ਗਿੱਦੜਬਾਹਾ ਹਲਕੇ 'ਚ ਹੋਵੇਗੀ 5 ਧਿਰਾਂ 'ਚ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
Friday, Feb 18, 2022 - 06:12 PM (IST)
ਜਲੰਧਰ (ਵੈੱਬ ਡੈਸਕ) : ਗਿੱਦੜਬਾਹਾ ਯਾਨੀਕਿ ਹਲਕਾ ਨੰਬਰ 84 ਜੋ 2007 ਅਤੇ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਹਲਕਾ ਨੰਬਰ 106 ਸੀ। ਇਹ ਹਲਕਾ ਪੰਜਾਬ ਦੇ ਮੁਕਤਸਰ ਜ਼ਿਲ੍ਹੇ 'ਚ ਸਥਿਤ ਹੈ ਅਤੇ ਫ਼ਰੀਦਕੋਟ ਲੋਕ ਸਭਾ ਸੀਟ ਅਧੀਨ ਆਉਂਦਾ ਹੈ। ਇਸ ਹਲਕੇ 'ਚ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਤਿੰਨ ਵਾਰ ਅਕਾਲੀ ਦਲ ਅਤੇ ਦੋ ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਆਗੂ ਅਤੇ ਚੰਨੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਰਜ ਕੀਤੀ ਅਤੇ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਇਸ ਤੋਂ ਪਹਿਲਾਂ 1997 ਤੋਂ ਲੈ ਕੇ 2007 ਤੱਕ ਅਕਾਲੀ ਦਲ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੇ ਜਿੱਤ ਦੀ ਹੈਟ੍ਰਿਕ ਲਗਾਈ ਸੀ ਪਰ 2012 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣੀ ਪਾਰਟੀ ਪੀਪਲਜ਼ ਇਜ਼ ਪਾਰਟੀ ਆਫ਼ ਪੰਜਾਬ ਬਣਾਈ ਤੇ ਇਸੇ ਪਾਰਟੀ ਵੱਲੋਂ ਚੋਣਾਂ ਲੜੀਆਂ ਸਨ। ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ ਅਤੇ ਉਹ ਖ਼ੁਦ ਵੀ ਚੋਣ ਹਾਰ ਗਏ ਸਨ।ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਅਤੇ 2017 ਵਿੱਚ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਬਣੇ ਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਵੀ।
1997
ਇਹ ਚੋਣ ਅਕਾਲੀ ਦਲ ਦੇ ਮਨਪ੍ਰੀਤ ਬਾਦਲ ਨੇ 17148 ਵੋਟਾਂ ਦੀ ਲੀਡ ਨਾਲ ਜਿੱਤੀ।ਬਾਦਲ ਨੂੰ ਜਿੱਥੇ 51086 ਵੋਟਾਂ ਮਿਲੀਆਂ ਉਥੇ ਕਾਂਗਰਸ ਦੇ ਮਲਕੀਤ ਸਿੰਘ ਨੂੰ 33938 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
2002
2002 ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ 59336 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਉਮੀਦਵਾਰ ਰਘੂਵੀਰ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ। ਰਘੂਵੀਰ ਨੂੰ 43801 ਵੋਟਾਂ ਮਿਲੀਆਂ ਸਨ। ਮਨਪ੍ਰੀਤ ਨੇ ਇਹ ਚੋਣ 15535 ਵੋਟਾਂ ਦੇ ਫਰਕ ਨਾਲ ਜਿੱਤੀ।
2007
2007 ਵਿੱਚ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੇ 53111 ਵੋਟਾਂ ਹਾਸਲ ਕਰਕੇ ਵੱਡੀ ਜਿੱਤ ਹਾਸਲ ਕੀਤੀ ਸੀ।ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਰਘੂਬੀਰ ਸਿੰਘ 18828 ਵੋਟਾਂ ਦੇ ਫਰਕ ਨਾਲ ਹਰਾਇਆ। ਰਘੂਬੀਰ ਸਿੰਘ ਨੂੰ 34283 ਵੋਟਾਂ ਮਿਲੀਆਂ ਸਨ।
2012
2012 'ਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 50305, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਤ ਸਿੰਘ ਬਰਾੜ ਨੇ 36653 ਵੋਟਾਂ ਹਾਸਲ ਕੀਤੀਆਂ। ਰਾਜਾ ਵੜਿੰਗ ਨੇ ਸੰਤ ਸਿੰਘ ਨੂੰ 13,652 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
2017
2017 'ਚ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 63500 ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਮਿਲੀਆਂ 47288 ਵੋਟਾਂ ਦੇ ਮੁਕਾਬਲੇ ਵੱਡੀ ਲੀਡ ਨਾਲ ਹਰਾਇਆ ਸੀ। ਰਾਜਾ ਵੜਿੰਗ ਨੇ ਹਰਦੀਪ ਸਿੰਘ ਨੂੰ 16,212 ਵੋਟਾਂ ਦੇ ਫ਼ਰਕ ਨਾਲ ਹਰਾਇਆ ।ਆਮ ਆਦਮੀ ਪਾਰਟੀ ਵੱਲੋਂ ਜਗਦੀਪ ਸਿੰਘ ਨੂੰ 25384 ਵੋਟਾਂ ਪਈਆਂ ਸਨ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਗਿੱਦੜਬਾਹਾ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਆਮ ਆਦਮੀ ਪਾਰਟੀ ਵਲੋਂ ਪ੍ਰੀਤਪਾਲ ਸ਼ਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਗੁਰਪ੍ਰੀਤ ਸਿੰਘ ਕੋਟਲੀ ਅਤੇ ਭਾਜਪਾ ਵੱਲੋਂ ਰਾਕੇਸ਼ ਢੀਂਗਰਾ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 167228 ਹੈ, ਜਿਨ੍ਹਾਂ 'ਚ 80093 ਪੁਰਸ਼ ਅਤੇ 87125 ਵੋਟਾਂ ਬੀਬੀਆਂ ਦੀਆਂ ਹਨ। 10 ਵੋਟਾਂ ਥਰਡ ਜੈਂਡਰ ਦੀਆਂ ਹਨ।