ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ''ਚ ਨਵੇਂ ਮੰਤਰੀਆਂ ਨੇ ਸੰਭਾਲੇ ਅਹੁਦੇ

04/25/2018 12:54:56 AM

ਚੰਡੀਗੜ੍ਹ (ਬਿਊਰੋ) - ਸੂਬਾ ਸਰਕਾਰ ਵਿਚ ਜੋਸ਼ ਦੀ ਨਵੀਂ ਲਹਿਰ ਭਰਦਿਆਂ ਪੰਜਾਬ ਵਜ਼ਾਰਤ ਦੇ ਨਵੇਂ ਮੰਤਰੀਆਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਵਿਭਾਗਾਂ ਦੇ ਅਹੁਦੇ ਸੰਭਾਲ ਲਏ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਲੋਕ ਸੇਵਾਂ ਲਈ 'ਬਿਹਤਰੀਨ' ਵਿਅਕਤੀ ਚੁਣੇ ਗਏ ਹਨ ਅਤੇ ਉਹ ਵਧੀਆ ਕਾਰਗੁਜ਼ਾਰੀ ਦਿਖਾਉਣਗੇ।

PunjabKesari

ਕੈਪਟਨ ਅਮਰਿੰਦਰ ਸਿੰਘ ਹੋਰ ਸੀਨੀਅਰ ਪਾਰਟੀ ਸਾਥੀਆਂ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਹੁਦਾ ਸੰਭਾਲਣ ਲਈ ਛੇਵੀਂ ਮੰਜ਼ਿਲ 'ਤੇ ਗਏ। ਇਸ ਉਪਰੰਤ ਮੁੱਖ ਮੰਤਰੀ ਪੰਜਵੀਂ ਮੰਜ਼ਿਲ 'ਤੇ ਗਏ, ਜਿੱਥੇ ਉਨ੍ਹਾਂ ਦੀ ਹਾਜ਼ਰੀ ਵਿਚ ਲੋਕ ਨਿਰਮਾਣ ਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੇ ਇੰਦਰ ਸਿੰਗਲਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪੋ-ਆਪਣੇ ਦਫ਼ਤਰਾਂ ਵਿਚ ਅਹੁਦਾ ਸੰਭਾਲਿਆ। ਅਖੀਰ ਵਿਚ ਸਿੱਖਿਆ ਤੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਅਤੇ ਸਹਿਕਾਰਤਾ ਤੇ ਜੇਲਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਅਹੁਦਾ ਸੰਭਾਲਿਆ।  ਮੁੱਖ ਮੰਤਰੀ ਉਚੇਰੀ ਸਿੱਖਿਆ ਬਾਰੇ ਮੰਤਰੀ ਰਜ਼ੀਆ ਸੁਲਤਾਨਾ ਦੇ ਵੀ ਦਫ਼ਤਰ ਗਏ, ਜਿਨ੍ਹਾਂ ਨੂੰ ਹਾਲ ਹੀ ਵਿਚ ਹੋਏ ਕੈਬਨਿਟ ਦੇ ਵਿਸਥਾਰ ਵਿਚ ਰਾਜ ਮੰਤਰੀ ਤੋਂ ਤਰੱਕੀ ਦੇ ਕੇ ਕੈਬਨਿਟ ਰੈਂਕ ਦਿੱਤਾ ਗਿਆ ਹੈ।

PunjabKesari
ਬਾਅਦ ਵਿਚ ਮੀਡੀਆ ਵੱਲੋਂ ਪੁੱਛੇ ਸਵਾਲ ਉਤੇ ਮੁੱਖ ਮੰਤਰੀ ਨੇ ਦਲਿਤ/ਓ. ਬੀ. ਸੀ. ਭਾਈਚਾਰੇ ਨੂੰ ਵਜ਼ਾਰਤ ਵਿਚ ਢੁੱਕਵੀਂ ਨੁਮਾਇੰਦਗੀ ਦੇਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ 77 ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੇ ਰਹਿ ਗਏ ਹਨ, ਨੂੰ ਢੁੱਕਵੀਂ ਨੁਮਾਇੰਦਗੀ ਦਿੱਤੀ ਜਾਵੇਗੀ, ਜਿਸ ਬਾਰੇ ਉਨ੍ਹਾਂ ਵੱਲੋਂ ਪਹਿਲਾਂ ਹੀ ਵਾਅਦਾ ਕੀਤਾ ਗਿਆ ਹੈ। ਕੁਝ ਮੰਤਰੀਆਂ ਕੋਲ ਆਪਣੇ ਵਿਭਾਗਾਂ ਦੀ ਅਗਵਾਈ ਕਰਨ ਲਈ ਢੁੱਕਵੀਂ ਵਿੱਦਿਅਕ ਯੋਗਤਾ ਨਾ ਹੋਣ ਬਾਰੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਕੋਲ ਕੰਮ-ਕਾਜ ਵਿਚ ਮਦਦ ਲਈ ਯੋਗ ਅਤੇ ਤਜਰਬੇਕਾਰ ਸਟਾਫ ਹੈ।

PunjabKesari

ਇਸ ਮੌਕੇ ਉਨ੍ਹਾਂ ਵਿਅੰਗ ਕੀਤਾ ਕਿ ਰੱਖਿਆ ਮੰਤਰੀ ਫ਼ੌਜ ਦਾ ਜਰਨੈਲ ਨਹੀਂ ਹੁੰਦਾ। ਪੰਜਾਬ ਸਕੱਤਰੇਤ ਵਿਚ ਨਵੇਂ ਮੰਤਰੀਆਂ ਨੂੰ ਰਸਮੀ ਤੌਰ 'ਤੇ ਉਨ੍ਹਾਂ ਦੇ ਦਫ਼ਤਰਾਂ ਵਿਚ ਬਿਠਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਜ਼ਾਰਤ ਵਿਚ ਵਾਧੇ ਨਾਲ ਕੰਮ ਦਾ ਮਿਆਰ ਵਧੇਗਾ ਜਦੋਂਕਿ ਸੂਬੇ ਦੀ ਸਥਿਤੀ ਵਿਚ ਸਮੁੱਚੇ ਤੌਰ 'ਤੇ ਪਹਿਲਾਂ ਹੀ ਕਾਫ਼ੀ ਸੁਧਾਰ ਆਇਆ ਹੈ। ਸੂਬੇ ਦੀ ਵਿੱਤੀ ਹਾਲਤ ਵਿਚ ਵੀ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕਈ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ ਲਗਾਤਾਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ।

PunjabKesari
ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਡੀ. ਜੀ. ਪੀ. (ਮਨੁੱਖੀ ਵਸੀਲੇ ਵਿਕਾਸ) ਸਿਧਾਰਥ ਚੱਟੋਪਾਧਿਆਏ ਦੇ ਵਕੀਲ ਵੱਲੋਂ ਦਿੱਤੀ ਦਲੀਲ ਕਿ ਮੁੱਖ ਮੰਤਰੀ ਨੇ ਪੁਲਸ ਦੇ ਸੀਨੀਅਰ ਅਫ਼ਸਰਾਂ ਦੀ ਅਨੁਸ਼ਾਸਨੀ ਮੀਟਿੰਗ ਸੱਦ ਕੇ ਅਦਾਲਤ ਦੀ ਤੌਹੀਨ ਕੀਤੀ ਹੈ, ਬਾਰੇ ਸਵਾਲ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਵਿਚ ਚੱਲ ਰਹੇ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਖ਼ਲ-ਅੰਦਾਜ਼ੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੂਬੇ ਦੇ ਹਿੱਤ ਵਿਚ ਸਿਰਫ ਪੁਲਸ ਅਫ਼ਸਰਾਂ ਨੂੰ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਉਹ ਪੁਲਸ ਫੋਰਸ ਵਿਚ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਵਰਦੀਧਾਰੀ ਬਲਾਂ, ਭਾਵੇਂ ਇਹ ਫ਼ੌਜ ਹੋਵੇ ਜਾਂ ਨੀਮ ਫ਼ੌਜੀ ਬਲ ਜਾਂ ਪੁਲਸ ਪ੍ਰਸ਼ਾਸਨ, ਵਿਚ ਹਰ ਕੀਮਤ ਉਤੇ ਅਨੁਸ਼ਾਸਨ ਕਾਇਮ ਰੱਖਿਆ ਜਾਣਾ ਚਾਹੀਦਾ ਹੈ।' ਉਨ੍ਹਾਂ ਆਪਣੀ ਇਹ ਚਿਤਾਵਨੀ ਅੱਜ ਮੁੜ ਦੁਹਰਾਈ ਹੈ।

PunjabKesari
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦੁਹਰਾਇਆ ਕਿ ਨਸ਼ਿਆਂ ਖ਼ਿਲਾਫ਼ ਕਾਇਮ ਕੀਤੀ ਵਿਸ਼ੇਸ਼ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਅਗਵਾਈ ਲਈ ਹਰਪ੍ਰੀਤ ਸਿੰਘ ਸਿੱਧੂ ਨੂੰ ਸਿਰਫ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਰਾਹੀਂ ਹੀ ਪੰਜਾਬ ਲਿਆਉਣ ਦਾ ਰਸਤਾ ਸੀ ਕਿਉਂਕਿ ਉਹ ਕੇਂਦਰੀ ਡੈਪੂਟੇਸ਼ਨ 'ਤੇ ਸਨ, ਜਿੱਥੇ ਅਜੇ ਉਨ੍ਹਾਂ ਦਾ ਕਾਰਜਕਾਲ ਪੂਰਾ ਨਹੀਂ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਉਨ੍ਹਾਂ (ਹਰਪ੍ਰੀਤ ਸਿੱਧੂ) ਦਾ ਕੇਂਦਰ 'ਚ ਬਾਕੀ ਰਹਿੰਦਾ ਕਾਰਜਕਾਲ ਪੂਰਾ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਡੀ. ਜੀ. ਪੀ. ਤਹਿਤ ਲਿਆਂਦਾ ਗਿਆ ਹੈ।

PunjabKesari


Related News