ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

Saturday, Sep 10, 2022 - 06:19 PM (IST)

ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਜਲੰਧਰ (ਧਵਨ)- ਪੰਜਾਬ ’ਚ ਗੈਂਗਵਾਰ ਸਬੰਧੀ ਕੋਈ ਵੀ ਘਟਨਾ ਰੋਕਣ ਲਈ ਪੰਜਾਬ ਪੁਲਸ ਨੇ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ ਗੈਂਗਵਾਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਅਤੇ ਸੂਬਾ ਪੁਲਸ ਨੂੰ ਭੇਜੀਆਂ ਸੂਚਨਾਵਾਂ ਵਿਚ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਬੰਬੀਹਾ ਗੈਂਗ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਸੂਬੇ ਦੇ ਸਾਰੇ ਪੁਲਸ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਖ਼ੁਦ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨਾਲ ਸੰਪਰਕ ਬਣਾਇਆ ਹੋਇਆ ਹੈ ਅਤੇ ਉਹ ਸਾਰੇ ਪੁਲਸ ਅਧਿਕਾਰੀਆਂ ਨੂੰ ਰੋਜ਼ਾਨਾ ਹਦਾਇਤਾਂ ਜਾਰੀ ਕਰ ਰਹੇ ਹਨ ਤਾਂ ਜੋ ਕਿਸੇ ਵੀ ਕਿਸਮ ਦੀ ਗੈਂਗਵਾਰ ਦੀ ਘਟਨਾ ਨੂੰ ਰੋਕਿਆ ਜਾ ਸਕੇ। ਪੁਲਸ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਪਿਛਲੇ ਕੁਝ ਸਮੇਂ ਤੋਂ ਇੰਟਰਨੈੱਟ ’ਤੇ ਕਈ ਤਰ੍ਹਾਂ ਦੇ ਦਾਅਵੇ ਕਰ ਰਿਹਾ ਸੀ। ਪਿਛਲੇ ਦਿਨੀਂ ਡੀ. ਜੀ. ਪੀ. ਗੌਰਵ ਯਾਦਵ ਅਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਹਨ।

ਇਹ ਵੀ ਪੜ੍ਹੋ: ਦਿੱਲੀ ਦਾ ਸਿੱਖਿਆ ਮਾਡਲ ਹੁਣ ਪੰਜਾਬ ’ਚ ਜਲਦ ਹੋਵੇਗਾ ਲਾਗੂ, ਅਗਲੇ ਹਫ਼ਤੇ ਹੋ ਸਕਦੈ ਵੱਡਾ ਐਲਾਨ

ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਤਿਉਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ, ਇਸ ਲਈ ਵੀ ਡੀ. ਜੀ. ਪੀ. ਨੇ ਫੀਲਡ ’ਚ ਤਾਇਨਾਤ ਸਾਰੇ ਪੁਲਸ ਅਧਿਕਾਰੀਆਂ ਨੂੰ ਚੌਕਸ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਹਨ। ਗੌਰਵ ਯਾਦਵ ਨੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਬਰਕਰਾਰ ਰੱਖਣ ਲਈ ਪਿਛਲੇ ਦਿਨੀਂ ਚੰਡੀਗੜ੍ਹ ਪੁਲਸ ਹੈੱਡਕੁਆਰਟਰ ਤੋਂ ਉੱਚ ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਫੀਲਡ ਵਿਚ ਭੇਜਿਆ ਸੀ।

ਦੀਵਾਲੀ ਤਕ ਪੰਜਾਬ ਪੁਲਸ ਨੂੰ ਵਿਸ਼ੇਸ਼ ਅਲਰਟ ’ਤੇ ਰਹਿਣ ਦੇ ਹੁਕਮ
ਪੰਜਾਬ ਪੁਲਸ ਨੂੰ ਦੀਵਾਲੀ ਤਕ ਵਿਸ਼ੇਸ਼ ਅਲਰਟ ’ਤੇ ਰਹਿਣ ਲਈ ਕਿਹਾ ਗਿਆ ਹੈ। ਤਿਉਹਾਰੀ ਸੀਜ਼ਨ ਹੋਣ ਕਾਰਨ ਬਾਜ਼ਾਰਾਂ ਵਿਚ ਵੀ ਭੀੜ ਲੱਗੀ ਰਹਿੰਦੀ ਹੈ, ਇਸ ਲਈ ਦੀਵਾਲੀ ਤਕ ਸਾਰੇ ਸੀਨੀਅਰ ਪੁਲਸ ਅਧਿਕਾਰੀ ਹੁਣ ਫੀਲਡ ਵਿਚ ਨਜ਼ਰ ਆਉਣਗੇ। ਸਾਰੇ ਜ਼ਿਲਾ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਸੁਰੱਖਿਆ ਵਿਵਸਥਾ ਸਬੰਧੀ ਰੋਡ ਮੈਪ ਤਿਆਰ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਲਈ ਅਗਲੇ ਕੁਝ ਦਿਨਾਂ ਤਕ ਸਾਰੇ ਸੀਨੀਅਰ ਪੁਲਸ ਅਧਿਕਾਰੀ ਕਾਫ਼ੀ ਐਕਟਿਵ ਰਹਿਣਗੇ।

ਇਹ ਵੀ ਪੜ੍ਹੋ: ਜਲੰਧਰ ’ਚ ‘ਬਾਬਾ ਸੋਢਲ’ ਮੇਲੇ ਦੀਆਂ ਰੌਣਕਾਂ, ਵੱਡੀ ਗਿਣਤੀ ’ਚ ਨਤਮਸਤਕ ਹੋਣ ਪੁੱਜ ਰਹੇ ਸ਼ਰਧਾਲੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News