ਚਿੱਤਰਕਾਰੀ ਦੇ ਖ਼ੇਤਰ ’ਚ ਨਵੀਂਆਂ ਪੈੜਾਂ ਸਿਰਜ ਰਿਹੈ ਰਾਜਨ ਮਲੂਜਾ, ਲੱਖਾਂ ਰੁਪਏ ਤੱਕ ਹੈ ਇਕ ਪੇਂਟਿੰਗ ਦੀ ਕੀਮਤ
Monday, Sep 11, 2023 - 05:56 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਚਿੱਤਰਕਾਰ ਰਾਜਨ ਮਲੂਜਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਮੂਲ ਰੂਪ ’ਚ ਮੁਕਤਸਰ ਦੇ ਰਹਿਣ ਵਾਲੇ ਹਨ। ਉਹ ਆਪਣੀ ਮਿਹਨਤ ਅਤੇ ਲਗਨ ਨਾਲ ਚਿੱਤਰਕਾਰੀ ਦੇ ਖੇਤਰ ’ਚ ਬਹੁਤ ਨਾਂ ਕਮਾ ਚੁੱਕੇ ਹਨ। ਮੁਕਤਸਰ ਦੇ ਕੋਟਕਪੂਰਾ ਰੋਡ ਗਲੀ ਨੰਬਰ 3 ਸਥਿਤ ਆਪਣੇ ਜੱਦੀ ਘਰ ਪਹੁੰਚੇ ਰਾਜਨ ਮਲੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਨੌਜਵਾਨ ਹਰ ਕੰਮ ਲਗਨ ਅਤੇ ਮਿਹਨਤ ਨਾਲ ਕਰਨ ਤਾਂ ਉਨ੍ਹਾਂ ਨੂੰ ਸਫ਼ਲਤਾ ਜ਼ਰੂਰ ਮਿਲਦੀ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਫਾਈਨ ਆਰਟ (ਚਿੱਤਰਕਾਰੀ) ਵੱਲ ਕਦਮ ਪੁੱਟਿਆ ਤਾਂ ਕਈ ਲੋਕ ਪੁੱਛਦੇ ਸਨ ਕਿ ਉਸ ਨੇ ਕਿਹੜਾ ਰਾਹ ਫੜਿਆ ਹੈ ਪਰ ਅੱਜ ਜਦੋਂ ਕਿਸੇ ਨੇ ਕਾਮਯਾਬੀ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ ਤਾਂ ਹਰ ਕੋਈ ਉਸ ਦੀ ਤਾਰੀਫ਼ ਕਰਦਾ ਨਹੀਂ ਥੱਕਦਾ। ਇਸੇ ਤਰ੍ਹਾਂ ਕਿਸੇ ਦੀ ਗੱਲ ’ਤੇ ਧਿਆਨ ਨਾ ਦੇ ਕੇ ਸਿਰਫ਼ ਆਪਣੇ ਮਨ ਅਤੇ ਦਿਲ ਦੀ ਗੱਲ ਸੁਣੋ ਅਤੇ ਆਪਣੇ ਟੀਚੇ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਸਖ਼ਤ ਮਿਹਨਤ ਕਰਦੇ ਰਹੋ, ਸਫਲਤਾ ਜ਼ਰੂਰ ਮਿਲੇਗੀ। ਰਾਜਨ ਮਲੂਜਾ ਨੇ ਦੱਸਿਆ ਕਿ ਉਸ ਨੂੰ ਚਿੱਤਰਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਪੰਜਵੀਂ ਜਮਾਤ ਤੋਂ ਹੀ ਕਲਾ ਦੇ ਖੇਤਰ ਵੱਲ ਰੁਝਾਨ ਹੋ ਗਿਆ ਅਤੇ ਕੰਧਾਂ ’ਤੇ ਵੱਖ-ਵੱਖ ਕਲਾਕ੍ਰਿਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਠਾਕੁਰ ਜੀ ਦੇ ਸ਼ਰਧਾਲੂ ਹਨ, ਇਸ ਲਈ ਬਚਪਨ ’ਚ ਹੀ ਕਦੇ ਭਗਵਾਨ ਕ੍ਰਿਸ਼ਨ ਜੀ ਅਤੇ ਕਦੇ ਗਣਪਤੀ ਜੀ ਦੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਇਸੇ ਲਗਨ ਸਦਕਾ ਉਹ ਹਰ ਸਾਲ ਸਕੂਲ ’ਚ ਡਰਾਇੰਗ ਮੁਕਾਬਲੇ ’ਚ ਅੱਵਲ ਆਉਂਦਾ ਸੀ। ਚਿੱਤਰਕਾਰੀ ਵੱਲ ਉਸਦਾ ਝੁਕਾਅ ਦੇਖ ਕੇ ਉਸਦੇ ਮਾਤਾ-ਪਿਤਾ ਨੇ ਉਸਨੂੰ ਬੀ.ਐੱਫ.ਏ. (ਬੈਚਲਰ ਆਫ ਫਾਈਨ) ਆਰਟਸ ਕਰਨ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਕੈਬਨਿਟ ਮੰਤਰੀ ਨੇ ਦਿਮਾਗੀ ਤੌਰ ’ਤੇ ਕਮਜ਼ੋਰ ਮਰੀਜ਼ ਦਾ ਕੀਤਾ ਸਫ਼ਲ ਆਪਰੇਸ਼ਨ
ਰਾਜਨ ਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਸ ਨੇ ਚਾਰ ਸਾਲ ਇਹ ਕੋਰਸ ਕੀਤਾ ਅਤੇ ਪਹਿਲੇ ਸਥਾਨ ’ਤੇ ਪਾਸ ਹੋਇਆ। ਇਸ ਦੌਰਾਨ ਉਨ੍ਹਾਂ ਨੇ ਕਈ ਬੱਚਿਆਂ ਅਤੇ ਲੋਕਾਂ ਨੂੰ ਡਰਾਇੰਗ ਅਤੇ ਪੇਂਟਿੰਗ ਦੇ ਗੁਰ ਵੀ ਸਿਖਾਏ। ਜਦੋਂ ਉਸ ਵਲੋਂ ਸਿਖਾਏ ਗਏ ਬਹੁਤ ਸਾਰੇ ਲੋਕ ਇਸ ਕਲਾ ’ਚ ਨਿਪੁੰਨ ਹੋ ਗਏ ਤਾਂ ਉਸਨੇ ਰਾਜਨ ਮਲੂਜਾ ਆਰਟਸ ਗਰੁੱਪ ਬਣਾਇਆ ਅਤੇ ਉਸਨੇ ਖ਼ੁਦ ਅਤੇ ਉਸਦੇ ਸਿਖਾਏ ਸਾਥੀਆਂ ਨੇ ਕਈ ਤਰ੍ਹਾਂ ਦੀਆਂ ਕਲਾਕ੍ਰਿਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਉਸ ਦੇ ਯਤਨਾਂ ਸਦਕਾ ਇਸ ਖੇਤਰ ’ਚ ਉਸ ਦੇ ਗਰੁੱਪ ’ਚ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਮਿਲਿਆ। ਇਸ ਸਮੂਹ ’ਚ ਹਰ ਕੋਈ ਉਸ ਵਲੋਂ ਸਿਖਾਏ ਵਿਦਿਆਰਥੀ ਹਨ।
ਇਨ੍ਹਾਂ ਹਸਤੀਆਂ ਦੀਆਂ ਪੇਂਟਿੰਗ ਬਣਾ ਚੁੱਕੇ ਹਨ ਮਲੂਜਾ
ਰਾਜਨ ਮਲੂਜਾ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਰਤੀਆਂ ਕਈ ਫਿਲਮੀ ਸਿਤਾਰਿਆਂ, ਕ੍ਰਿਕਟਰਾਂ, ਉਦਯੋਗਪਤੀਆਂ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਘਰ ਪਹੁੰਚ ਚੁੱਕੀਆਂ ਹਨ। ਉਨ੍ਹਾਂ ਨੇ ਅਭਿਨੇਤਾ ਅਤੇ ਨੇਤਾ ਮਨੋਜ ਤਿਵਾੜੀ, ਕ੍ਰਿਕਟਰ ਸ਼ਿਖਰ ਧਵਨ, ਜਿੰਦਲ ਕੰਪਨੀ ਦੇ ਮਾਲਕਣ ਸਾਵਿਤਰੀ ਜਿੰਦਲ ਸਮੇਤ ਕਈ ਮਸ਼ਹੂਰ ਹਸਤੀਆਂ ਦੀ ਮੰਗ ’ਤੇ ਪੋਰਟਰੇਟ ਪੇਂਟਿੰਗ ਬਣਾ ਕੇ ਦਿੱਤੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ, ਅਭਿਨੇਤਾ ਅਮਿਤਾਭ ਬੱਚਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਮਹਾਤਮਾ ਗਾਂਧੀ, ਵਿਗਿਆਨੀ ਸਵਾਮੀਨਾਥਨ ਸਮੇਤ ਕਈ ਦਿੱਗਜਾਂ ਦੀਆਂ ਪੇਂਟਿੰਗਾਂ ਬਣਾਈਆਂ ਗਈਆਂ ਹਨ। ਗੌਰਤਲਬ ਹੈ ਕਿ ਰਾਜਨ ਮਲੂਜਾ ਦੀ ਆਰਟ ਗੈਲਰੀ ’ਚ ਕਈ ਦਿੱਗਜ ਕਲਾਕਾਰਾਂ ਦੀਆਂ ਪੇਂਟਿੰਗਾਂ ਪਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਪੇਂਟਿੰਗਾਂ ਬੋਲਣਗੀਆਂ।
ਇਹ ਵੀ ਪੜ੍ਹੋ : ਮਹਾਨਗਰ ਦੇ ਬਾਜ਼ਾਰਾਂ ’ਚ ਪਾਵਰਕਾਮ ਦਾ ਹਾਦਸਿਆਂ ਦਾ ਸੱਦਾ, ਟੈਕਸ ਅਦਾਇਗੀ ਦੇ ਬਾਵਜੂਦ ਖਤਰਿਆਂ ਦਾ ਸਾਇਆ
ਉਨ੍ਹਾਂ ਕਿਹਾ ਕਿ ਸੰਘਰਸ਼ ਤੋਂ ਬਿਨਾਂ ਸਫਲਤਾ ਨਹੀਂ ਮਿਲਦੀ। ਉਨ੍ਹਾਂ ਜ਼ਿਦਗੀ ’ਚ ਇਸ ਮੁਕਾਮ ਨੂੰ ਹਾਸਲ ਕਰਨ ਲਈ ਉਸ ਨੇ ਬਹੁਤ ਸੰਘਰਸ਼ ਕੀਤਾ ਹੈ। ਸ਼ੁਰੂ-ਸ਼ੁਰੂ ’ਚ ਉਹ ਸੋਚਦਾ ਸੀ ਕਿ ਕੀ ਕਦੇ ਉਸ ਦੀਆਂ ਪੇਂਟਿੰਗਾਂ ਨੂੰ ਪੰਜ-ਦਸ ਹਜ਼ਾਰ ਰੁਪਏ ’ਚ ਵੀ ਖਰੀਦੇਗਾ? ਉਹ ਚਾਹੁੰਦਾ ਸੀ ਕਿ ਕੋਈ ਉਸ ਦੀਆਂ ਪੇਂਟਿੰਗਾਂ ਦੀ ਚੰਗੀ ਕੀਮਤ ਦੇਵੇ। ਅੱਜ ਉਸ ਦੀ ਕਿਸਮਤ ਦੇਖੋ, ਉਸ ਵਲੋਂ ਬਣਾਈ ਗਈ ਹਰ ਪੇਂਟਿੰਗ ਦੀ ਕੀਮਤ ਉਸ ਸਮੇਂ ਹਜ਼ਾਰਾਂ ਤੋਂ ਸ਼ੁਰੂ ਹੁੰਦੀ ਸੀ, ਜੋ ਅੱਜ ਲੱਖਾਂ ਰੁਪਏ ਤੱਕ ਪਹੁੰਚ ਗਈ ਹੈ। ਉਸ ਦੀਆਂ ਪੇਂਟਿੰਗਾਂ ਮਸ਼ਹੂਰ ਹਸਤੀਆਂ ਦੇ ਘਰ ਪਹੁੰਚ ਚੁੱਕੀਆਂ ਹਨ।
ਉਨ੍ਹਾਂ ਵਲੋਂ ਬਣਾਈ ਮਾਂ ਦੁਰਗਾ ਦੀ ਇੱਕ ਪੇਂਟਿੰਗ ਹੁਣ ਤੱਕ ਦੀ ਸਭ ਤੋਂ ਵਧੀਆ ਪੇਂਟਿੰਗ ਹੈ, ਜਿਸਦੀ ਕੀਮਤ ਪੰਜ ਲੱਖ ਦੇ ਕਰੀਬ ਸੀ। ਕ੍ਰਿਕਟਰ ਸ਼ਿਖਰ ਧਵਨ ਦੇ ਘਰ ਲਈ ਉਨ੍ਹਾਂ ਨੇ ਖ਼ਾਸ ਤੌਰ ’ਤੇ ਉਨ੍ਹਾਂ ਦੀ ਮੰਗ ’ਤੇ ਘੋੜੇ ਦੌੜਾਉਂਦੇ ਹੋਏ ਤਸਵੀਰ ਬਣਾਈ ਹੈ।
ਭਾਰਤ ਗੌਰਵ ਰਤਨ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਰਾਜਨ ਨੂੰ
ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਪਿਛਲੇ ਦਿਨੀਂ ਭਾਰਤ ਗੌਰਵ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਰਾਜਨ ਮਲੂਜਾ ਇਸ ਪੁਰਸਕਾਰ ਸਮੇਤ ਕਈ ਪੁਰਸਕਾਰ ਇਕੱਠੇ ਕਰ ਚੁੱਕੇ ਹਨ, ਜਿਸ ਤੋਂ ਸਾਫ ਤੌਰ ‘ਤੇ ਇੰਨੀ ਛੋਟੀ ਉਮਰ ‘ਚ ਉਨ੍ਹਾਂ ਦੀ ਯੋਗਤਾ ਦਾ ਪਤਾ ਲੱਗਦਾ ਹੈ।
ਮਾਂ ਨੇ ਵਧਾਇਆ ਕਦਮ-ਕਦਮ ’ਤੇ ਹੌਂਸਲਾ
ਸ਼ੁਰੂ ਵਿਚ ਮੇਰੀ ਕਲਾ ਦੇਖ ਕੇ ਕਈਆਂ ਨੇ ਮੇਰਾ ਹੌਂਸਲਾ ਵਧਾਇਆ ਅਤੇ ਕਈਆਂ ਨੇ ਮੈਨੂੰ ਇਹ ਪੁੱਛ ਕੇ ਨਿਰਾਸ਼ ਵੀ ਕੀਤਾ ਕਿ ਮੈਂ ਕਿਸ ਲਾਈਨ ‘ਤੇ ਚੱਲ ਰਿਹਾ ਹਾਂ ਪਰ ਇਸ ਫੈਸਲੇ ਵਿਚ ਮੇਰੀ ਮਾਂ ਹਮੇਸ਼ਾ ਮੇਰੇ ਨਾਲ ਖੜ੍ਹੀ ਰਹੀ। ਉਹ ਆਪਣੇ ਟੀਚੇ ’ਤੇ ਅੜ੍ਹ ਗਿਆ ਅਤੇ ਪੇਂਟਿੰਗ ਜਾਰੀ ਰੱਖਿਆ। ਅੱਜ ਉਸ ਨੇ ਇਸ ਖੇਤਰ ’ਚ ਆਪਣਾ ਕੈਰੀਅਰ ਬਣਾ ਲਿਆ ਹੈ ਅਤੇ ਆਪਣੇ ਟੀਚਿਆਂ ’ਤੇ ਦ੍ਰਿੜ ਰਹਿਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣ ਗਿਆ ਹੈ।
ਇਹ ਵੀ ਪੜ੍ਹੋ : ਮਾਂ-ਪਿਓ ਨੇ ਰੋ-ਰੋ ਸੁਣਾਈ ਨਸ਼ੇੜੀ ਪੁੱਤ ਦੀ ਦਾਸਤਾਨ, ਪੰਜਾਬ ਪੁਲਸ ਦੇ SHO ਨੇ ਕਾਇਮ ਕੀਤੀ ਅਨੋਖੀ ਮਿਸਾਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8