ਸਾਹਨੇਵਾਲ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
Saturday, Feb 19, 2022 - 11:29 AM (IST)
ਜਲੰਧਰ (ਵੈੱਬ ਡੈਸਕ) : ਹਲਕਾ ਨੰ 59 -1997 ਤੋਂ 2007 ਤੱਕ ਸਾਹਨੇਵਾਲ ਹਲਕਾ ਚੋਣ ਕਮਿਸ਼ਨ ਦੀ ਸੂਚੀ ਵਿੱਚ ਕੁਮਕਲਾਂ ਹਲਕਾ ਵਜੋਂ ਜਾਣਿਆ ਜਾਂਦਾ ਸੀ। ਇਸ ਹਲਕੇ ’ਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ। 1997 ਤੋਂ ਲੈ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਦਰਮਿਆਨ 4 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਅਤੇ 2007 ’ਚ ਇਕ ਵਾਰ ਕਾਂਗਰਸ ਪਾਰਟੀ ਦੇ ਈਸ਼ਰ ਸਿੰਘ ਨੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸੀ। 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਬੀਬੀ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ, ਜੋ 2012 ਵਿੱਚ ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸਨ ਪਰ ਹਾਰ ਗਏ ਸਨ, ਨੂੰ ਸਾਹਨੇਵਾਲ ਤੋਂ ਟਿਕਟ ਦਿੱਤੀ ਗਈ ਹੈ ਜਿਸ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਵਾਲੀ ਕਾਂਗਰਸ ਦੀ ਉਮੀਦਵਾਰ ਰਹੀ ਸਤਵਿੰਦਰ ਬਿੱਟੀ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਜਿਸ ਦਾ ਕਾਂਗਰਸ ਨੂੰ ਨੁਕਸਾਨ ਵੀ ਹੋ ਸਕਦਾ ਹੈ।
1997
1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਚਰਨਜੀਤ ਸਿੰਘ 45616 ਵੋਟਾਂ ਨਾਲ ਜੇਤੂ ਉਮੀਦਵਾਰ ਰਹੇ ਸਨ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਈਸ਼ਰ ਸਿੰਘ 32193 ਵੋਟਾਂ ਨਾਲ ਹਾਰ ਗਏ ਸਨ। ਚਰਨਜੀਤ ਸਿੰਘ ਨੇ 13423 (14.79%) ਵੋਟਾਂ ਜਿੱਤ ਕੇ ਈਸ਼ਰ ਸਿੰਘ ਨੂੰ ਚੋਣਾਂ ’ਚ ਹਰਾ ਕੇ ਅਕਾਲੀ ਦਲ ਦੀ ਝੋਲੀ ਇਹ ਸੀਟ ਪਾਈ ਸੀ।
2012
ਸ਼੍ਰੋਮਣੀ ਅਕਾਲੀ ਦਲ ਵਲੋਂ ਸਾਹਨੇਵਾਲ ਹਲਕੇ ਤੋਂ ਸ਼ਰਨਜੀਤ ਸਿੰਘ ਢਿੱਲੋਂ ਨੇ 71583 ਵੋਟਾਂ ਨਾਲ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ’ਚ ਚੋਣ ਮੈਦਾਨ ’ਚ ਕਾਂਗਰਸੀ ਉਮੀਦਵਾਰ ਵਿਕਰਮ ਸਿੰਘ ਬਾਜਵਾ ਨੂੰ 50367 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਹ ਇਹ ਚੋਣਾਂ ’ਚ ਹਾਰ ਗਏ ਸਨ। ਉਨ੍ਹਾਂ ਨੂੰ ਸ਼ਰਨਜੀਤ ਸਿੰਘ ਦੇ ਮੁਕਾਬਲੇ ਬਹੁਤ ਹੀ ਘੱਟ ਵੋਟਾਂ ਮਿਲੀਆਂ ਸਨ। ਸ਼ਰਨਜੀਤ ਸਿੰਘ ਨੂੰ 21216 (15.84%) ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਹੋਈ ਸੀ।
2007
2007 ’ਚ ਹਲਕਾ ਨੰ. 62 ਕੁਮਕਲਾਂ ਤੋਂ ਕਾਂਗਰਸੀ ਉਮੀਦਵਾਰ ਈਸ਼ਰ ਸਿੰਘ ਨੂੰ ਜਿੱਤ ਹਾਸਲ ਹੋਈ ਸੀ। ਉਨ੍ਹਾਂ ਨੂੰ 55082 ਵੋਟਾਂ ਮਿਲੀਆਂ ਸਨ। 1997 ਅਤੇ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਦੋ ਵਾਰ ਉਨ੍ਹਾਂ ਨੂੰ ਹਾਰ ਮਿਲਣ ਤੋਂ ਬਾਅਦ ਤੀਸਰੀ ਵਾਰ 2007 ’ਚ ਜਿੱਤ ਹਾਸਲ ਹੋਈ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੀ ਤਰ੍ਹਾਂ ਇਸ ਵਾਰ ਵੀ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਨ੍ਹਾਂ ਨੂੰ 53017 ਵੋਟਾਂ ਨਾਲ ਹਾਰ ਮਿਲੀ ਸੀ। ਈਸ਼ਰ ਸਿੰਘ ਨੇ 2065 (1.83%) ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਇੰਦਰ ਇਕਬਾਲ ਸਿੰਘ ਨੂੰ ਹਰਾਇਆ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ. 62 ਕੁਮਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 45026 ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਈਸ਼ਰ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਨੂੰ 42, 420 ਵੋਟਾਂ ਹੀ ਮਿਲੀਆਂ ਸਨ। ਜਦਕਿ 2606 (2.76%) ਵਾਧੂ ਵੋਟਾਂ ਨਾਲ ਇੰਦਰ ਇਕਬਾਲ ਸਿੰਘ ਨੇ ਜਿੱਤ ਹਾਸਲ ਕੀਤੀ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ. 59 ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਸ਼ਰਨਜੀਤ ਸਿੰਘ ਢਿੱਲੋਂ 63,184 ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵਲੋਂ ਉਮੀਦਵਾਰ ਬੀਬੀ ਸਤਵਿੰਦਰ ਕੌਰ ਬਿੱਟੀ ਨੰ 58633 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2017 ’ਚ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ ’ਚ ਉਤਰੀ ਸੀ। ਆਮ ਆਦਮੀ ਵਲੋਂ ਹਰਜੋਤ ਸਿੰਘ ਬੈਂਸ ਨੂੰ ਸਾਹਨੇਵਾਲ ਤੋਂ ਟਿਕਟ ਦਿੱਤੀ ਗਈ ਸੀ। 39570 ਵੋਟਾਂ ਨਾਲ ਹਰਜੋਤ ਸਿੰਘ ਤੀਸਰੇ ਨੰਬਰ ’ਤੇ ਹੀ ਟਿਕੇ ਰਹੇ ਅਤੇ ਬਸਪਾ ਵਲੋਂ ਸੁਰਿੰਦਰ ਕੁਮਾਰ 1588 ਵੋਟਾਂ ਹਾਸਲ ਕਰਕੇ ਚੌਥੇ ਨੰਬਰ ’ਤੇ ਰਹੇ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ ਵਾਰ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਮੁੜ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਵਲੋਂ ਹਰਦੀਪ ਸਿੰਘ ਮੁੰਡੀਆਂ, ਸੰਯੁਕਤ ਸਮਾਜ ਮੋਰਚਾ ਵਲੋਂ ਮਲਵਿੰਦਰ ਸਿੰਘ, ਕਾਂਗਰਸ ਵਲੋਂ ਬੀਬੀ ਰਾਜਿੰਦਰ ਕੌਰ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਹਰਪ੍ਰੀਤ ਸਿੰਘ ਗਰਚਾ ਅਤੇ ਲੋਕ ਇਨਸਾਫ ਪਾਰਟੀ ਵਲੋਂ ਗੁਰਮੀਤ ਸਿੰਘ ਮੁੰਡੀਆਂ ਚੋਣ ਮੈਦਾਨ ’ਚ ਉਤਰਨਗੇ। ਸਾਹਨੇਵਾਲ ਤੋਂ ਇਸ ਵਾਰ ਕਈ ਪਾਰਟੀਆਂ ਇਕ ਦੂਜੇ ਨੂੰ ਟੱਕਰ ਦੇਣਗੀਆਂ ਅਤੇ ਇਸ ਚੋਣਾਂ ’ਚ ਕਿਸ ਪਾਰਟੀ ਦੀ ਜਿੱਤ ਹੁੰਦੀ ਹੈ ਇਹ ਦੇਖਣਾ ਵੀ ਕਾਫ਼ੀ ਉਤਸਕਤਾ ਭਰਪੂਰ ਹੋਵੇਗਾ।
ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 265097 ਹੈ, ਜਿਨ੍ਹਾਂ 'ਚ 121431 ਪੁਰਸ਼, 143662 ਬੀਬੀਆਂ ਅਤੇ 4 ਥਰਡ ਜੈਂਡਰ ਸ਼ਾਮਲ ਹਨ।