਹੈ ਅਤੇ ਨਿਗਮ ਕੋਲ ਕੋਈ ਸਟਾਫ਼ ਨਹੀਂ ਹੈ।
ਇਹ ਵੀ ਪੜ੍ਹੋ- ਸੇਵਾ ਕੇਂਦਰਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ, ਬਦਲਿਆ ਸਮਾਂ
ਕੰਪਨੀ ਸਟਾਫ਼ ਨੇ ਨਿਗਮ ਆ ਕੇ ਦਿੱਤਾ ਧਰਨਾ, 6 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ
ਸ਼ਹਿਰ ਵਿਚ 70 ਹਜ਼ਾਰ ਤੋਂ ਵੱਧ ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਵਾਲੀ ਕੰਪਨੀ ਐੱਚ. ਪੀ. ਐੱਲ. ਨੇ 5 ਸਾਲ ਤਕ ਇਨ੍ਹਾਂ ਨੂੰ ਮੇਨਟੇਨ ਵੀ ਕਰਨਾ ਸੀ ਪਰ ਇਸ ਕੰਪਨੀ ਨੇ ਮੇਨਟੀਨੈਂਸ ਦੇ ਕੰਮ ਲਈ ਮਨਖਾ ਇਲੈਕਟ੍ਰੋਟੈਕ ਨੂੰ ਅੱਗੇ ਕੀਤਾ ਹੋਇਆ ਹੈ। ਮਨਖਾ ਕੰਪਨੀ ਨੇ ਇਨ੍ਹਾਂ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਦਾ ਕੰਮ ਕਰ ਰਹੇ ਆਪਣੇ ਕਰਮਚਾਰੀਆਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ। ਇਨ੍ਹਾਂ ਕਰਮਚਾਰੀਆਂ ਨੇ ਅੱਜ ਨਿਗਮ ਕੰਪਲੈਕਸ ਆ ਕੇ ਧਰਨਾ ਦਿੱਤਾ ਅਤੇ ਕੰਪਨੀ ਦਾ ਆਫਿਸ ਵੀ ਘੇਰਿਆ, ਜਿੱਥੇ ਕੋਈ ਮੌਜੂਦ ਨਹੀਂ ਸੀ।
ਇਨ੍ਹਾਂ ਕਰਮਚਾਰੀਆਂ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਵਿਆਜ ’ਤੇ ਪੈਸੇ ਆਦਿ ਲੈ ਕੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਕਮਿਸ਼ਨਰ ਨੇ ਕੰਪਨੀ ਨੂੰ ਕੁਝ ਦਿਨ ਪਹਿਲਾਂ ਹੀ 46 ਲੱਖ ਰੁਪਏ ਦਾ ਭੁਗਤਾਨ ਕੀਤਾ ਹੈ ਪਰ ਕੰਪਨੀ ਨੇ ਫਿਰ ਵੀ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਕੰਪਨੀ ਤੇ ਸਮਾਰਟ ਸਿਟੀ ਅਤੇ ਨਗਰ ਨਿਗਮ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਵਿਵਾਦ ਪੈਦਾ ਹੋ ਰਹੇ ਹਨ। ਕੰਪਨੀ ਦੇ ਕਰਮਚਾਰੀ ਹੜਤਾਲ ’ਤੇ ਚੱਲ ਰਹੇ ਹਨ। ਇਸ ਹੜਤਾਲ ਕਾਰਨ ਇਨ੍ਹੀਂ ਦਿਨੀਂ ਪੂਰੇ ਸ਼ਹਿਰ ਵਿਚ ਹਨੇਰਾ ਫੈਲਿਆ ਹੋਇਆ ਹੈ, ਜਿਸ ਕਾਰਨ ਵਾਰਦਾਤਾਂ ਵਧ ਰਹੀਆਂ ਹਨ।
ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦਾ ਸਾਰਾ ਰਿਕਾਰਡ ਵਿਜੀਲੈਂਸ ਕੋਲ
ਸਟੇਟ ਵਿਜੀਲੈਂਸ ਦੇ ਜਲੰਧਰ ਯੂਨਿਟ ਵਿਚ ਜਲੰਧਰ ਸਮਾਰਟ ਸਿਟੀ ਦੇ ਭ੍ਰਿਸ਼ਟਾਚਾਰ ਅਤੇ ਲਾਪ੍ਰਵਾਹੀ ਸਬੰਧੀ ਜਿਹੜੀ ਜਾਂਚ ਚੱਲ ਰਹੀ ਹੈ, ਉਸ ਵਿਚ ਸਭ ਤੋਂ ਪਹਿਲਾ ਐਕਸ਼ਨ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ’ਤੇ ਹੋਣਾ ਤੈਅ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਦੀ ਜਾਂਚ ਨਾਲ ਜੁੜੇ ਅਧਿਕਾਰੀ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਦਾ ਕਾਫੀ ਰਿਕਾਰਡ ਛਾਣ ਚੁੱਕੇ ਹਨ ਅਤੇ ਰਿਪੋਰਟ ਤਕ ਤਿਆਰ ਕੀਤੀ ਜਾ ਰਹੀ ਹੈ, ਜਿਸ ਵਿਚ ਸਾਫ ਹੋਵੇਗਾ ਕਿ ਕਿਸ ਤਰ੍ਹਾਂ ਕਦਮ-ਕਦਮ ’ਤੇ ਇਸ ਪ੍ਰਾਜੈਕਟ ਵਿਚ ਗੜਬੜੀ ਕੀਤੀ ਗਈ ਅਤੇ ਦਿੱਲੀ ਦੀ ਕੰਪਨੀ ਨੂੰ ਭਰਪੂਰ ਫਾਇਦਾ ਪਹੁੰਚਾਇਆ ਗਿਆ। ਇਸ ਪ੍ਰਾਜੈਕਟ ਵਿਚ ਸਭ ਤੋਂ ਵੱਡੀ ਗੜਬੜੀ ਇਹ ਸਾਹਮਣੇ ਆ ਰਹੀ ਹੈ ਕਿ ਇਸ ਪ੍ਰਾਜੈਕਟ ਦੀ ਲਾਗਤ ਜਲੰਧਰ ਸਮਾਰਟ ਸਿਟੀ ਦੇ ਇਕ ਸਾਬਕਾ ਸੀ. ਈ. ਓ. ਨੇ ਆਪਣੀ ਮਰਜ਼ੀ ਨਾਲ ਹੀ 43.87 ਕਰੋੜ ਤੋਂ ਵਧਾ ਕੇ 57.92 ਕਰੋੜ ਰੁਪਏ ਕਰ ਦਿੱਤੀ। ਇਸਦੀ ਮਨਜ਼ੂਰੀ ਨਗਰ ਨਿਗਮ ਦੇ ਕੌਂਸਲਰ ਹਾਊਸ ਤੋਂ ਵੀ ਨਹੀਂ ਲਈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਜੱਗੂ ਭਗਵਾਨਪੁਰੀਆ ਗੈਂਗ ਦੇ 4 ਮੈਂਬਰ ਹਥਿਆਰਾਂ ਨਾਲ ਗ੍ਰਿਫ਼ਤਾਰ
ਨਿਯਮਾਂ ਦੇ ਮੁਤਾਬਕ ਟੈਂਡਰ ਦੀ ਰਕਮ 14 ਕਰੋੜ ਰੁਪਏ ਵਧਾਉਣ ਲਈ ਸਮਾਰਟ ਸਿਟੀ ਦੇ ਅਫਸਰਾਂ ਨੇ ਚੰਡੀਗੜ੍ਹ ਵਿਚ ਬੈਠੀ ਸਟੇਟ ਲੈਵਲ ਦੀ ਟੈਕਨੀਕਲ ਕਮੇਟੀ ਤੋਂ ਇਸ ਦੀ ਮਨਜ਼ੂਰੀ ਲੈਣੀ ਸੀ ਪਰ ਉਦੋਂ ਸਮਾਰਟ ਸਿਟੀ ਦੇ ਸੀ. ਈ. ਓ. ਅਤੇ ਹੋਰਨਾਂ ਅਧਿਕਾਰੀਆਂ ਨੇ ਇਸਦੀ ਪ੍ਰਵਾਹ ਨਹੀਂ ਕੀਤੀ ਅਤੇ ਸਟੇਟ ਲੈਵਲ ਟੈਕਨੀਕਲ ਕਮੇਟੀ ਤੋਂ ਇਸ ਵਾਧੇ ਦੀ ਮਨਜ਼ੂਰੀ ਹੀ ਨਹੀਂ ਲਈ ਗਈ। ਉਦੋਂ ਇਹ ਪ੍ਰਾਜੈਕਟ ਭਾਵੇਂ ਸਮਾਰਟ ਸਿਟੀ ਨੇ ਬਣਾਇਆ ਅਤੇ ਪੈਸੇ ਵੀ ਦਿੱਤੇ ਪਰ ਕੰਪਨੀ ਨੇ ਦੇਸੀ ਢੰਗ ਨਾਲ ਕੰਮ ਕੀਤਾ। ਕਈ ਜਗ੍ਹਾ ਲਾਈਟਾਂ ਨੂੰ ਕਲੰਪ ਤਕ ਨਹੀਂ ਲਾਏ। ਕੋਈ ਕੰਟਰੋਲ ਰੂਮ ਨਹੀਂ ਬਣਾਇਆ ਗਿਆ। ਸਿਸਟਮ ਨੂੰ ਢੰਗ ਨਾਲ ਅਰਥ ਨਹੀਂ ਕੀਤਾ ਗਿਆ, ਜਦਕਿ ਇਹ ਕਾਂਟਰੈਕਟ ਵਿਚ ਸ਼ਾਮਲ ਸੀ। ਪੁਰਾਣੀਆਂ ਲਾਈਟਾਂ ਨੂੰ ਅਜਿਹੇ ਠੇਕੇਦਾਰ ਦੇ ਹਵਾਲੇ ਕਰ ਦਿੱਤਾ, ਜਿਸ ਕੋਲ ਟੈਂਡਰ ਹੀ ਨਹੀਂ ਸੀ। ਸਮਾਰਟ ਸਿਟੀ ਨੇ ਕੰਪਨੀ ਨੂੰ ਫਾਲਤੂ ਪੇਮੈਂਟ ਕਰ ਦਿੱਤੀ, ਜਿਸ ਨੂੰ ਬਾਅਦ ਵਿਚ ਪੰਜਾਬ ਸਰਕਾਰ ਵਿਆਜ ਸਮੇਤ ਮੰਗਦੀ ਰਹੀ। ਪਿੰਡਾਂ ਵਿਚ ਘੱਟ ਵਾਟ ਦੀਆਂ ਲਾਈਟਾਂ ਲਾ ਕੇ ਵੀ ਟੈਂਡਰ ਦੀਆਂ ਸ਼ਰਤਾਂ ਦਾ ਖੁੱਲ੍ਹਮ-ਖੁੱਲ੍ਹਾ ਉਲੰਘਣ ਕੀਤਾ ਗਿਆ।
ਇਹ ਵੀ ਪੜ੍ਹੋ- ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ, ਨਵੰਬਰ 'ਚ ਰੱਖਿਆ ਸੀ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ