ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਹੱਥੀਂ ਗਲ ਲਾ ਲਈ ਮੌਤ
Saturday, Feb 13, 2021 - 02:41 PM (IST)
![ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਹੱਥੀਂ ਗਲ ਲਾ ਲਈ ਮੌਤ](https://static.jagbani.com/multimedia/2021_2image_14_40_544372765mks.jpg)
ਮਲੋਟ (ਜੁਨੇਜਾ)- ਪਿੰਡ ਛਾਪਿਆਂਵਾਲੀ ਵਿਖੇ ਵਿਆਹੁਤਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਉਸਦੇ ਪਤੀ ਅਤੇ ਸੱਸ-ਸਹੁਰੇ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਸਬ ਇੰਸਪੈਕਟਰ ਹਰਵਿੰਦਰਪਾਲ ਸਿੰਘ ਰਵੀ ਨੇ ਦੱਸਿਆ ਕਿ ਪੁਲਸ ਨੂੰ ਕਾਕਾ ਸਿੰਘ ਪੁੱਤਰ ਚੰਨਣ ਸਿੰਘ ਵਸੀ ਸੱਤਕੋਸੀ ਥਾਣਾ ਖੂਹੀਆਂ ਸਰਵਰ ਨੇ ਦਰਜ ਬਿਆਨਾਂ ਵਿਚ ਕਿਹਾ ਕਿ ਉਸਦੀ ਧੀ ਮਨਪ੍ਰੀਤ ਕੌਰ ਦਾ ਵਿਆਹ 9 ਸਾਲ ਪਹਿਲਾਂ ਗੁਰਲਾਭ ਸਿੰਘ ਉਰਫ ਵਿੱਕੀ ਪੁੱਤਰ ਜਗਸੀਰ ਸਿੰਘ ਵਾਸੀ ਛਾਪਿਆਂਵਾਲੀ ਨਾਲ ਹੋਇਆ ਸੀ। ਇਨ੍ਹਾਂ ਦੇ ਘਰ ਇਕ ਬੇਟਾ ਅਤੇ ਬੇਟੀ ਨੇ ਵੀ ਜਨਮ ਲਿਆ ਪਰ ਮਨਪ੍ਰੀਤ ਕੌਰ ਨੂੰ ਉਸਦਾ ਪਤੀ ਅਤੇ ਸਹੁਰਾ ਪਰਿਵਾਰ ਵੱਲੋਂ ਕੁੱਟ-ਮਾਰ ਕੀਤੀ ਜਾਂਦੀ ਸੀ ਅਤੇ ਉਹ ਉਸ ’ਤੇ ਸ਼ੱਕ ਵੀ ਕਰਦੇ ਸਨ।
ਇਹ ਵੀ ਪੜ੍ਹੋ : ਨਵਰੀਤ ਨੂੰ ਇਨਸਾਫ਼ ਦਿਵਾਉਣ ਲਈ ਇਕੱਠੇ ਹੋਏ ਖਹਿਰਾ ਤੇ ਢੀਂਡਸਾ
ਇਸ ਨੂੰ ਲੈ ਕੇ ਕਈ ਵਾਰ ਮਨਪ੍ਰੀਤ ਕੌਰ ਆਪਣੇ ਪੇਕੇ ਚਲੀ ਜਾਂਦੀ ਸੀ ਅਤੇ ਕਈ ਵਾਰ ਪੰਚਾਇਤਾਂ ਨੇ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਉਸਨੂੰ ਉਸਦੇ ਸਹੁਰੇ ਘਰ ਛੱਡ ਦਿੱਤਾ ਜਾਂਦਾ ਸੀ ਪਰ ਉਸਦੇ ਸਹੁਰਾ ਪਰਿਵਾਰ ਵੱਲੋਂ ਤਸ਼ੱਦਦ ਜਾਰੀ ਰੱਖਿਆ। ਜਿਸ ਤੋਂ ਪ੍ਰੇਸ਼ਾਨ ਹੋ ਕੇ ਮਨਪ੍ਰੀਤ ਕੌਰ ਨੇ 11 ਫਰਵਰੀ ਨੂੰ ਸਵੇਰੇ ਘਰ ਅੰਦਰ ਹੀ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐੱਸ. ਆਈ. ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਉਸਦੇ ਪਤੀ ਗੁਰਲਾਭ ਸਿੰਘ ਵਿੱਕੀ, ਸੱਸ ਅਮਰਜੀਤ ਕੌਰ ਅਤੇ ਸਹੁਰਾ ਜਗਸੀਰ ਸਿੰਘ ਵਾਸੀਅਨ ਛਾਪਿਆਂਵਾਲੀ ਵਿਰੁੱਧ ਸਿਟੀ ਮਲੋਟ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਵਿਚੋਂ ਗੁਰਲਾਭ ਸਿੰਘ ਵਿੱਕੀ ਨੂੰ ਕਾਬੂ ਕਰ ਲਿਆ ਜਦ ਕਿ ਦੂਜੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : ਰੇਪ ਪੀੜਤ 7 ਸਾਲਾ ਬੱਚੀ ਦੀ ਮੌਤ ਦੀ ਅਫਵਾਹ ਨਾਲ ਲੁਧਿਆਣਾ 'ਚ ਹੜਕੰਪ, ਪੁਲਸ ਤੇ ਲੋਕਾਂ 'ਚ ਜ਼ਬਰਦਸਤ ਝੜਪ