ਖ਼ੁਲਾਸਾ: ਪੁਲਸ ਸੁਰੱਖਿਆ ਲੈਣ ਤੇ ਅਸਲਾ ਲਾਇਸੈਂਸ ਬਣਵਾਉਣ ਲਈ ਸ਼ਖ਼ਸ ਨੇ ਖ਼ੁਦ ਕਰਵਾਏ ਸਨ ਆਪਣੀ ਕੋਠੀ ’ਤੇ ਹਮਲੇ

Sunday, Sep 17, 2023 - 01:49 PM (IST)

ਹੁਸ਼ਿਆਰਪੁਰ (ਰਾਕੇਸ਼)-ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਪਿੰਡ ਕਾਹਲੂਵਹਾਰ ਥਾਣਾ ਬੁੱਲੋਵਾਲ ਦੀ ਖੇਤਾਂ ਵਿਚਾਲੇ ਸਥਿਤ ਕੋਠੀ ’ਤੇ ਬੀਤੇ 4 ਮਹੀਨਿਆਂ ’ਚ ਕੀਤੇ ਗਏ ਵੱਖ-ਵੱਖ ਹਮਲਿਆਂ 'ਚ ਨਵਾਂ ਮੋੜ ਆ ਗਿਆ ਹੈ। ਪੁਲਸ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਕਿ ਅਵਤਾਰ ਸਿੰਘ ਨੇ ਪੁਲਸ ਸੁਰੱਖਿਆ ਅਤੇ ਅਸਲਾ ਲਾਇਸੈਂਸ ਹਾਸਲ ਕਰਨ ਲਈ ਆਪਣੇ ਦੋਸਤਾਂ ਦੀ ਮਦਦ ਨਾਲ ਆਪਣੀ ਕੋਠੀ ’ਤੇ ਖ਼ੁਦ ਹੀ ਹਮਲੇ ਕਰਵਾਏ ਸਨ। ਇਸ ਮਾਮਲੇ ਦੀ ਜਾਂਚ ਪਿੱਛੋਂ ਸਵਪਨ ਸ਼ਰਮਾ ਡੀ. ਆਈ. ਜੀ. ਜਲੰਧਰ ਅਤੇ ਸਰਤਾਜ ਸਿੰਘ ਚਾਹਲ ਐੱਸ. ਐੱਸ. ਪੀ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ ਜਾਂਚ, ਪਰਮਿੰਦਰ ਸਿੰਘ ਮੰਡ ਉੱਪ ਪੁਲਸ ਕਪਤਾਨ ਜਾਂਚ, ਤਲਵਿੰਦਰ ਕੁਮਾਰ ਉੱਪ ਪੁਲਸ ਕਪਤਾਨ ਗ੍ਰਾਮੀਣ ਦੀ ਦੇਖ-ਰੇਖ ’ਚ ਇੰਸਪੈਕਟਰ ਬਲਵਿੰਦਰ ਪਾਲ ਮੁਖੀ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਅਤੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਥਾਣਾ ਅਧਿਕਾਰੀ ਬੁੱਲੋਵਲ ਦੇ ਅਧੀਨ ਇਕ ਵਿਸ਼ੇਸ਼ ਟੀਮ ਵੱਲੋਂ ਅਵਤਾਰ ਸਿੰਘ ਦੀ ਕੋਠੀ ’ਚ ਫਾਇਰਿੰਗ, ਪੈਟਰੋਲ ਬੰਬ ਸੁੱਟਣ ਤੇ ਭੰਨ-ਤੋੜ ਕਰਨ ਵਾਲੇ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ ਜਾਂਚ ਨੇ ਦੱਸਿਆ ਕਿ ਪਿਛਲੇ 4 ਮਹੀਨੇ ਤੋਂ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਨਿਵਾਸੀ ਬੁੱਲੋਵਾਲ ਦੇ ਪਿੰਡ ਕਾਹਲੂਵਹਾਰ ਦੇ ਖੇਤ ’ਚ ਬਣੀ ਕੋਠੀ ’ਤੇ ਵਾਰ-ਵਾਰ ਹਮਲਾ ਹੋ ਰਿਹਾ ਸੀ।

ਇਹ ਵੀ ਪੜ੍ਹੋ- ਮੈਕਲੋਡਗੰਜ ਘੁੰਮਣ ਗਏ ਦੋਸਤਾਂ ਨਾਲ ਵਾਪਰੀ ਅਣਹੋਣੀ, ਪਾਣੀ 'ਚ ਰੁੜਿਆ ਜਲੰਧਰ ਦਾ ਮੁੰਡਾ, ਵੇਖੋ ਖ਼ੌਫ਼ਨਾਕ ਵੀਡੀਓ

9 ਜੂਨ 2023 ਨੂੰ ਪਿੰਡ ਕਾਹਲੂਵਹਾਰ ਦੇ ਸਰਪੰਚ ਗੁਰਨਾਮ ਸਿੰਘ ਆਪਣੇ ਪਰਿਵਾਰ ਸਮੇਤ ਸਵੇਰੇ 4 ਵਜੇ ਅਵਤਾਰ ਸਿੰਘ ਦੇ ਘਰ ਦੇ ਕੋਲ ਖੇਤ ’ਚ ਸੈਰ ਕਰ ਰਹੇ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ’ਤੇ ਹਮਲਾ ਕਰ ਕੇ ਫਾਇਰਿੰਗ ਕੀਤੀ। ਗੁਰਨਾਮ ਸਿੰਘ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ. 83 ਮਿਤੀ 13 ਜੂਨ 2023 ਧਾਰਾ 336, 506, 25-54-59 ਆਰਮਜ਼ ਐਕਟ ਪੁਲਸ ਸਟੇਸ਼ਨ ਬੁੱਲੋਵਾਲ ’ਚ ਦਰਜ ਕਰਵਾਇਆ ਗਿਆ। ਕੁਝ ਸਮੇਂ ਬਾਅਦ ਮਿਤੀ 16/17 ਜੂਨ 2023 ਦੀ ਮੱਧ ਰਾਤ ਨੂੰ ਅਵਤਾਰ ਸਿੰਘ ਦੀ ਖੇਤਾਂ ’ਚ ਬਣੀ ਕੋਠੀ ’ਚ ਅਣਪਛਾਤੇ ਦੋਸ਼ੀਆਂ ਨੇ ਪੈਟਰੋਲ ਬੰਬ ਨਾਲ ਹਮਲਾ ਕੀਤਾ। ਜਿਸ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਨੰ. 87 ਮਿਤੀ 17 ਜੂਨ 2023 ਧਾਰਾ 452, 427, 34 ਅਧੀਨ ਥਾਣਾ ਬੁੱਲੋਵਾਲ ’ਚ ਕੇਸ ਦਰਜ ਕੀਤਾ ਗਿਆ। ਇਸ ਪਿੱਛੋਂ ਮਿਤੀ 06/07 ਸਤੰਬਰ 2023 ਦੀ ਮੱਧ ਰਾਤ ਨੂੰ ਅਣਪਛਾਤੇ ਵਿਅਕਤੀ ਤੀਜੀ ਵਾਰ ਅਵਤਾਰ ਸਿੰਘ ਦੇ ਘਰ ਵੜ ਆਏ ਤੇ ਘਰ ’ਚ ਭੰਨ-ਤੋੜ ਕੀਤੀ। ਜਿਸ ’ਤੇ 7 ਸਤੰਬਰ 2023 ਨੂੰ ਧਾਰਾ 452, 427, 34 ਅਧੀਨ ਥਾਣਾ ਬੁੱਲੋਵਾਲ ’ਚ ਕੇਸ ਦਰਜ ਕੀਤਾ ਗਿਆ। ਅਵਤਾਰ ਸਿੰਘ ਦੇ ਦਾਦਾ ਫ਼ੌਜ ’ਚ ਸ਼ਹੀਦ ਹੋਏ ਸਨ ਅਤੇ ਇਨ੍ਹਾਂ ਦੇ ਪਰਿਵਾਰ ’ਤੇ ਲਗਾਤਾਰ ਹਮਲੇ ਹੋ ਰਹੇ ਸਨ, ਜੋ ਇਕ ਧਾਰਮਿਕ ਪਰਿਵਾਰ ਹੈ।

ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਵਤਾਰ ਸਿੰਘ ਦੀ ਮੰਗ ਅਨੁਸਾਰ ਪੁਲਸ ਵੱਲੋਂ ਪਰਿਵਾਰ ਦੀ ਸੁਰੱਖਿਆ ਲਈ ਸੁਰੱਖਿਆ ਪ੍ਰਦਾਨ ਕੀਤੀ ਗਈ ਤੇ ਉਪਰੋਕਤ ਪੁਲਸ ਅਧਿਕਾਰੀਆਂ ਨੇ ਟੀਮਾਂ ਦਾ ਗਠਨ ਕਰਕੇ ਉਕਤ ਮਾਮਲੇ ਨੂੰ ਹੱਲ ਕਰਨ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ।
ਪੂਰੀ ਜਾਂਚ ਉਪਰੰਤ ਪਤਾ ਲੱਗਾ ਕਿ ਅਵਤਾਰ ਸਿੰਘ ਆਪਣਾ ਅਸਲਾ ਲਾਇਸੈਂਸ ਬਣਵਾਉਣਾ ਚਾਹੁੰਦਾ ਸੀ। ਇਸ ਸਬੰਧੀ ਉਸ ਨੇ ਆਪਣੇ ਦੋਸਤ ਦਲਜੀਤ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਨਿਵਾਸੀ ਦਸਮੇਸ਼ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨਾਲ ਗੱਲ ਕੀਤੀ। ਇਨ੍ਹਾਂ ਨੇ ਆਪਸ ’ਚ ਗੱਲਬਾਤ ਕਰ ਕੇ ਸਕੀਮ ਬਣਾਈ ਕਿ ਅਸੀਂ ਆਪਣੇ ਦੋਸਤਾਂ ਰਾਹੀਂ ਆਪਣੇ ਘਰ ’ਤੇ ਹਮਲਾ ਕਰਵਾਉਂਦੇ ਹਾਂ ਅਤੇ ਇਸ ਹਮਲੇ ਦੇ ਬਾਅਦ ਸਾਨੂੰ ਪੁਲਸ ਸੁਰੱਖਿਆ ਮਿਲ ਜਾਵੇਗੀ ਅਤੇ ਅਸਲਾ ਲਾਇਸੈਂਸ ਵੀ ਅਸਾਨੀ ਨਾਲ ਬਣ ਜਾਵੇਗਾ।
ਜਾਂਚ ’ਚ ਉਪਰੋਕਤ ਗੱਲ ਸਾਹਮਣੇ ਆਉਣ ’ਤੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ 8 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਅ ਕਿ ਇਨ੍ਹਾਂ ਨਾਲ ਵਾਰਦਾਤ ਨੂੰ ਅੰਜਾਮ ਦੇਣ ’ਚ ਵਰਤੋਂ ਕੀਤੇ ਗਏ ਹਥਿਆਰ ਏਅਰ ਪਿਸਟਲ-01, ਮੋਟਰਸਾਈਕਲ ਸਪਲੈਂਡਰ, ਮੋਟਰਸਾਈਕਲ ਪਲੇਟਿਨਾ ਤੇ ਇਕ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰ ਦੇ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ

ਇਹ ਹਨ ਫੜੇ ਗਏ ਦੋਸ਼ੀ
ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਾਹਲੂਵਹਾਰ ਥਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ।
ਵਿਕਰਮ ਲਾਲ ਉਰਫ ਵਿੱਕੀ ਪੁੱਤਰ ਕਰਮ ਦੇਵ ਨਿਵਾਸੀ ਪਿੰਡ ਦੋਲੋਵਾਲ ਥਾਣਾ ਹਰਿਆਣਾ।
ਬਾਬੀ ਕੁਮਾਰ ਪੁੱਤਰ ਵਿਨੈ ਕੁਮਾਰ ਨਿਵਾਸੀ ਪਿੰਡ ਦੋਲੋਵਾਲ।
ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਪੰਡੋਰੀ ਮਾਅਲ ਉਰਫ਼ ਬਾਕਰਪੁਰ ਥਾਣਾ ਬੁੱਲੋਵਾਲ।
ਗੁਰਮੁਖ ਸਿੰਘ ਉਰਫ ਗੋਪੀ ਪੁੱਤਰ ਕਿਰਪਾਲ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਖਾਮ ਥਾਣਾ ਹਰਿਆਣਾ।
ਦਲਜੀਤ ਸਿੰਘ ਉਰਫ ਗੋਰਾ ਪੁੱਤਰ ਜਰਨੈਲ ਸਿੰਘ ਵਾਸੀ ਦਸਸ਼ ਨਗਰ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ।
ਅਨਿਲ ਸੈਣੀ ਪੁੱਤਰ ਜੋਗਿੰਦਰਪਾਲ ਨਿਵਾਸੀ ਨਿਊ ਸ਼ਾਸਤਰੀ ਨਗਰ ਥਾਣਾ ਮਾਡਲ ਟਾਊਨ, ਹੁਸ਼ਿਆਰਪੁਰ।
ਬ੍ਰਜੇਸ਼ਵਰ ਉਰਫ ਸੂਰਤ ਪੁੱਤਰ ਰਾਜਿੰਦਰ ਸਾਹਨੀ ਨਿਵਾਸੀ ਖੈਰੀ ਮੱਲ ਥਾਣਾ ਪਿਪਰਾ ਜ਼ਿਲ੍ਹਾ ਮੋਤੀਹਾਰੀ ਬਿਹਾਰ ਹਾਲ ਨਿਵਾਸੀ ਭੀਖੋਵਾਲ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ।

ਇਹ ਵੀ ਪੜ੍ਹੋ- ਮਲੋਟ ਵਿਖੇ ਤੜਕਸਾਰ ਵਾਪਰਿਆ ਭਿਆਨਕ ਸੜਕ ਹਾਦਸਾ, ਪਿਓ-ਪੁੱਤ ਸਣੇ 4 ਲੋਕਾਂ ਦੀ ਦਰਦਨਾਕ ਮੌਤ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News