ਅੰਮ੍ਰਿਤਸਰ ’ਚ ASI ਨੇ ਮੰਗੀ 10 ਹਜ਼ਾਰ ਰੁਪਏ ਰਿਸ਼ਵਤ, ਪੀੜਤ ਦੇ ਹੱਕ 'ਚ ਨਿੱਤਰੇ ‘ਆਪ’ ਵਿਧਾਇਕ

03/25/2022 12:10:35 AM

ਅੰਮ੍ਰਿਤਸਰ (ਗੁਰਿੰਦਰ ਸਾਗਰ)- ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਆਉਂਦਿਆਂ ਹੀ ਹੁਣ ਰਿਸ਼ਵਤ ਲੈਣ ਵਾਲੇ ਪੁਲਸ ਅਧਿਕਾਰੀਆਂ ਦੀ ਖੈਰ ਨਹੀਂ ਨਜ਼ਰ ਆ ਰਹੀ। ਤਾਜ਼ਾ ਮਾਮਲਾ ਅੰਮ੍ਰਿਤਸਰ ’ਚ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਥਾਣਾ ਕੋਟ ਖ਼ਾਲਸਾ ਵਿਖੇ ਇਕ ਏ. ਐੱਸ. ਆਈ. ਵੱਲੋਂ ਇਕ ਮੀਟ ਦੀ ਦੁਕਾਨ ਚਲਾਉਣ ਵਾਲੇ ਲੜਕੇ ’ਤੇ ਕਾਰਵਾਈ ਨਾ ਕਰਨ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਕੋਟ ਖ਼ਾਲਸਾ ਵਿਖੇ ਉਹ ਆਪਣੀ ਦੁਕਾਨ ’ਤੇ ਕੰਮ ਕਰ ਰਿਹਾ ਸੀ ਅਤੇ ਕੁਝ ਲੋਕ ਉਸ ਦੀ ਦੁਕਾਨ ’ਤੇ ਚੋਰੀ-ਛੁਪੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਹੀ ਥਾਣਾ ਕੋਟ ਖ਼ਾਲਸਾ ਵਿਖੇ ਤਾਇਨਾਤ ਏ. ਐੱਸ. ਆਈ. ਆਤਮਬੀਰ ਸਿੰਘ ਉਸ ਦੀ ਦੁਕਾਨ ’ਤੇ ਆਏ ਅਤੇ ਉਸ ਨੂੰ ਕਿਹਾ ਕਿ ਤੇਰੇ ਵੱਲੋਂ ਆਪਣੀ ਦੁਕਾਨ ’ਤੇ ਨਾਜਾਇਜ਼ ਸ਼ਰਾਬ ਪਿਲਾਈ ਜਾ ਰਹੀ ਹੈ। 

ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਅਨਿਲ ਕੁਮਾਰ ਨੇ ਦੱਸਿਆ ਕਿ ਉਸ ਨੇ ਉਸ ਮੌਕੇ ਏ. ਐੱਸ. ਆਈ. ਆਤਮਬੀਰ ਸਿੰਘ ਨੂੰ ਕਿਹਾ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਪਰ ਏ. ਐੱਸ. ਆਈ. ਆਤਮਬੀਰ ਸਿੰਘ ਉਸ ਨੂੰ ਫੜ ਕੇ ਜ਼ਬਰਦਸਤੀ ਥਾਣਾ ਕੋਟ ਖ਼ਾਲਸਾ ਲੈ ਆਏ। ਅਨਿਲ ਕੁਮਾਰ ਨੇ ਦੱਸਿਆ ਕਿ ਆਤਮਬੀਰ ਸਿੰਘ ਨੇ ਉਸ ਦੇ ਕੋਲੋਂ ਉਸ ਨੂੰ ਛੱਡਣ ਦੇ ਬਦਲੇ 10 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਪਰ ਉਸ ਨੇ ਕਿਹਾ ਕਿ ਉਹ ਗ਼ਰੀਬ ਆਦਮੀ ਹੈ। ਉਹ ਦਸ ਹਜ਼ਾਰ ਰੁਪਏ ਨਹੀਂ ਦੇ ਸਕਦਾ ਤਾਂ ਆਤਮਬੀਰ ਸਿੰਘ ਨੇ ਕਿਹਾ ਕਿ ਤੈਨੂੰ ਸਵੇਰ ਤੱਕ ਦਾ ਸਮਾਂ ਦੇਣਾ ਹਾਂ, ਤੂੰ ਸਵੇਰ ਤੱਕ ਦਸ ਹਜ਼ਾਰ ਰੁਪਿਆ ਲੈ ਕੇ ਥਾਣੇ ਆ ਜਾ ਮੈਂ ਤੇਰੇ ਵਿਰੁੱਧ ਕਾਰਵਾਈ ਨਹੀਂ ਕਰਾਂਗਾ। 

ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਏ. ਐੱਸ. ਆਈ. ਆਤਮਬੀਰ ਨੇ ਉਸ ਨੂੰ ਇਹ ਵੀ ਕਿਹਾ ਕਿ ਉਹ ਬਾਹਰ ਸਾਈਕਲਾਂ ਦੀ ਦੁਕਾਨ ’ਤੇ ਹਰਪਾਲ ਸਿੰਘ ਲੜਕਾ ਹੋਵੇਗਾ, ਉਹ ਉਸ ਨੂੰ 10 ਹਜ਼ਾਰ ਰੁਪਏ ਸਵੇਰੇ ਫੜਾ ਦੇਵੇ। ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਆਪਣੇ ਘਰ ਗਿਆ ਅਤੇ ਉਸ ਨੇ ਆਪਣੇ ਮਿੱਤਰ ਵਰੁਣ ਕੁਮਾਰ ਨੂੰ ਸਾਰੀ ਗੱਲ ਦੱਸੀ ਤਾਂ ਵਰੁਣ ਨੇ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਪੰਜ ਹਜ਼ਾਰ ਰੁਪਏ ਦਿੰਦਾ ਹਾਂ ਅਤੇ ਇਹ ਜਾ ਕੇ ਤੂੰ ਸਵੇਰੇ ਏ. ਐੱਸ. ਆਈ. ਆਤਮਬੀਰ ਸਿੰਘ ਨੂੰ ਦੇ ਦੇਵੀਂ।  ਅਨਿਲ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਹ 5 ਹਜ਼ਾਰ ਰੁਪਏ ਲੈ ਕੇ ਥਾਣਾ ਕੋਟ ਖ਼ਾਲਸਾ ਵਿਖੇ ਏ. ਐੱਸ. ਆਈ. ਆਤਮਬੀਰ ਸਿੰਘ ਕੋਲ ਆਇਆ ਤਾਂ ਉਨ੍ਹਾਂ ਕਿਹਾ ਕਿ ਤੂੰ ਬਾਹਰ ਜਾ ਕੇ ਉਸ ਦੇ ਦੋਸਤ ਹਰਪਾਲ ਸਿੰਘ ਹਰਪਾਲ ਸਾਈਕਲਾਂ ਵਾਲੇ ਨੂੰ ਇਹ ਪੈਸੇ ਫੜਾ ਦੇ। ਅਨਿਲ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪੰਜ ਹਜ਼ਾਰ ਰੁਪਏ ਬਾਹਰ ਹਰਪਾਲ ਸਿੰਘ ਸਾਈਕਲਾਂ ਵਾਲੇ ਨੂੰ ਫੜਾ ਕੇ ਵਾਪਸ ਆ ਗਿਆ। 
ਇਸ ਤੋਂ ਬਾਅਦ ਆਤਮਬੀਰ ਸਾਈਕਲਾਂ ਵਾਲੇ ਹਰਪਾਲ ਸਿੰਘ ਕੋਲ ਪਹੁੰਚਿਆ ਤੇ ਉਸ ਦੀ ਜੇਬ ’ਚੋਂ ਪੰਜ ਹਜ਼ਾਰ ਰੁਪਏ ਨੋਟ ਕੱਢੇ, ਜਿਨ੍ਹਾਂ ਦੇ ਨੰਬਰ ਉਨ੍ਹਾਂ ਪਹਿਲਾਂ ਹੀ ਨੋਟ ਕੀਤੇ ਹੋਏ ਸਨ। ਇਸ ਸਬੰਧ ’ਚ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਵੈਸਟ ਤੋਂ ਐੱਮ. ਐੱਲ. ਏ. ਜਸਬੀਰ ਸਿੰਘ ਸੰਧੂ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਸਾਈਕਲ ਰਿਪੇਅਰ ਕਰਨ ਵਾਲੇ ਦੁਕਾਨਦਾਰ ਨੇ ਕਿਹਾ ਕਿ ਉਸ ਨੂੰ ਏ.ਐੱਸ. ਆਈ. ਆਤਮਬੀਰ ਸਿੰਘ ਨੇ ਕਿਹਾ ਸੀ ਕਿ ਕੋਈ ਲੜਕਾ ਆਏਗਾ ਤੇ ਉਸ ਕੋਲੋਂ ਜਿੰਨੇ ਪੈਸੇ ਵਧੇਗਾ ਉਹ ਲੈ ਲਵੀਂ ਤਾਂ ਮੈਂ ਇਸੇ ਕਰਕੇ ਹੀ ਇਸ ਕੋਲੋਂ ਪੈਸੇ ਫੜੇ ਸੀ। ਇਸ ਤੋਂ ਇਲਾਵਾ ਹੋਰ ਉਸ ਨੂੰ ਕੁਝ ਨਹੀਂ ਪਤਾ। 
ਇਸ ਘਟਨਾ ਦੇ ਸੰਬੰਧ 'ਚ ਥਾਣਾ ਕੋਟ ਖਾਲਸਾ ਦੇ ਮੁਖੀ ਸਬ-ਇੰਸਪੈਕਟਰ ਸੁਲੱਖਣ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਉਨ੍ਹਾਂ ਕੋਲ ਆ ਗਈ ਹੈ ਅਤੇ ਮਾਮਲੇ ਦੀ ਜਾਂਚ ਕਰਨ ਉਪਰੰਤ ਜੋ ਵੀ ਦੋਸ਼ੀ ਹੋਇਆ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ 'ਚ ਅੰਮ੍ਰਿਤਸਰ ਦੇ ਹਲਕਾ ਪੱਛਮੀਂ ਦੇ ਐੱਮ. ਐੱਲ. ਏ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਰਿਸ਼ਵਤਖੋਰਾਂ ਨੂੰ ਹੁਣ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਪੁਲਸ ਅਧਿਕਾਰੀ ਜਾਂ ਹੋਰ ਸਰਕਾਰੀ ਕਰਮਚਾਰੀ ਰਿਸ਼ਵਤ ਲੈਂਦਾ ਕਾਬੂ ਕੀਤਾ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News