ਦੋ ਸਾਲਾਂ ''ਚ ਗਠਿਤ ਹੋਈਆਂ ਦਰਜਨਾਂ ਐੱਸ. ਆਈ. ਟੀਜ਼ ਤੇ ਨਤੀਜਾ ਸਿਫਰ

07/21/2017 1:26:49 AM

ਚੰਡੀਗੜ੍ਹ - ਪੰਜਾਬ ਵਿਚ ਅੱਤਵਾਦ ਦੇ ਦੌਰ 'ਚ ਵੱਡੇ-ਵੱਡੇ ਮਾਮਲੇ ਸੁਲਝਾਉਣ ਅਤੇ ਅੱਤਵਾਦ ਦੇ ਖਾਤਮੇ ਦਾ ਸਿਹਰਾ ਆਪਣੇ ਸਿਰ ਸਜਾਈ ਰੱਖਣ ਵਾਲੀ ਪੰਜਾਬ ਪੁਲਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਵਾਲੀ ਪੁਲਸ ਬਣਦੀ ਨਜ਼ਰ ਆ ਰਹੀ ਹੈ। ਆਲਮ ਇਹ ਹੈ ਕਿ ਜਿਹੜੇ-ਜਿਹੜੇ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ, ਉਨ੍ਹਾਂ-ਉਨ੍ਹਾਂ ਮਾਮਲਿਆਂ 'ਚ ਹਾਲੇ ਤਕ ਨਤੀਜਾ ਕੁਝ ਨਹੀਂ ਨਿਕਲਿਆ ਹੈ। ਇਹੋ ਨਹੀਂ ਕਈ ਮਾਮਲਿਆਂ 'ਚ ਜਾਂਚ ਦੌਰਾਨ ਕੁਝ ਵੀ ਹੱਥ ਨਾ ਲੱਗਣ ਕਾਰਨ ਹਾਈ-ਪ੍ਰੋਫਾਈਲ ਮਾਮਲੇ ਤਾਂ ਸੀ. ਬੀ. ਆਈ. ਨੂੰ ਵੀ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ 'ਚ ਇਕ ਪਾਦਰੀ ਦੀ ਹੱਤਿਆ ਦੇ ਮਾਮਲੇ 'ਚ ਵੀ ਐੱਸ. ਆਈ. ਟੀ. ਦਾ ਗਠਨ ਕੀਤਾ ਗਿਆ। ਹੁਣ ਵੇਖਣਾ ਇਹ ਹੈ ਕਿ ਜਾਂਚ ਕਿਸ ਪੱਧਰ ਤਕ ਪਹੁੰਚਦੀ ਹੈ। ਲਗਾਤਾਰ ਨਾਕਾਮੀਆਂ ਕਾਰਨ ਪੰਜਾਬ ਪੁਲਸ 'ਤੇ ਦਬਾਅ ਵੀ ਵਧ ਰਿਹਾ ਹੈ। ਇਹ ਦਬਾਅ ਕੇਸਾਂ 'ਚ ਸਿਆਸੀ ਪੱਖਪਾਤ ਲਈ ਨਹੀਂ, ਸਗੋਂ ਅਪਰਾਧਿਕ ਕੇਸਾਂ ਨੂੰ ਹੱਲ ਕਰ ਕੇ ਅਪਰਾਧੀਆਂ ਨੂੰ ਕਾਬੂ ਕਰਨ ਨੂੰ ਲੈ ਕੇ ਹੈ। ਪੁਲਸ ਵਿਭਾਗ ਦੇ ਅਫਸਰਾਂ ਦਾ ਮੰਨਣਾ ਹੈ ਕਿ ਪਿਛਲੀ ਸਰਕਾਰ ਦੀ ਤਰ੍ਹਾਂ ਸਿਆਸੀ ਦਬਾਅ ਨਹੀਂ ਹੈ ਪਰ ਇਸ ਦੇ ਬਾਵਜੂਦ ਹਾਈ-ਪ੍ਰੋਫਾਈਲ ਮਾਮਲਿਆਂ 'ਚ ਹੱਥ ਖਾਲੀ ਹੋਣ ਨਾਲ ਪੁਲਸ ਦੀ ਕਾਰਜ ਸਮਰੱਥਾ 'ਤੇ ਸੁਆਲ ਖੜ੍ਹੇ ਹੋ ਰਹੇ ਹਨ।
2017 'ਚ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਲਗਾਤਾਰ ਬਣ ਰਹੀਆਂ, ਨਤੀਜਾ ਨਹੀਂ ਨਿਕਲ ਰਿਹਾ
ਖਾਸ ਗੱਲ ਇਹ ਹੈ ਕਿ 2017 'ਚ ਵੀ ਅਜਿਹੀਆਂ ਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣਦੀਆਂ ਆ ਰਹੀਆਂ ਹਨ। ਮਈ ਮਹੀਨੇ ਦੌਰਾਨ ਰਾਜਪੁਰਾ-ਬਨੂੜ ਰੋਡ 'ਤੇ ਸ਼ਰੇਆਮ ਲੁੱਟੀ ਗਈ ਕੈਸ਼ ਵੈਨ ਦੇ ਮਾਮਲੇ ਦੀ ਜਾਂਚ ਵੀ ਐੱਸ. ਆਈ. ਟੀ. ਕੋਲ ਹੈ। ਠੀਕ ਇਸੇ ਤਰ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਦੇ ਮੋੜ ਮੰਡੀ 'ਚ ਬੰਬ ਧਮਾਕਿਆਂ ਦੇ ਮਾਮਲੇ 'ਚ ਵੀ ਜਾਂਚ ਦਾ ਜ਼ਿੰਮਾ ਐੱਸ. ਆਈ. ਟੀ. ਨੂੰ ਸੌਂਪਿਆ ਗਿਆ ਸੀ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਦੋਸ਼ੀ ਛੇਤੀ ਹੀ ਫੜ ਲਏ ਜਾਣਗੇ। ਆਲਮ ਇਹ ਹੈ ਕਿ ਕਾਂਗਰਸੀ ਨੇਤਾ ਹਰਮਿੰਦਰ ਸਿੰਘ ਜੱਸੀ, ਜਿਨ੍ਹਾਂ ਦੀ ਚੋਣ ਸਭਾ ਨੂੰ ਟਾਰਗੇਟ ਕਰ ਕੇ ਧਮਾਕਾ ਕੀਤਾ ਗਿਆ ਸੀ, ਵੀ ਪੁਲਸ ਅਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕਰ ਚੁੱਕੇ ਹਨ ਕਿ ਮੌੜ ਮੰਡੀ ਬਲਾਸਟ ਦੀ ਜਾਂਚ ਵਿਚ ਤੇਜ਼ੀ ਲਿਆਂÎਦੀ ਜਾਵੇ।  ਕੁਝ ਅਜਿਹੀ ਨਾਕਾਮੀ ਅਮਰਗੜ੍ਹ ਦੇ ਨੇੜੇ ਡੇਰਾ ਸਿਰਸਾ ਦੇ ਨਾਮ ਚਰਚਾ ਘਰ 'ਚ ਹੋਈ ਡੇਰਾ ਪ੍ਰੇਮੀਆਂ ਦੀ ਹੱਤਿਆ ਦੇ ਮਾਮਲੇ 'ਚ ਵੀ ਪੁਲਸ ਨੂੰ ਮਿਲੀ। ਮਾਮਲੇ 'ਚ ਜਨਤਾ ਦਾ ਗੁੱਸਾ ਵਧਣ ਤੋਂ ਬਾਅਦ ਐੱਸ. ਆਈ. ਟੀ. ਗਠਤ ਕੀਤੀ ਗਈ ਸੀ ਪਰ ਹਾਲੇ ਤਕ ਦੋਸ਼ੀਆਂ ਦਾ ਕੁਝ ਪਤਾ ਨਹੀਂ ਲਾਇਆ ਜਾ ਸਕਿਆ। ਪੁਲਸ ਨੂੰ ਪੀੜਤ ਪਰਿਵਾਰ ਨੂੰ ਹੌਸਲਾ ਰਾਸ਼ੀ ਅਤੇ ਨੌਕਰੀਆਂ ਦੇ ਕੇ ਆਪਣਾ ਪੱਲਾ ਛੁਡਾਉਣਾ ਪਿਆ। ਹਾਲਾਂਕਿ ਪੁਲਸ ਹਾਲੇ ਵੀ ਦਾਅਵਾ ਕਰ ਰਹੀ ਹੈ ਕਿ ਕੇਸ 'ਤੇ ਲਗਾਤਾਰ ਕੰਮ ਜਾਰੀ ਹੈ।
ਬਾਈਕ 'ਗੈਂਗ' ਬਣ ਰਿਹਾ ਸਿਰਦਰਦ
ਪੰਜਾਬ ਪੁਲਸ ਲਈ ਬਾਈਕ 'ਗੈਂਗ' ਸਿਰਦਰਦ ਬਣ ਰਿਹਾ ਹੈ। ਗੈਂਗ ਲਗਾਤਾਰ ਪੰਜਾਬ ਪੁਲਸ ਦੀ ਕਾਰਜ ਸਮਰੱਥਾ ਨੂੰ ਚੁਣੌਤੀ ਦੇ ਰਿਹਾ ਹੈ। ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਹਰ ਵਾਰਦਾਤ 'ਚ ਮੋਟਰਸਾਈਕਲ ਸਵਾਰ ਦੋ ਦੋਸ਼ੀ ਦੱਸੇ ਜਾਂਦੇ ਹਨ। ਉਹ ਅਕਸਰ .32 ਤੇ .38 ਬੋਰ ਦੇ ਛੋਟੇ ਹਥਿਆਰ ਦੀ ਵਰਤੋਂ ਕਰਦੇ ਹਨ। ਵਾਰਦਾਤਾਂ ਨੂੰ ਅੰਜਾਮ ਦੇਣ ਦੇ ਤਰੀਕੇ ਤੋਂ ਸਪਸ਼ਟ ਹੁੰਦਾ ਹੈ ਕਿ ਹਮਲੇ ਲਈ ਪੂਰੀ ਰੇਕੀ ਕੀਤੀ ਜਾਂਦੀ ਹੈ।  ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਕ ਵੀ ਕੇਸ 'ਚ ਪੁਖਤਾ ਲੀਡ ਹਾਸਲ ਹੋ ਜਾਂਦੀ ਹੈ ਤਾਂ ਦੋਸ਼ੀਆਂ ਤਕ ਪਹੁੰਚਿਆ ਜਾਏਗਾ ਅਤੇ ਸਾਰੇ ਮਾਮਲਿਆਂ ਦਾ ਪਰਦਾਫਾਸ਼ ਹੋ ਜਾਏਗਾ। ਸੀ. ਬੀ. ਆਈ. ਨੂੰ ਟ੍ਰਾਂਸਫਰ ਕੀਤੇ ਗਏ ਸੰਘ ਨੇਤਾ ਜਗਦੀਸ਼ ਗਗਨੇਜਾ ਅਤੇ ਨਾਮਧਾਰੀ ਸੰਪ੍ਰਦਾਏ ਦੀ ਮਾਤਾ ਚੰਦ ਕੌਰ ਹੱਤਿਆ ਦੇ ਮਾਮਲੇ 'ਚ ਵੀ ਹਮਲਾਵਰ ਬਾਈਕ ਸਵਾਰ ਹੀ ਸਨ। ਠੀਕ ਇਸੇ ਤਰ੍ਹਾਂ ਹੀ ਖੰਨਾ 'ਚ ਸ਼ਿਵ ਸੈਨਾ ਨੇਤਾ ਦੁਰਗਾ ਪ੍ਰਸਾਦ ਦੀ ਹੱਤਿਆ, ਲੁਧਿਆਣਾ 'ਚ ਰਾਸ਼ਟਰੀ ਸਵੈ ਸੇਵਕ ਸੰਘ ਦੀ ਸ਼ਾਖਾ ਤੋਂ ਸਵੈ ਸੇਵਕ ਨਰੇਸ਼ ਕੁਮਾਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਵੀ ਬਾਈਕ ਸਵਾਰ ਹੀ ਸ਼ਾਮਲ ਰਹੇ ਪਰ ਪੁਲਸ ਇਨ੍ਹਾਂ ਬਾਈਕ ਸਵਾਰਾਂ ਤਕ ਪਹੁੰਚ ਨਹੀਂ ਸਕੀ ਹੈ।
ਜਾਂਚ ਪੈ ਜਾਂਦੀ ਹੈ ਢਿੱਲੀ
ਕਿਸੇ ਵੀ ਵਾਰਦਾਤ 'ਚ ਪਬਲਿਕ ਦਾ ਗੁੱਸਾ ਵਧਣ ਅਤੇ ਪੁਲਸ ਦੀ ਜਾਂਚ 'ਤੇ ਸਵਾਲ ਉਠਣ ਤੋਂ ਬਾਅਦ ਸਭ ਤੋਂ ਆਸਾਨ ਰਾਹ ਐੱਸ. ਆਈ. ਟੀ. ਦੇ ਗਠਨ ਦਾ ਮੰਨਿਆ ਜਾ ਰਿਹਾ ਹੈ। ਐੱਸ. ਆਈ. ਟੀ. ਗਠਿਤ ਹੋਣ ਤੋਂ ਬਾਅਦ ਤੁਰੰਤ ਪੁਲਸ ਅਧਿਕਾਰੀ ਜਾਂਚ ਤੇਜ਼ ਹੋਣ ਦਾ ਦਾਅਵਾ ਕਰਨ ਲੱਗਦੇ ਹਨ। ਕੁਝ ਸਮੇਂ ਬਾਅਦ ਜਾਂਚ ਵੀ ਪੁਰਾਣੀ ਐੱਸ. ਆਈ. ਟੀ. ਵਲੋਂ ਲੰਬਿਤ ਰੱਖੇ ਗਏ ਮਾਮਲਿਆਂ ਦੀਆਂ ਫਾਈਲਾਂ ਦਾ ਨੰਬਰ ਵਧਾ ਦਿੰਦੀ ਹੈ। ਘੱਟੋ-ਘੱਟ ਪੰਜਾਬ ਪੁਲਸ ਵਲੋਂ ਲਗਭਗ ਦੋ ਸਾਲਾਂ ਦੌਰਾਨ ਬਣਾਈਆਂ ਗਈਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦੀ ਕਾਰਗੁਜ਼ਾਰੀ ਤੇ ਨਤੀਜਿਆਂ 'ਤੇ ਨਜ਼ਰ ਮਾਰਨ ਨਾਲ ਤਾਂ ਅਜਿਹਾ ਹੀ ਲੱਗਦਾ ਹੈ।


Related News