ਕਤਲ ਮਾਮਲੇ ''ਚ ਦੋਸ਼ੀ ਮਾਂ ਅਤੇ ਬੇਟੇ ਨੂੰ ਸੁਣਾਈ ਉਮਰਕੈਦ ਦੀ ਸਜ਼ਾ

Tuesday, Feb 25, 2020 - 04:21 PM (IST)

ਚੰਡੀਗੜ੍ਹ (ਸੰਦੀਪ) : ਪਤੀ ਨੂੰ ਅੱਗ ਹਵਾਲੇ ਕਰਨ ਦੇ ਮਾਮਲੇ 'ਚ ਦੋਸ਼ੀ ਪਤਨੀ ਊਸ਼ਾ ਅਤੇ ਬੇਟੇ ਵਿੱਕੀ ਨੂੰ ਜ਼ਿਲਾ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਹਾਂ ਦੋਸ਼ੀਆਂ 'ਤੇ 50-50 ਹਜ਼ਾਰ ਦਾ ਜੁਰਮਾਨਾ ਵੀ ਲਾਇਆ ਹੈ। ਦੋਸ਼ੀਆਂ ਨੇ ਸਾਲ 2017 'ਚ ਰਾਮ ਦਰਬਾਰ ਸਥਿਤ ਘਰ 'ਚ ਰਾਜ ਕੁਮਾਰ ਨੂੰ ਅੱਗ ਹਵਾਲੇ ਕਰ ਦਿੱਤਾ ਸੀ। ਝੁਲਸੀ ਹੋਈ ਹਾਲਤ 'ਚ ਰਾਜ ਕੁਮਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਹੀ ਉਸਦੀ ਮੌਤ ਹੋ ਗਈ। ਥਾਣਾ ਪੁਲਸ ਨੇ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਉਸਦੀ ਪਤਨੀ ਊਸ਼ਾ ਅਤੇ ਬੇਟੇ ਵਿੱਕੀ ਖਿਲਾਫ ਪਹਿਲਾਂ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ ਪਰ ਰਾਜ ਕੁਮਾਰ ਦੀ ਮੌਤ ਤੋਂ ਬਾਅਦ ਇਸ 'ਚ ਕਤਲ ਦੀ ਧਾਰਾ ਜੋੜ ਦਿੱਤੀ ਗਈ ਸੀ।

ਇਹ ਹੈ ਮਾਮਲਾ
ਰਾਮਦਰਬਾਰ ਦੇ ਰਹਿਣ ਵਾਲੇ ਰਾਜ ਕੁਮਾਰ ਦੀ ਸ਼ਿਕਾਇਤ 'ਤੇ 29 ਜੂਨ 2017 'ਚ ਦਰਜ ਕੀਤੇ ਗਏ ਕੇਸ ਅਨੁਸਾਰ ਉਸਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਪ੍ਰਾਈਵੇਟ ਕੰਮ ਕਰਦਾ ਹੈ। ਘਟਨਾ ਵਾਲੀ ਸਵੇਰ ਉਸਦਾ ਆਪਣੀ ਪਤਨੀ ਊਸ਼ਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਪਰ ਜਦੋਂ ਦੋਹਾਂ ਵਿਚਕਾਰ ਵਿਵਾਦ ਵਧ ਗਿਆ ਤਾਂ ਉਸਦੀ ਪਤਨੀ ਨੇ ਬੇਟੇ ਨਾਲ ਮਿਲ ਕੇ ਉਸ 'ਤੇ ਤੇਲ ਛਿੜਕ ਕੇ ਉਸਨੂੰ ਕਮਰੇ 'ਚ ਬੰਦ ਕਰ ਦਿੱਤਾ, ਜਿਸਤੋਂ ਬਾਅਦ ਬੇਟੇ ਨੇ ਉਸਨੂੰ ਅੱਗ ਹਵਾਲੇ ਕਰ ਦਿੱਤਾ। ਅੱਗ ਲਗਦੇ ਹੀ ਉਸਦੇ ਨਾਲ ਹੀ ਅੱਗ ਕਮਰੇ 'ਚ ਵੀ ਫੈਲ ਗਈ, ਜਿਸ ਕਾਰਣ ਕਮਰੇ 'ਚ ਪਏ ਬੈੱਡ, ਸੋਫੇ ਸਮੇਤ ਹੋਰ ਸਾਮਾਨ ਨੂੰ ਅੱਗ ਲਗ ਗਈ। ਅੱਗ ਲਗਦੇ ਹੀ ਉਸਨੇ ਕਮਰੇ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦਰਵਾਜ਼ਾ ਬੰਦ ਹੋਣ ਕਾਰਣ ਉਹ ਬਾਹਰ ਨਹੀਂ ਨਿਕਲ ਸਕਿਆ।

ਜਿਵੇਂ-ਤਿਵੇਂ ਉਹ ਬਾਥਰੂਮ 'ਚ ਜਾ ਕੇ ਲੁਕ ਗਿਆ ਅਤੇ ਉੱਥੇ ਜਾ ਕੇ ਆਪਣੀ ਜਾਨ ਬਚਾਈ ਪਰ ਤਦ ਤਕ ਰਾਜਕੁਮਾਰ ਅੱਗ ਦੀ ਲਪੇਟ 'ਚ ਆ ਚੁੱਕਾ ਸੀ। ਗੁਆਂਢੀਆਂ ਨੇ ਇਸ ਗੱਲ ਦੀ ਸੂਚਨਾ ਫਾਇਰ ਵਿਭਾਗ ਅਤੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਰਾਜ ਕੁਮਾਰ ਨੂੰ ਝੁਲਸੀ ਹੋਈ ਹਾਲਤ 'ਚ ਸੈਕਟਰ-32 ਹਸਪਤਾਲ 'ਚ ਪਹੁੰਚਾਇਆ। ਡਾਕਟਰਾਂ ਅਨੁਸਾਰ ਇਸ ਹਾਦਸੇ 'ਚ ਰਾਜ ਕੁਮਾਰ ਦਾ ਸਰੀਰ 50 ਫ਼ੀਸਦੀ ਸੜ ਚੁੱਕਿਆ ਸੀ। ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਪਤਨੀ ਅਤੇ ਬੇਟੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਪਰ ਬਾਅਦ 'ਚ ਉਸਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਕੇਸ 'ਚ ਕਤਲ ਦੀ ਧਾਰਾ ਜੋੜੀ ਸੀ।


Anuradha

Content Editor

Related News