ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਨੇ ਲਾਂਘੇ ਨੂੰ ਛੇਤੀ ਖੁੱਲ੍ਹਵਾ ਦਿੱਤਾ!

Monday, Oct 21, 2019 - 03:11 PM (IST)

ਇਮਰਾਨ ਖਾਨ ਅਤੇ ਨਵਜੋਤ ਸਿੱਧੂ ਦੀ ਦੋਸਤੀ ਨੇ ਲਾਂਘੇ ਨੂੰ ਛੇਤੀ ਖੁੱਲ੍ਹਵਾ ਦਿੱਤਾ!

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ/ਰਣਦੀਪ ਸਿੰਘ) : ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਹੁਤ ਲੰਮੇ ਸਮੇਂ ਦੀ ਘਾਲਣਾ ਹੈ। ਇਸ ਲਈ ਵੱਖ-ਵੱਖ ਜਥੇਬੰਦੀਆਂ ਨੇ ਆਪੋ-ਆਪਣੇ ਹੀਲੇ-ਵਸੀਲਿਆਂ ਨਾਲ ਕੋਸ਼ਿਸ਼ਾਂ ਜਾਰੀ ਰੱਖੀਆਂ ਸਨ। ਇਸ ਲਈ ਕੂਟਨੀਤਕ ਪੱਧਰ 'ਤੇ ਸਰਕਾਰਾਂ ਦੀ ਆਪਸੀ ਗੱਲਬਾਤ ਵੀ ਹੁੰਦੀ ਰਹੀ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਦੀਆਂ ਰੋਜ਼ਾਨਾ ਡੇਰਾ ਬਾਬਾ ਨਾਨਕ ਤੋਂ ਅਰਦਾਸਾਂ ਦਾ ਵੀ ਯੋਗਦਾਨ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਇਹ ਗੱਲ ਸਦਾ ਖਾਸ ਰਹੇਗੀ ਕਿ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਦੇ ਆਉਣ ਨਾਲ ਤੇ ਉਨ੍ਹਾਂ ਦੀ ਨਵਜੋਤ ਸਿੰਘ ਸਿੱਧੂ ਨਾਲ ਦੋਸਤੀ ਦਾ ਸਾਨੂੰ ਫਾਇਦਾ ਮਿਲਿਆ ਹੈ ਕਿਉਂਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਤਾਂ ਕਦੋਂ ਦੀ ਚੱਲ ਰਹੀ ਸੀ, ਇਹ ਉਨ੍ਹਾਂ ਦੀ ਦੋਸਤੀ ਹੀ ਹੈ, ਜਿਸ ਕਰ ਕੇ ਇਹ ਐਲਾਨ ਛੇਤੀ ਹੋ ਗਿਆ।

ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸਾਰੀਆਂ ਸਿੱਖ ਸੰਗਤਾਂ ਦੀ ਅਰਦਾਸ, ਸਿੱਖ ਜਥੇਬੰਦੀਆਂ ਦੀ ਘਾਲਣਾ ਤਾਂ ਹੈ ਪਰ ਨਵਜੋਤ ਸਿੱਧੂ ਇਸ ਲਈ ਉਹ ਸਾਧਨ ਬਣ ਕੇ ਆਏ, ਜਿਸ ਕਰ ਕੇ ਇਹ ਕਾਰਜ ਛੇਤੀ ਹੋ ਗਿਆ। ਇਸ ਬਾਰੇ ਬਾਦਲ ਸਾਹਿਬ 6 ਮਈ ਨੂੰ ਸੁਸ਼ਮਾ ਸਵਰਾਜ ਨੂੰ ਮਿਲੇ ਸਨ ਅਤੇ ਕਹਿੰਦੇ ਸਨ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸੁਪਨਾ ਅਜੇ ਨਾ ਦੇਖੋ। ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਇਹ ਵੀ ਮਾਇਨੇ ਰੱਖਦਾ ਹੈ ਕਿ ਇਸ ਦੇ ਲਈ ਭਾਰਤ ਸਰਕਾਰ ਨੂੰ ਵੀ ਬਰਾਬਰ ਦਾ ਸਿਹਰਾ ਜਾਂਦਾ ਹੈ। ਇਸ ਲਈ ਭਾਰਤ ਅਤੇ ਪੰਜਾਬ ਸਰਕਾਰ ਨੇ ਵੀ ਅਸੰਭਵ ਕੰਮ ਨੂੰ ਸੰਭਵ ਕਰ ਕੇ ਦਿਖਾਇਆ ਅਤੇ ਪੁਖਤਾ ਇੰਤਜ਼ਾਮ ਸਮੇਂ ਸਿਰ ਨੇਪਰੇ ਚਾੜ੍ਹੇ ਹਨ। ਇੰਝ ਭਾਰਤ ਅਤੇ ਪੰਜਾਬ ਦੀਆਂ ਦੋਵੇਂ ਸਰਕਾਰਾਂ ਵੀ ਸਤਿਗੁਰੂ ਦੀਆਂ ਖੁਸ਼ੀਆਂ ਹਾਸਲ ਕਰਨ ਦੀਆਂ ਭਾਗੀ ਹਨ।


author

Anuradha

Content Editor

Related News