ਜ਼ਿਲੇ ''ਚ ਤੜਕਸਾਰ ਹੋਈ ਗੜੇਮਾਰੀ ਕਈ ਇਲਾਕਿਆਂ ''ਚ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

Wednesday, Feb 14, 2018 - 04:13 AM (IST)

ਜ਼ਿਲੇ ''ਚ ਤੜਕਸਾਰ ਹੋਈ ਗੜੇਮਾਰੀ ਕਈ ਇਲਾਕਿਆਂ ''ਚ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ

ਪਟਿਆਲਾ, (ਬਲਜਿੰਦਰ, ਰਾਣਾ)- ਬੀਤੇ ਕੱਲ ਤੇਜ਼ ਹਵਾਵਾਂ ਨਾਲ ਹੋਈ ਬਾਰਿਸ਼ ਤੋਂ ਬਾਅਦ ਸ਼ਿਵਰਾਤਰੀ ਵਾਲੇ ਦਿਨ ਤੜਕਸਾਰ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ਵਿਚ ਹਲਕੀ ਗੜੇਮਾਰੀ ਹੋਈ। ਇਸ ਨਾਲ ਸਬਜ਼ੀ, ਚਾਰੇ ਅਤੇ ਖਾਸ ਤੌਰ 'ਤੇ ਕਣਕ ਦੀ ਫਸਲ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ। ਪਿਛਲੇ ਕਈ ਦਿਨਾਂ ਦੀ ਗਰਮਾਹਟ ਤੋਂ ਬਾਅਦ ਅਚਾਨਕ ਮੌਸਮ ਨੇ ਕਰਵਟ ਲਈ। ਹਾਲਾਂਕਿ ਦੁਪਹਿਰ ਸੂਰਜ ਦੇਵਤਾ ਨੇ ਆਪਣਾ ਰੰਗ ਦਿਖਾਇਆ ਤੇ ਤੇਜ਼ ਧੁੱਪ ਖਿੜੀ ਪਰ ਸ਼ਾਮ ਦੇ ਸਮੇਂ ਫੇਰ ਤੋਂ ਆਸਮਾਨ 'ਤੇ ਬੱਦਲ ਛਾ ਗਏ।
ਧਰਤੀ 'ਤੇ ਵਿਛੀ ਕਣਕ ਦੀ ਫਸਲ 
ਪਿਛਲੇ ਦਿਨੀਂ ਅਤੇ ਮੰਗਲਵਾਰ ਨੂੰ ਹੋਈ ਤੇਜ਼ ਬਾਰਿਸ਼ ਨਾਲ ਕਣਕ ਦੀ ਫਸਲ ਵਿਚ ਪਾਣੀ ਖੜ੍ਹ ਜਾਣ ਕਾਰਨ ਧਰਤੀ 'ਤੇ ਵਿਛ ਗਈ। ਇਸ ਕਾਰਨ ਪੈਦਾ ਹੋਏ ਕੱਚੇ ਦਾਣੇ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ ਤੇ ਫਸਲ ਦੇ ਝਾੜ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। 
ਲਗਾਤਾਰ ਬਾਰਿਸ਼ ਨਾਲ ਸਬਜ਼ੀਆਂ ਨੂੰ ਵੀ ਪੁੱਜਾ ਨੁਕਸਾਨ
ਕੱਲ ਰੁਕ-ਰੁਕ ਕੇ ਹੋਈ ਬਰਸਾਤ ਦਾ ਪਾਣੀ ਸਬਜ਼ੀਆਂ ਦੀਆਂ ਫਸਲਾਂ ਵਿਚ ਖੜ੍ਹ ਜਾਣ ਕਾਰਨ ਇਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਹੁਣ ਆਲੂ ਦੀ ਪੁਟਾਈ ਦਾ ਕੰਮ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਪਾਣੀ ਖੜ੍ਹਨ ਕਾਰਨ ਉਤਪਾਦਕਾਂ ਨੂੰ ਆਲੂ ਦੇ ਖਰਾਬ ਹੋਣ ਦਾ ਵੀ ਡਰ ਹੈ। 
ਜੇਕਰ ਹੋਰ ਬਾਰਿਸ਼ ਹੋਈ ਤਾਂ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਜਿਥੇ ਇਹ ਬਾਰਿਸ਼ ਇਸ ਕਣਕ ਲਈ ਲਾਭਦਾਇਕ ਹੁੰਦੀ ਹੈ ਪਰ ਜੇਕਰ ਲਗਾਤਾਰ ਹੁੰਦੀ ਰਹੀ ਤਾਂ ਉਸ ਨਾਲ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। 
—ਰਾਜਮੋਹਨ ਸਿੰਘ ਕਾਲੇਕਾ, ਆਰਗੈਨਿਕ ਖੇਤੀ ਮਾਹਿਰ
ਸਰਕਾਰਾਂ ਦੀਆਂ ਲਾਪ੍ਰਵਾਹੀਆਂ ਕਾਰਨ ਕਿਸਾਨ ਤਾਂ ਪਹਿਲਾਂ ਹੀ ਘਾਟੇ ਦਾ ਸ਼ਿਕਾਰ ਹੈ। ਦੂਸਰੇ ਪਾਸੇ ਕੁਦਰਤ ਦੀਆਂ ਪਈਆਂ ਸਮੇਂ-ਸਮੇਂ ਦੀਆਂ ਮਾਰਾਂ ਕਾਰਨ ਕਿਸਾਨ ਕਰਜ਼ੇ ਦੇ ਭਾਰ ਹੇਠਾਂ ਦੱਬਦਾ ਜਾ ਰਿਹਾ ਹੈ। 
—ਹਰਵਿੰਦਰ ਸਿੰਘ ਭੋਲਾ ਟੌਹੜਾ, ਕਿਸਾਨ ਆਗੂ 
ਆਲੂ ਦੀ ਫਸਲ ਹਰ ਵਾਰ ਕਦੇ ਕੁਦਰਤ ਦੀ ਭੇਟ ਚੜ੍ਹ ਜਾਂਦੀ ਹੈ ਤੇ ਕਦੇ ਸਰਕਾਰਾਂ ਦੀ ਕਿਉਂਕਿ ਆਲੂਆਂ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਹਮੇਸ਼ਾ ਮੰਦੀ ਦੀ ਮਾਰ ਵਿਚ ਜਕੜਿਆ ਰਹਿੰਦਾ ਹੈ। ਤੇਜ਼ ਪਏ ਇਸ ਮੀਂਹ ਕਾਰਨ ਜਿਥੇ ਆਲੂ ਦੀ ਪੁਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ, ਉਥੇ ਹੀ ਇਸਦੇ ਨੁਕਸਾਨ ਹੋਣ ਦਾ ਵੀ ਡਰ ਬਣਿਆ ਪਿਆ ਹੈ।  — ਹੈਪੀ ਕੈਦੂਪੁਰ, ਉੱਘੇ ਆਲੂ ਉਤਪਾਦਕ


Related News