ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਚੁੱਕਿਆ ਅਹਿਮ ਕਦਮ
Thursday, Sep 21, 2017 - 02:48 PM (IST)
ਜਲਾਲਾਬਾਦ (ਮਿੱਕੀ) - ਸਕੱਤਰ ਸਕੂਲ ਸਿੱਖਿਆ (ਸਿੱਖਿਆ ਵਿਭਾਗ, ਪੰਜਾਬ) ਨੇ ਪੰਜਾਬ ਦੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਡੀ. ਪੀ. ਆਈ., ਡਾਇਰੈਕਟਰ ਐੱਸ. ਸੀ. ਈ. ਆਰ. ਟੀ., ਸਮੂਹ ਮੰਡਲ ਸਿੱਖਿਆ ਅਫਸਰ, ਸਮੂਹ ਜ਼ਿਲਾ ਸਿੱਖਿਆ ਅਫਸਰ ਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਪੰਜਾਬ ਨੂੰ ਪੱਤਰ ਜਾਰੀ ਕਰਦੇ ਹੋਏ ਫੀਲਡ 'ਚੋਂ ਸੂਚਨਾ ਮੰਗਵਾਉਣ ਸਬੰਧੀ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਿਭਾਗ ਦੁਆਰਾ ਜਾਰੀ ਪੱਤਰ ਵਿਚ ਦੱਸਿਆ ਗਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸਮੇਂ ਨੂੰ ਕੀਮਤੀ ਸਮਝਦੇ ਹੋਏ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਤੋਂ ਬੇਲੌੜੀ ਡਾਕ ਨਾ ਮੰਗਵਾਈ ਜਾਵੇ ਅਤੇ ਨਾਨ-ਅਕਾਦਮਿਕ ਕਾਰਜਾਂ 'ਤੇ ਉਨ੍ਹਾਂ ਦਾ ਸਮਾਂ ਖਰਾਬ ਨਾ ਹੋਵੇ ਤਾਂ ਜੋ ਉਹ ਵੱਧ ਤੋਂ ਵੱਧ ਸਮਾਂ ਵਿਦਿਆਰਥੀਆਂ ਦੀ ਸਿੱਖਿਆ ਨੂੰ ਦੇ ਸਕਣ। ਵਿਭਾਗ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲਾਂ ਸਬੰਧੀ ਲਗਭਗ ਸਾਰਾ ਡਾਟਾ ਆਨਲਾਈਨ ਕਰ ਲਿਆ ਗਿਆ ਹੈ, ਜੋ ਕਿ ਵਿਭਾਗ ਦੀ ਵੈਬਸਾਈਟ 'ਤੇ ਉਪਲਬਧ ਹੈ। ਜਿਹੜੇ ਕੰਮ ਸਕੂਲਾਂ ਵੱਲੋਂ ਮੈਨੂਅਲੀ ਕੀਤੇ ਜਾ ਰਹੇ ਹਨ, ਵਿਭਾਗ ਉਨ੍ਹਾਂ ਨੂੰ ਵੀ ਆਨਲਾਈਨ ਕਰਨ ਲਈ ਯਤਨਸ਼ੀਲ ਹੈ। ਜੇਕਰ ਕੋਈ ਜਾਣਕਾਰੀ ਲਈ ਜਾਣੀ ਜ਼ਰੂਰੀ ਹੁੰਦੀ ਹੈ ਤਾਂ ਉਸ ਨੂੰ ਵੈਬਸਾਈਟ 'ਤੇ ਅਪਡੇਟ ਕਰਵਾਇਆ ਜਾਂਦਾ ਹੈ ਜਾਂ ਟੈਲੀਫੋਨ, ਈ-ਮੇਲ, ਵਟਸਐਪ ਰਾਹੀਂ ਮੰਗਵਾਇਆ ਜਾਂਦਾ ਹੈ।
ਪੱਤਰ ਅਨੁਸਾਰ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਹੈੱਡਕੁਆਰਟਰ, ਮੰਡਲ ਸਿੱਖਿਆ ਦਫਤਰਾਂ, ਜ਼ਿਲਾ ਸਿੱਖਿਆ ਦਫ਼ਤਰਾਂ ਅਤੇ ਬਲਾਕ ਸਿੱਖਿਆ ਦਫਤਰਾਂ ਵੱਲੋਂ ਫੀਲਡ 'ਚੋਂ ਸੂਚਨਾ ਅਜੇ ਵੀ ਪੱਤਰਾਂ ਰਾਹੀਂ ਅਤੇ ਕਈ ਵਾਰ ਦਸਤੀ ਮੰਗਵਾਈ ਜਾ ਰਹੀ ਹੈ। ਜਿਸ ਨਾਲ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦਾ ਸਮਾਂ ਖਰਾਬ ਹੋਣ ਦੇ ਨਾਲ ਵਿਦਿਆਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੁੰਦੀ ਹੈ। ਇਸ ਸਬੰਧੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਕੂਲਾਂ 'ਚੋਂ ਲਈ ਜਾਣ ਵਾਲੀ ਜਾਣਕਾਰੀ ਨੂੰ ਪੱਤਰਾਂ ਰਾਹੀਂ/ਦਸਤੀ ਮੰਗਵਾਉਣ ਤੋਂ ਗੁਰੇਜ਼ ਕੀਤਾ ਜਾਵੇ।
ਜੇਕਰ ਵਿਭਾਗ ਨੂੰ ਕਿਸੇ ਪੱਧਰ 'ਤੇ ਜਾਣਕਾਰੀ ਮੰਗਵਾਉਣ ਦੀ ਲੋੜ ਹੈ ਤਾਂ ਪਹਿਲਾਂ ਐੱਮ. ਆਈ. ਐੱਸ. ਵਿੰਗ ਤੋਂ ਇਸ ਦਾ ਪਤਾ ਕੀਤਾ ਜਾਵੇ ਕਿ ਕੀ ਮੰਗੀ ਜਾਣ ਵਾਲੀ ਜਾਣਕਾਰੀ ਵੈਬਸਾਈਟ 'ਤੇ ਉਪਲਬਧ ਹੈ? ਜੇਕਰ ਉਪਲਬਧ ਹੈ ਤਾਂ ਜਾਣਕਾਰੀ ਵੈਬਸਾਈਟ ਤੋਂ ਹੀ ਲੈ ਲਈ ਜਾਵੇ। ਜੇਕਰ ਜਾਣਕਾਰੀ ਦਸਤੀ ਮੰਗਵਾਉਣਾ ਜ਼ਰੂਰੀ ਹੈ ਤਾਂ ਜਾਣਕਾਰੀ ਮੰਗਵਾਉਣ ਤੋਂ ਪਹਿਲਾਂ ਸਕੱਤਰ, ਸਕੂਲ ਸਿੱਖਿਆ ਤੋਂ ਪ੍ਰਵਾਨਗੀ ਪ੍ਰਾਪਤ ਕੀਤੀ ਜਾਵੇ।
