ਪੰਜਾਬ ’ਚ ਇਨਕਮ ਟੈਕਸ ਵਿਭਾਗ ਨੇ ਦੋ ਵੱਡੇ ਉਦਯੋਗਿਕ ਘਰਾਣਿਆਂ ’ਤੇ ਕੀਤੀ ਛਾਪੇਮਾਰੀ
Tuesday, Oct 26, 2021 - 08:50 PM (IST)
ਨਵੀਂ ਦਿੱਲੀ : ਇਨਕਮ ਟੈਕਸ ਵਿਭਾਗ ਨੇ ਪੰਜਾਬ ਦੇ ਦੋ ਵੱਡੇ ਉਦਯੋਗਿਕ ਘਰਾਣਿਆਂ ਤੇ ਸਮੂਹਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ 150 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਾ ਹੈ। ਨਾਲ ਹੀ 2.25 ਕਰੋੜ ਰੁਪਏ ਦੀ ਬੇਹਿਸਾਬ ਨਕਦ ਰਾਸ਼ੀ ਬਰਾਮਦ ਹੋਈ ਹੈ, ਜਦਕਿ 2 ਕਰੋੜ ਰੁਪਏ ਦਾ ਬੇਹਿਸਾਬਾ ਸੋਨਾ ਜ਼ਬਤ ਕੀਤਾ ਗਿਆ ਹੈ। ਤਲਾਸ਼ੀ ’ਚ ਉਦਯੋਗਿਕ ਸਮੂਹ ਦੇ ਮੈਂਬਰਾਂ ਵੱਲੋਂ ਅਚੱਲ ਜਾਇਦਾਦਾਂ ’ਚ ਅਣਐਲਾਨੇ ਨਿਵੇਸ਼ ਦਾ ਵੀ ਪਤਾ ਲੱਗਾ ਹੈ। ਇਕ ਸਮੂਹ ਸਾਈਕਲਾਂ ਦਾ ਕਾਰੋਬਾਰ ਕਰਦਾ ਹੈ।
ਵਿੱਤ ਮੰਤਰਾਲਾ ਦੇ ਬੁਲਾਰੇ ਮੁਤਾਬਕ ਪਹਿਲੇ ਸਮੂਹ ਦੇ ਮਾਮਲੇ ’ਚ ਤਲਾਸ਼ੀ ਦੀ ਕਾਰਵਾਈ 21 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਮੂਹ ਸਾਈਕਲਾਂ ਦਾ ਕਾਰੋਬਾਰ ਕਰਦਾ ਹੈ। ਸਮੂਹ ਦੀਆਂ ਸੰਸਥਾਵਾਂ ਦੇ ਅੰਤਰ-ਫਰਜ਼ੀ ਅੰਤਰ ਸਮੂਹ (ਇੰਟਰਾ ਗਰੁੱਪ) ਲੈਣ-ਦੇਣ ਦਿਖਾ ਕੇ ਇਹ ਸਮੂਹ ਆਮਦਨ ਲੁਕਾਉਣ ’ਚ ਸ਼ਾਮਲ ਪਾਇਆ ਗਿਆ ਹੈ।
ਇਹ ਵੀ ਪੜ੍ਹੋ : ਆਰੀਅਨ ਖਾਨ ਨੂੰ ਅੱਜ ਵੀ ਨਹੀਂ ਮਿਲੀ ਜ਼ਮਾਨਤ, ਕੱਲ ਮੁੜ ਹੋਵੇਗੀ ਸੁਣਵਾਈ
ਇਹ ਸਮੂਹ ਵਿਕਰੀ ਦੇ ਇਕ ਵੱਡੇ ਹਿੱਸੇ ਨੂੰ ਨਕਦੀ ਦੇ ਰੂਪ ’ਚ ਪ੍ਰਾਪਤ ਕਰਨ ਤੇ ਇਸ ਤਰ੍ਹਾਂ ਕਾਰੋਬਾਰ ਨੂੰ ਘੱਟ ਦਿਖਾਉਣ ’ਚ ਸ਼ਾਮਲ ਪਾਇਆ ਗਿਆ ਸੀ। ਜ਼ਬਤ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੂਹ ਵੱਲੋਂ ਹਰ ਸਾਲ ਤਕਰੀਬਨ 90 ਕਰੋੜ ਰੁਪਏ ਦੇ ਕਾਰੋਬਾਰ ਦੀ ਹੇਰਾਫੇਰੀ ਕੀਤੀ ਗਈ ਹੈ। ਕਬਾੜ ਦੀ ਅਣਐਲਾਨੀ ਵਿਕਰੀ ਨਾਲ ਸਬੰਧਿਤ ਇਤਰਾਜ਼ਯੋਗ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਤਲਾਸ਼ੀ ਕਾਰਵਾਈ ’ਚ ਤਕਰੀਬਨ 150 ਕਰੋੜ ਰੁਪਏ ਦੀ ਬੇਹਿਸਾਬ ਆਮਦਨ ਦਾ ਪਤਾ ਲੱਗਾ ਹੈ। ਇਸ ਕਾਰਵਾਈ ’ਚ ਇਸ ਸਮੂਹ ਵਿਚ 2.25 ਕਰੋੜ ਰੁਪਏ ਦੀ ਬੇਹਿਸਾਬ ਨਕਦ ਰਾਸ਼ੀ ਬਰਾਮਦ ਹੋਈ ਹੈ ਅਤੇ 2 ਕਰੋੜ ਰੁਪਏ ਦਾ ਬੇਹਿਸਾਬਾ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ’ਚ ਸਥਿਤ ਦੂਸਰਾ ਸਮੂਹ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਤੇ ਸਟੱਡੀ ਵੀਜ਼ਾ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਸ ਸਮੂਹ ’ਚ ਤਲਾਸ਼ੀ ਕਾਰਵਾਈ 18 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ।
ਤਲਾਸ਼ੀ ਕਾਰਵਾਈ ’ਚ ਪਤਾ ਲੱਗਾ ਹੈ ਕਿ ਇਹ ਸਮੂਹ ਪ੍ਰਤੀ ਵਿਦਿਆਰਥੀ 10 ਲੱਖ ਰੁਪਏ ਤੋਂ 15 ਲੱਖ ਰੁਪਏ ਦਾ ਪੈਕੇਜ ਲੈਂਦਾ ਸੀ, ਜੋ ਉਸ ਦੇਸ਼ ’ਤੇ ਨਿਰਭਰ ਕਰਦਾ ਹੈ, ਜਿਥੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਸਮੂਹ ਦੀਆਂ ਪ੍ਰਾਪਤੀਆਂ ਪਿਛਲੇ 5 ਸਾਲਾਂ ’ਚ ਕੁਲ ਮਿਲਾ ਕੇ 200 ਕਰੋੜ ਰੁਪਏ ਤੋਂ ਵੱਧ ਨਕਦੀ ’ਚ ਹਨ। ਤਲਾਸ਼ੀ ’ਚ ਇਹ ਵੀ ਪਾਇਆ ਗਿਆ ਹੈ ਕਿ ਕਰਮਚਾਰੀਆਂ ਦੇ ਬੈਂਕ ਖਾਤਿਆਂ ਦੀ ਵਰਤੋਂ ਰੁਪਏ ਮੰਗਵਾਉਣ ਲਈ ਕੀਤੀ ਗਈ ਹੈ, ਜਿਸ ਤੋਂ ਬਾਅਦ ਨਕਦ ’ਚ ਵਾਪਸ ਲੈ ਲਿਆ ਗਿਆ ਹੈ। ਅਜਿਹੀਆਂ ਪ੍ਰਾਪਤੀਆਂ ਤੋਂ ਕਮਾਏ ਲਾਭ ਦਾ ਕਦੀ ਵੀ ਦਾਖਲ ਇਨਕਮ ਰਿਟਰਨ ’ਚ ਖੁਲਾਸਾ ਨਹੀਂ ਕੀਤਾ ਗਿਆ ਹੈ। ਸਮੂਹ ਦੇ ਮੈਂਬਰਾਂ ਵੱਲੋਂ ਸਿਰਫ ਵਿਦੇਸ਼ੀ ਯੂਨੀਵਰਸਿਟੀਆਂ ਤੋਂ ਪ੍ਰਾਪਤ ਕਮਿਸ਼ਨ ਨੂੰ ਟੈਕਸ ਰਿਟਰਨ ’ਚ ਪ੍ਰਾਪਤੀਆਂ ਦੇ ਰੂਪ ’ਚ ਦਿਖਾਇਆ ਗਿਆ ਹੈ। ਤਲਾਸ਼ੀ ਕਾਰਵਾਈ ’ਚ ਤਕਰੀਬਨ 40 ਕਰੋੜ ਰੁਪਏ ਦੀ ਬੇਹਿਸਾਬ ਆਮਦਨ ਦਾ ਪਤਾ ਲੱਗਾ ਹੈ। ਇਸ ਕਾਰਵਾਈ ’ਚ 20 ਲੱਖ ਰੁਪਏ ਦੀ ਬੇਹਿਸਾਬ ਨਕਦੀ ਵੀ ਬਰਾਮਦ ਹੋਈ ਹੈ ਤੇ 33 ਲੱਖ ਰੁਪਏ ਦੇ ਬੇਹਿਸਾਬੇ ਜ਼ੇਵਰਾਤ ਜ਼ਬਤ ਕੀਤੇ ਗਏ ਹਨ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਦੇ ਮੁਤਾਬਕ ਦੋਵਾਂ ਸਮੂਹਾਂ ’ਚ ਜਾਂਚ ਅਜੇ ਜਾਰੀ ਹੈ।