ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣਾ ਪਿਆ ਮਹਿੰਗਾ, ਦੋਸ਼ੀ ਪਤੀ ਨੂੰ 6 ਸਾਲ ਦੀ ਕੈਦ

Saturday, Aug 28, 2021 - 12:49 PM (IST)

ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣਾ ਪਿਆ ਮਹਿੰਗਾ, ਦੋਸ਼ੀ ਪਤੀ ਨੂੰ 6 ਸਾਲ ਦੀ ਕੈਦ

ਲੁਧਿਆਣਾ (ਮਹਿਰਾ) : ਵਧੀਕ ਸੈਸ਼ਨ ਜੱਜ ਸ਼੍ਰੀਮਤੀ ਲਖਵਿੰਦਰ ਕੌਰ ਦੀ ਅਦਾਲਤ ਨੇ ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣ ਦੇ ਦੋਸ਼ੀ ਸਰਬਜੀਤ ਸਿੰਘ ਉਰਫ ਵਿੱਕੀ ਨਿਵਾਸੀ ਪਿੰਡ ਭੱਟੀਆਂ ਸਲੇਮ ਟਾਬਰੀ ਨੂੰ 6 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਲਾਡੋਵਾਲ ਵੱਲੋਂ 6 ਜੁਲਾਈ 2017 ਨੂੰ ਦੋਸ਼ੀ ਵਿਰੁੱਧ ਉਸ ਦੀ ਦੂਜੀ ਪਤਨੀ ਮਨਿੰਦਰ ਕੌਰ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੋਸ਼ ਲਾਇਆ ਕਿ ਉਹ ਘੁੰਮ ਫਿਰ ਕੇ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਅਤੇ ਮੁਲਜ਼ਮ ਆਮ ਕਰ ਕੇ ਉਸ ਨੂੰ ਰਸਤੇ ’ਚ ਮਿਲਦਾ ਰਹਿੰਦਾ ਸੀ, ਜਿਸ ਕਾਰਨ ਉਸ ਦੀ ਉਸ ਦੇ ਨਾਲ ਜਾਣ-ਪਛਾਣ ਹੋ ਗਈ।

ਇਹ ਵੀ ਪੜ੍ਹੋ : ਕਿਸਾਨਾਂ ਨੇ ਰਾਜਾ ਵੜਿੰਗ ਦਾ ਵਿਰੋਧ ਕਰ ਕੇ ਕੀਤੀ ਨਾਅਰੇਬਾਜ਼ੀ

ਉਸ ਦੇ ਮੁਤਾਬਕ ਦੋਸ਼ੀ ਨੇ ਉਸ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ ਅਤੇ ਕਿਹਾ ਕਿ ਉਸ ਨੇ ਹੁਣ ਤੱਕ ਵਿਆਹ ਨਹੀਂ ਕੀਤਾ, ਜਿਸ ’ਤੇ ਉਸ ਨੇ ਸ਼ਿਕਾਇਕਰਤਾ ਦੇ ਪਰਿਵਾਰ ਦੀ ਰਜ਼ਾਮੰਦੀ ’ਤੇ 26 ਮਾਰਚ 2017 ਨੂੰ ਗੁਰਦੁਆਰਾ ਸਾਹਿਬ ਕਾਦੀਆਂ ’ਚ ਵਿਆਹ ਕਰ ਲਿਆ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਹਿਲਾਂ ਹੀ ਰਿੰਪੀ ਨਿਵਾਸੀ ਅਮਨ ਨਗਰ ਨਾਲ ਵਿਆਹ ਹੋ ਚੁੱਕਾ ਹੈ। ਅਦਾਲਤ ’ਚ ਮੁਲਜ਼ਮ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਸ ਨੂੰ ਇਸ ਕੇਸ ’ਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਨੇ ਦੋਸ਼ੀ ਦੀਆਂ ਦਲੀਲਾਂ ਤੋਂ ਸਹਿਮਤ ਨਾ ਹੁੰਦੇ ਹੋਏ ਛੇ ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਦਾਲਤ ਦੇ ਫੈਸਲੇ ਮੁਤਾਬਕ ਜੇਕਰ ਮੁਲਜ਼ਮ ਤੋਂ ਜੁਰਮਾਨੇ ਦੀ ਰਾਸ਼ੀ ਵਸੂਲ ਹੁੰਦੀ ਹੈ ਤਾਂ ਉਸ ’ਚੋਂ 75,000 ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕੀਤੇ ਜਾਣਗੇ।

ਇਹ ਵੀ ਪੜ੍ਹੋ : ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News