ਪੰਜਾਬ 'ਚ ਕਾਂਗਰਸ ਅਤੇ 'ਆਪ' ਗਠਜੋੜ 'ਚ ਦਰਾੜਾਂ ਵਧੀਆਂ, ਦੋਵਾਂ ਪਾਰਟੀਆਂ 'ਚ ਅੰਦਰੂਨੀ ਯੁੱਧ ਦੀ ਸੰਭਾਵਨਾ
Wednesday, Sep 27, 2023 - 07:18 PM (IST)
ਪਠਾਨਕੋਟ (ਸ਼ਾਰਦਾ) : ਰਾਸ਼ਟਰੀ ਪੱਧਰ 'ਤੇ 'INDIA' ਗਠਬੰਧਨ ਬਣਨ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਕ ਹੀ ਪਲੇਟਫਾਰਮ 'ਤੇ ਆਉਣਾ ਪੰਜਾਬ ਦੇ ਲੋਕਾਂ ਲਈ ਹੈਰਾਨ ਕਰਨ ਵਾਲਾ ਹੈ ਪਰ ਫਿਰ ਵੀ ਲੋਕ ਦੋਵਾਂ ਪਾਰਟੀਆਂ ਦੇ ਗਠਬੰਧਨ ਬਾਰੇ ਕਈ ਤਰਾਂ ਦੇ ਅੰਦਾਜ਼ੇ ਲਗਾ ਰਹੇ ਹਨ। ਆਮ ਆਦਮੀ ਪਾਰਟੀ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਜਰੀਵਾਲ ਨਾਲ ਕਈ ਵਾਰ ਗਠਬੰਧਨ ਦੀਆਂ ਬੈਠਕਾਂ 'ਚ ਸ਼ਾਮਲ ਹੁੰਦੇ ਦੇਖਿਆ ਗਿਆ ਹੈ ਜਿਨ੍ਹਾਂ ਬੈਠਕਾਂ 'ਚ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਖੜਗੇ ਵਰਗੇ ਆਗੂ ਵੀ ਸ਼ਾਮਲ ਹੁੰਦੇ ਸਨ। ਹੁਣ ਆਉਣ ਵਾਲੇ ਦਿਨਾਂ 'ਚ ਇਹ ਸਾਫ਼ ਹੋ ਜਾਵੇਗਾ ਕਿ ਸੀਟਾਂ ਦੇ ਵਟਾਂਦਰੇ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਕਾਰ ਸਹਿਮਤੀ ਬਣਦੀ ਹੈ ਜਾਂ ਨਹੀਂ, ਪਰ ਹਾਲੇ ਤਾਂ ਦੋਵਾਂ ਪਾਰਟੀਆਂ ਦੇ ਸੰਬੰਧ ਤਣਾਅਪੂਰਨ ਹਨ।
ਇਹ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਸਰਕਾਰ ਦੀ ਸਖ਼ਤ ਕਾਰਵਾਈ
AAP ਨੂੰ ਰੋਕਣ ਦੇ ਮੂਡ 'ਚ ਕਾਂਗਰਸ
ਕਾਂਗਰਸ ਮੈਂਬਰ ਇਸ ਗੱਲ 'ਤੇ ਤਾਂ ਸਹਿਮਤ ਹਨ ਕਿ ਜਿੱਥੇ ਵੀ AAP ਜਿੱਤੀ ਹੈ, ਉੱਥੇ ਕਾਂਗਰਸ ਦਾ ਹਾਲ ਬੁਰਾ ਹੀ ਹੋਇਆ ਹੈ ਅਤੇ ਕੁਝ ਕਾਂਗਰਸੀ ਵਰਕਰ AAP ਦੇ ਸੰਪਰਕ 'ਚ ਆਉਂਦੇ ਹੀ ਉੱਧਰ ਚਲੇ ਜਾਂਦੇ ਹਨ। ਪੰਜਾਬ 'ਚ ਵੀ ਇਹੀ ਹਾਲ ਦੇਖਣ ਨੂੰ ਮਿਲਿਆ ਹੈ। ਹੁਣ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਥਿਤੀ ਮਜ਼ਬੂਤ ਲੱਗ ਰਹੀ ਹੈ। ਕਰਨਾਟਕ 'ਚ ਵੀ ਇਹੀ ਹਾਲ ਹੈ। ਹੁਣ ਉਨ੍ਹਾਂ ਨੇ ਇਹ ਸੋਚਿਆ ਹੈ ਕਿ ਜਿੱਥੇ ਕਾਂਗਰਸ ਮਜ਼ਬੂਤ ਹੈ, ਉੱਥੇ AAP ਨੂੰ ਐਂਟਰੀ ਨਾ ਦਿੱਤੀ ਜਾਵੇ। ਅਜਿਹੇ 'ਚ AAP ਅਤੇ ਕਾਂਗਰਸ ਵਿਚਾਲੇ ਅੰਦਰੂਨੀ ਯੁੱਧ ਵੀ ਚੱਲ਼ ਸਕਦਾ ਹੈ।
ਇਹ ਵੀ ਪੜ੍ਹੋ : ਗਲੋਬਲ ਵਾਰਮਿੰਗ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਣ ਵਾਲੇ ਪੱਛਮੀ ਦੇਸ਼ ਕਾਰਬਨ ਨਿਕਾਸੀ ’ਤੇ ਹਟਣ ਲੱਗੇ ਪਿੱਛੇ
AAP ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਰ ਰਹੀ ਹੈ ਖ਼ੁਦ ਨੂੰ ਮਜ਼ਬੂਤ
ਪੰਜਾਬ 'ਚ AAP ਦਾ ਰਿਕਾਰਡ ਦੇਖਿਆ ਜਾਵੇ ਤਾਂ ਉਹ ਸਾਰੀਆਂ 13 ਸੀਟਾਂ 'ਤੇ ਮਜ਼ਬੂਤ ਬਣਨ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ। ਸੰਗਠਨ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਜਿੱਤਣਯੋਗ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਕਾਂਗਰਸ ਨੂੰ ਹਰਾ ਕੇ ਹੀ AAP ਨੇ ਸੱਤਾ ਹਾਸਲ ਕੀਤੀ ਸੀ। ਇਸ ਲਈ ਉਨ੍ਹਾਂ ਦੀ ਸਥਿਤੀ ਇਸ ਸਮੇਂ ਕਾਂਗਰਸ ਨਾਲੋਂ ਮਜ਼ਬੂਤ ਹੈ। ਇਸ ਕਾਰਨ AAP ਕਾਂਗਰਸ ਨਾਲੋਂ ਵੱਧ ਸੀਟਾਂ ਮੰਗੇਗੀ ਅਤੇ ਇਸ ਗੱਲ਼ ਨੂੰ ਮੰਨਣਾ ਕਾਂਗਰਸ ਲਈ ਸੌਖਾ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ BJP ਪ੍ਰਧਾਨ ਸੁਨੀਲ ਜਾਖੜ ਨੇ ਚੁੱਕੇ ਇਹ ਮੁੱਦੇ
ਇਸ ਲਈ ਪੰਜਾਬ 'ਚ AAP ਅਤੇ ਕਾਂਗਰਸ ਦੇ ਗਠਜੋੜ ਦੀਆਂ ਸੰਭਾਵਨਾਵਾਂ ਦਿਨੋ-ਦਿਨ ਘਟਦੀਆਂ ਜਾ ਰਹੀਆਂ ਹਨ। ਇਸ ਗੱਲ ਦਾ ਸਬੂਤ AAP ਸਰਕਾਰ ਨੂੰ ਸਾਰੇ ਕਾਂਗਰਸੀ ਆਗੂਆਂ ਵੱਲੋਂ ਘੇਰਨਾ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਵਾਬ ਦੇਣ 'ਚ ਪਿੱਛੇ ਨਹੀਂ ਹਟ ਰਹੇ। ਸੂਤਰਾਂ ਅਨੁਸਾਰ AAP ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ ਕਿਉਂਕਿ ਉਹ ਆਪਣੇ ਚੋਣਾਂ ਦੌਰਾਨ ਕੀਤੇ ਵਾਦਿਆਂ ਨੂੰ ਪੂਰਾ ਕਰ ਰਹੀ ਹੈ। ਬਿਜਲੀ ਬਿੱਲਾਂ ਦੀ ਮਾਫ਼ੀ, ਸਿੱਖਿਆ ਅਤੇ ਸਿਹਤ ਦੇ ਖੇਤਰਾਂ 'ਚ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਤੋਂ ਲੋਕ ਕਾਫ਼ੀ ਖੁਸ਼ ਹਨ। ਅਜਿਹੇ 'ਚ ਉਨ੍ਹਾਂ ਨੂੰ ਅਸਾਨੀ ਨਾਲ ਇਕੱਲੇ ਵੀ ਓਨੀਆਂ ਸੀਟਾਂ ਮਿਲ ਜਾਣਗੀਆਂ ਜਿੰਨੀਆਂ ਕਾਂਗਰਸ ਨਾਲ ਗਠਜੋੜ ਕਰ ਕੇ ਮਿਲਣਗੀਆਂ। ਉੱਧਰ ਭਾਜਪਾ ਅਤੇ ਅਕਾਲੀ ਦਲ ਦੀ ਸਥਿਤੀ ਵੀ ਕੁਝ ਸਪੱਸ਼ਟ ਨਹੀਂ ਹੈ। ਕੁਝ ਮਹੀਨਿਆਂ ਬਾਅਦ ਚੋਣ ਸਰਗਰਮੀਆਂ ਹੋਰ ਤੇਜ਼ ਹੋ ਜਾਣਗੀਆਂ। ਰਾਜਨੀਤੀ ਸੰਭਾਵਨਾਵਾਂ ਦਾ ਖੇਡ ਹੈ ਅਤੇ ਸਾਰੇ ਸਮੀਕਰਣ ਇਕ ਚਾਲ ਨਾਲ ਹੀ ਬਦਲ ਸਕਦੇ ਹਨ। ਹਾਲੇ ਤਾਂ ਕਾਂਗਰਸ ਅਤੇ AAP 'ਚ ਸੀਟਾਂ ਦੀ ਵੰਡ ਮੁਸ਼ਕਲ ਹੀ ਲੱਗ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8