ਸ਼੍ਰੋਮਣੀ ਅਕਾਲੀ ਦਲ ’ਚ ਇਕ ਵਾਰ ਫਿਰ ਤੋਂ ਬਗਾਵਤੀ ਸੁਰ ਤੇਜ਼
Wednesday, Jul 27, 2022 - 10:20 AM (IST)
ਜਲੰਧਰ (ਜ.ਬ.)- ਸ਼੍ਰੋਮਣੀ ਅਕਾਲੀ ਦਲ ਵਿਚ ਇਕ ਵਾਰ ਫਿਰ ਤੋਂ ਬਗਾਵਤੀ ਸੁਰਾਂ ਤੇਜ਼ ਹੋ ਗਈਆਂ ਹਨ ਅਤੇ ਪਾਰਟੀ ਦੀ ਪ੍ਰਮੁੱਖ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਗਈ ਹੈ। ਮੰਗਲਵਾਰ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਮੀਤ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਪੱਖੋਕੇ, ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਪਾਰਟੀ ਦੇ ਜਥੇਬੰਦਕ ਸਕੱਤਰ ਯਾਦਵਿੰਦਰ ਸਿੰਘ ਰੂੜੇਆਸਲ, ਕੇਂਦਰੀ ਕਮੇਟੀ ਮੈਂਬਰ ਅਮਰੀਕ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਜਿਸ ਦਾ ਜਨਮ ਸ਼ਹਾਦਤਾਂ ਵਿਚੋਂ ਹੋਇਆ ਹੈ।
ਇਹ ਵੀ ਪੜ੍ਹੋ: ਆਦਮਪੁਰ ਵਿਖੇ ਲੰਮਾ ਪਿੰਡ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਛੱਪੜ ਦੇ ਕੰਢੇ ਤੋਂ ਅੱਧ ਸੜੀ ਮਿਲੀ ਲਾਸ਼
ਇਸ ਪਾਰਟੀ ਦਾ ਗਠਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ’ਤੇ ਪਹਿਰਾ ਦੇਣਾ ਅਤੇ ਗੁਰੂ ਉਪਦੇਸ਼ ਅਨੁਸਾਰ ਹੀ ਜ਼ਿੰਦਗੀ ਬਸਰ ਕਰਨ ਦੇ ਮਹਾਨ ਕਾਰਜਾਂ ਨੂੰ ਫੈਲਾਉਣ ਲਈ ਕੀਤਾ ਗਿਆ ਸੀ। ਪਾਰਟੀ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੇ ਹਰੇਕ ਵਰਗ ਦੇ ਹੱਕਾਂ ਅਤੇ ਹਿੱਤਾਂ ਦੀ ਲੜਾਈ ਆਪ ਅੱਗੇ ਹੋ ਕੇ ਲੜੀ ਅਤੇ ਪੰਜਾਬੀਅਤ ਦੇ ਝੰਡੇ ਨੂੰ ਉੱਚਾ ਰੱਖਿਆ। ਪੰਥਪ੍ਰਸਤ ਲੋਕ ਫ਼ਖਰ ਨਾਲ ਅਕਾਲੀ ਅਖਵਾਉਣ ’ਚ ਮਾਣ ਮਹਿਸੂਸ ਕਰਦੇ ਸਨ ਪਰ ਅੱਜ ਦੀ ਕਾਬਜ਼ ਲੀਡਰਸ਼ਿਪ ਦਾ ਸਿੱਖੀ ਸਿਧਾਂਤਾਂ ਤੋਂ ਪਾਸਾ ਵੱਟਣਾ, ਖ਼ੁਦਗਰਜ਼ੀਆਂ ਨੂੰ ਤਰਜੀਹ ਦੇਣਾ, ਕਮਾਈ ਦਾ ਸਾਧਨ ਬਣਾ ਲੈਣਾ ਤੇ ਚੰਦ ਬੰਦਿਆਂ ਦੇ ਏਕਧਾਰ ਹੋ ਕੇ ਵਰਕਰਾਂ ਅਤੇ ਸਮਰਥਕਾਂ ਦੀ ਆਵਾਜ਼ ਨਾ ਸੁਣਦੇ ਲੋਕ ਮੁੱਦਿਆਂ ਤੋਂ ਭਟਕ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ’ਚ ਨਿਘਾਰ ਆ ਗਿਆ ਹੈ, ਜਿਸ ਕਾਰਨ ਲੋਕਾਂ ਦਾ ਮੋਹ ਭੰਗ ਪਾਰਟੀ ਹੋ ਗਿਆ ਹੈ।
ਪੱਖੋਕੇ ਅਤੇ ਭਰੋਵਾਲ ਨੇ ਕਿਹਾ ਕਿ ਇਸ ਕਾਰਨ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਝੂੰਦਾ ਕਮੇਟੀ ਦਾ ਗਠਨ ਕੀਤਾ ਗਿਆ ਸੀ, ਇਸ ਕਮੇਟੀ ਨੇ ਆਮ ਲੋਕਾਂ ਦੀ ਰਾਏ ਲਈ ਤੇ ਸਮੂਹ ਸੰਗਤ ਨੇ ਇਕੋ ਆਵਾਜ਼ ’ਚ ਪਾਰਟੀ ਦੇ ਪ੍ਰਮੁੱਖ ਆਗੂਆਂ ਨੂੰ ਬਦਲਣ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰਮੁੱਖ ਲੀਡਰਸ਼ਿਪ ਤੋਂ ਲੋਕ ਦੁਖ਼ੀ ਹਨ, ਇਸ ਕਰਕੇ ਤੁਰੰਤ ਹੀ ਪ੍ਰਮੁੱਖ ਲੀਡਰਸ਼ਿਪ ਨੂੰ ਹਟਾਇਆ ਜਾਵੇ।
ਇਹ ਵੀ ਪੜ੍ਹੋ: ਜਲੰਧਰ: ਕਰੰਟ ਲੱਗਣ ਨਾਲ 16 ਸਾਲਾ ਮੁੰਡੇ ਦੀ ਮੌਤ, ਖੰਭੇ ਨੇੜਿਓਂ ਮਿਲੀ ਲਾਸ਼, ਹੱਥ-ਪੈਰ ਹੋ ਚੁੱਕੇ ਸਨ ਨੀਲੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ