ਅਹਿਮ ਖ਼ਬਰ : ਗ੍ਰਹਿ ਵਿਭਾਗ ਪੰਜਾਬ ਨੇ ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ਼ ਮੁਕੱਦਮਾ ਚਲਾਉਣ ਦੀ ਦਿੱਤੀ ਮਨਜ਼ੂਰੀ
Saturday, Jul 31, 2021 - 01:36 AM (IST)
ਫ਼ਰੀਦਕੋਟ (ਰਾਜਨ)-ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਵਧੀਕ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਅਨੁਰਾਗ ਅਗਰਵਾਲ ਆਈ. ਏ. ਐੱਸ. ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 30 ਜੁਲਾਈ ਨੂੰ ਡਾਇਰੈਕਟਰ, ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ, ਚੰਡੀਗੜ੍ਹ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਹੈ। ਇਸ ਪੱਤਰ ਰਾਹੀਂ ਬੇਅਦਬੀ ਮਾਮਲਿਆਂ ’ਚ ਦਰਜ ਮੁਕੱਦਮਾ ਨੰਬਰ 117 ਅਤੇ 128 ਦੇ ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂਵਾਲਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ ਕੋਟਕਪੂਰਾ ਵਿਰੁੱਧ ਧਾਰਾ 295-ਏ ਅਤੇ 153 ਏ ਆਈ. ਪੀ. ਸੀ. ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : ਕੈ. ਅਮਰਿੰਦਰ ਸਿੰਘ ਨਾਲ ਪ੍ਰਧਾਨ ਅਕਸ਼ੈ ਸ਼ਰਮਾ ਵੱਲੋਂ ਮੁਲਾਕਾਤ, ‘ਐੱਨ. ਐੱਸ. ਯੂ. ਆਈ. ਯੂਥ ਮਿਸ਼ਨ 2022’ ਲਈ ਲਿਆ ਆਸ਼ੀਰਵਾਦ
ਅਨੁਰਾਗ ਅਗਰਵਾਲ ਨੇ ਪੱਤਰ ’ਚ ਦਰਜ ਕੀਤਾ ਕਿ ਮੁਕੱਦਮਾ ਨੰਬਰ 117 ਮਿਤੀ 25 ਅਗਸਤ 2015, ਜੋ ਥਾਣਾ ਬਾਜਾਖਾਨਾ ਵਿਖੇ ਦਰਜ ਕੀਤਾ ਗਿਆ, ਦੀ ਫਾਈਲ ਜਾਂਚਣ ’ਤੇ ਪਾਇਆ ਗਿਆ ਕਿ 24-25 ਅਕਤੂਬਰ 2015 ਦੀ ਦਰਮਿਆਨੀ ਰਾਤ ਨੂੰ ਹੱਥ ਲਿਖਤ ਪੋਸਟਰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਦੇ ਬਾਹਰ ਲਗਾਏ, ਜਿਨ੍ਹਾਂ ’ਤੇ ਕਾਲੇ ਮਾਰਕਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਾਨ ਖਿਲਾਫ਼ ਕਾਫ਼ੀ ਸ਼ਬਦ ਲਿਖੇ ਹੋਏ ਸਨ। ਇਨ੍ਹਾਂ ਸ਼ਬਦਾਂ ਨਾਲ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਦਾ ਅਪਮਾਨ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਜਿਸ ’ਤੇ ਇਹ ਮੁਕੱਦਮਾ ਦਰਜ ਹੋਇਆ ਹੈ। ਲਿਖੇ ਗਏ ਪੱਤਰ ਅਨੁਸਾਰ ਇਹ ਕੇਸ ਦੇਖਣ ਤੋਂ ਬਾਅਦ ਇਹ ਪਾਇਆ ਗਿਆ ਕਿ ਸਿੱਟ ਵੱਲੋਂ ਦਰਜ ਇਕ ਮੁਕੱਦਮੇ ’ਚ ਤਫਤੀਸ਼ ਦੌਰਾਨ ਰਿਪੋਰਟ ਨੰਬਰ 35 ਮਿਤੀ 15 ਮਈ 2015 ਨਾਲ ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਡੱਗੋ ਰੋਮਾਣਾ, ਸੁਖਜਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਕੋਟਕਪੂਰਾ, ਰਣਜੀਤ ਸਿੰਘ ਉਰਫ਼ ਭੋਲਾ ਪੁੱਤਰ ਮੋਹਰ ਸਿੰਘ ਵਾਸੀ ਬਸਤੀ ਗਿਆਨੀ ਲਾਲ ਸਿੰਘ, ਪ੍ਰੇਮ ਨਗਰ ਕੋਟਕਪੂਰਾ, ਬਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਸਿੱਖਾਂਵਾਲਾ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ।
ਪੱਤਰ ਅਨੁਸਾਰ ਬੀਤੀ 24 ਮਈ 2015 ਨੂੰ ਮਾਣਯੋਗ ਅਦਾਲਤ ਪਾਸੋਂ ਹੁਕਮ ਹਾਸਿਲ ਕਰ ਕੇ ਦੋਸ਼ੀਆਨ ਰਣਜੀਤ ਸਿੰਘ ਉਰਫ਼ ਭੋਲਾ ਅਤੇ ਸ਼ਕਤੀ ਸਿੰਘ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਤਫਤੀਸ਼ ਕੀਤੀ ਗਈ ਅਤੇ ਕੇਸ ਦੀ ਫਾਈਲ ਜਾਂਚਣ ’ਤੇ ਇਹ ਤੱਥ ਸਾਹਮਣੇ ਆਏ ਕਿ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 19 ਮਿਤੀ 26 ਮਈ 2015 ਨਾਲ ਸਬੰਧਤ ਹਰਸ਼ ਧੂਰੀ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਡੇਰਾ ਸੱਚਾ ਸੌਦਾ ਬੇਗੂ ਰੋਡ ਸਿਰਸਾ, ਸੰਦੀਪ ਬਰੇਟਾ ਪੁੱਤਰ ਓਮ ਪ੍ਰਕਾਸ਼ ਵਾਸੀ ਬਰੇਟਾ ਮੰਡੀ ਜ਼ਿਲ੍ਹਾ ਮਾਨਸਾ ਹਾਲ ਵਾਸੀ ਸ਼ਾਹ ਸਤਨਾਮ ਨਗਰ ਡੇਰਾ ਸੱਚਾ ਸੌਦਾ ਸਿਰਸਾ, ਪ੍ਰਦੀਪ ਕਲੇਰ ਪੁੱਤਰ ਚਾਂਦੀ ਰਾਮ ਕਲੇਰ ਵਾਸੀ ਕਲਾਇਤ ਜ਼ਿਲ੍ਹਾ ਕੈਥਲ ਹਰਿਆਣਾ ਹਾਲ ਵਾਸੀ ਡੇਰਾ ਸੱਚਾ ਸੌਦਾ ਸਿਰਸਾ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੇ ਮਾਣਯੋਗ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਵਧੀਕ ਸਕੱਤਰ ਅਗਰਵਾਲ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਇਸ ਕੇਸ ਦੀ ਫਾਈਲ ਜਾਂਚਣ ’ਤੇ ਇਹ ਤੱਥ ਸਾਹਮਣੇ ਆਏ ਕਿ ਬੀਤੀ 24 ਸਤੰਬਰ 2015 ਦੀ ਰਾਤ ਦੇ 9-10 ਵਜੇ ਰਣਜੀਤ ਸਿੰਘ ਉਰਫ਼ ਭੋਲਾ ਅਤੇ ਸੁਖਜਿੰਦਰ ਸਿੰਘ ਉਰਫ਼ ਸੰਨੀ ਨੇ ਭੱਦੀ ਸ਼ਬਦਾਵਲੀ ਵਾਲੇ ਦੋ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ, ਸ਼ਕਤੀ ਸਿੰਘ ਤੇ ਬਲਜੀਤ ਸਿੰਘ ਦੀ ਮਾਰਫਤ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਬਾਹਰ ਜਿੱਥੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ, ਬੋਰਡ ’ਤੇ ਚਿਪਕਾ ਦਿੱਤੇ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ ਜਾਵੇ- ਬੀਬੀ ਜਗੀਰ ਕੌਰ
ਪੱਤਰ ਅਨੁਸਾਰ ਬੀਤੀ 12 ਅਕਤੂਬਰ 2015 ਨੂੰ ਤੜਕੇ 4 ਵਜੇ ਗੁਰਦੁਆਰਾ ਬਰਗਾੜੀ ਵਿਖੇ ਅਣਪਛਾਤਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗੁਰਦੁਆਰਾ ਸਾਹਿਬ ਦੇ ਸਾਹਮਣੇ ਅਤੇ ਆਸ-ਪਾਸ ਦੀਆਂ ਗਲੀਆਂ ’ਚ ਖਿਲਾਰ ਦਿੱਤੇ ਗਏ। ਦੂਸਰੇ ਮੁਕੱਦਮਾ ਦੀ ਤਫਤੀਸ਼ ਦੌਰਾਨ ਰਪਟ ਨੰਬਰ 34 ਮਿਤੀ 15 ਮਈ 2015 ਦੋਸ਼ੀਆਂ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਨੂੰ ਇਸ ਮੁਕੱਦਮੇ ’ਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਅਤੇ ਗ੍ਰਿਫ਼ਤਾਰ ਕਰਨ ਉਪਰੰਤ 17 ਮਈ 2021 ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ 4 ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਕੇ ਇਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਬਰਗਾੜੀ ਵਿਖੇ 12 ਅਕਤੂਬਰ 2015 ਨੂੰ ਸਵੇਰੇ 3 ਵਜੇ ਦੇ ਕਰੀਬ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਅਤੇ ਗਲੀਆਂ ’ਚ ਖਿਲਾਰੇ ਅਤੇ ਇਸ ਤੋਂ ਇਲਾਵਾ ਪਰਦੀਪ ਸਿੰਘ ਨੂੰ ਮਿਲੇ 100 ਦੇ ਕਰੀਬ ਅੰਗਾਂ ਨੂੰ ਬਾਹਮਣਵਾਲਾ ਪਿੰਡ ਨੇੜੇ ਸੂਏ ’ਚ ਤਾਰ ਦਿੱਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਕੀ ਬਚਦੇ ਸਰੂਪ ਨੂੰ ਦੇਵੀਵਾਲਾ ਡਰੇਨ ’ਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤਾ। ਤਫਤੀਸ਼ ਦੌਰਾਨ ਗਵਾਹਾਂ ਦੇ ਬਿਆਨਾਂ ਅਧੀਨ ਧਾਰਾ 161 ਦਰਜ ਕੀਤੇ ਗਏ, ਜਿਸ ’ਚ ਦੋਸ਼ੀ ਮਹਿੰਦਰਪਾਲ ਉਰਫ਼ ਬਿੱਟੂ (ਜਿਸ ਦੀ ਮੌਤ ਹੋ ਚੁੱਕੀ ਹੈ), ਦੇ ਬਿਆਨ ਅਧੀਨ ਧਾਰਾ 164 ਰਿਕਾਰਡ ਕੀਤੇ ਗਏ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਦਲਿਤ ਭਾਈਚਾਰੇ ਦੇ ਮੁੱਦਿਆਂ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ
ਪੁਲਸ ਵੱਲੋਂ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਨੂੰ ਅਧੀਨ ਧਾਰਾ 295/295-ਏ, 153-ਏ, 201, 120 ਬੀ ਦਾ ਹੱਕੀ ਦੋਸ਼ੀ ਪਾਇਆ ਗਿਆ ਹੈ। ਅਨੁਰਾਗ ਅਗਰਵਾਲ ਨੇ ਪੱਤਰ ’ਚ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਮੁਕੱਦਮੇ ਦੀ ਮੁਕੰਮਲ ਫਾਈਲ ਸਮੇਤ ਰਿਪੋਰਟ, ਗਵਾਹਾਂ ਦੇ ਬਿਆਨ, ਫ਼ਰਦ ਬਰਾਮਦਗੀ ਆਦਿ ਗੌਰ ਨਾਲ ਜਾਂਚਣ ਅਤੇ ਦੋਵਾਂ ਮੁਕੱਦਮਿਆਂ ਦੇ ਤੱਥਾਂ ਨੂੰ ਜਾਂਚਣ ਉਪਰੰਤ ਉਹ ਪੂਰੀ ਤਰ੍ਹਾਂ ਸਹਿਮਤ ਹਨ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਅਤੇ ਪਰਦੀਪ ਸਿੰਘ ਵਿਰੁੱਧ ਪਹਿਲੀ ਨਜ਼ਰੇ ਜੁਰਮ ਅਧੀਨ ਧਾਰਾ 295, 295-ਏ, 153-ਏ, 201, 120-ਬੀ ਬਣਦਾ ਹੈ। ਪੱਤਰ ’ਚ ਅਨੁਰਾਗ ਅਗਰਵਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਪੱਸ਼ਟ ਕੀਤਾ ਕਿ ਸੁਖਜਿੰਦਰ ਸਿੰਘ ਉਰਫ਼ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ਼ ਭੋਲਾ ਅਤੇ ਪਰਦੀਪ ਸਿੰਘ ਉਰਫ਼ ਰਾਜੂ ਦੋਧੀ ਵਿਰੁੱਧ ਧਾਰਾ 295-ਏ ਅਤੇ 153-ਏ ਆਈ. ਪੀ. ਸੀ. ਤਹਿਤ ਕੇਸ ਚਲਾਇਆ ਜਾਵੇ।