2 ਰੁਪਏ ਕਿਲੋ ਕਣਕ ਲੈਣ ਵਾਲਿਆਂ ਨੂੰ ਵੱਡੀ ਪਰੇਸ਼ਾਨੀ, ਈ-ਪਾਸ ਮਸ਼ੀਨਾਂ ਬਣੀਆਂ ਸਿਰਦਰਦ
Wednesday, Mar 01, 2023 - 05:05 PM (IST)
ਜਲੰਧਰ (ਸੁਰਿੰਦਰ)–ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ 2 ਰੁਪਏ ਪ੍ਰਤੀ ਕਿਲੋ ਮਿਲਣ ਵਾਲੀ ਕਣਕ ਦੀਆਂ ਪਰਚੀਆਂ ਕੱਟਣ ਦਾ ਕੰਮ ਡਿਪੂ ਹੋਲਡਰਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਡਿਪੂ ਹੋਲਡਰਾਂ ਅਤੇ ਲੋਕਾਂ ਨੂੰ ਵਿਭਾਗ ਵੱਲੋਂ ਦਿੱਤੀਆਂ ਈ-ਪਾਸ ਮਸ਼ੀਨਾਂ ਕਾਰਨ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਜਲੰਧਰ ਵਿਚ 65 ਹਜ਼ਾਰ ਦੇ ਲਗਭਗ ਸਮਾਰਟ ਕਾਰਡਧਾਰਕ ਹਨ ਅਤੇ 350 ਦੇ ਲਗਭਗ ਡਿਪੂ ਹੋਲਡਰ। ਇਨ੍ਹਾਂ 65 ਹਜ਼ਾਰ ਸਮਾਰਟ ਕਾਰਡਧਾਰਕਾਂ ਨੂੰ ਪਰਚੀਆਂ ਅਤੇ ਕਣਕ ਵੰਡਣ ਲਈ ਫੂਡ ਸਪਲਾਈ ਵਿਭਾਗ ਕੋਲ ਸਿਰਫ਼ 30 ਮਸ਼ੀਨਾਂ ਹੀ ਉਪਲੱਬਧ ਹਨ।
ਮਸ਼ੀਨਾਂ ਘੱਟ ਹੋਣ ਕਾਰਨ ਇਕ ਡਿਪੂ ਹੋਲਡਰ ਨੂੰ ਪਰਚੀਆਂ ਕੱਟਣ ਵਿਚ ਸਮਾਂ ਲੱਗਦਾ ਹੈ ਅਤੇ ਮਸ਼ੀਨ ਦੀ ਉਡੀਕ ਵੀ ਰਹਿੰਦੀ ਹੈ ਕਿ ਕਦੋਂ ਮਸ਼ੀਨ ਉਸ ਕੋਲ ਆਵੇਗੀ ਅਤੇ ਕਦੋਂ ਉਹ ਪਰਚੀਆਂ ਕੱਟਣ ਦਾ ਕੰਮ ਸ਼ੁਰੂ ਕਰੇਗਾ। ਇਸ ਦੌਰਾਨ ਖ਼ਪਤਕਾਰ ਵੀ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ, ਜਿਨ੍ਹਾਂ ਨੂੰ ਲੰਮੇ ਸਮੇਂ ਤੱਕ ਲਾਈਨ ਵਿਚ ਲੱਗਣਾ ਪੈਂਦਾ ਹੈ। ਮਸ਼ੀਨਾਂ ਦੀ ਗਿਣਤੀ ਵਧਾਉਣ ਲਈ ਕਈ ਵਾਰ ਡਿਪੂ ਹੋਲਡਰਾਂ ਨੇ ਵਿਭਾਗ ਨੂੰ ਕਿਹਾ ਵੀ ਪਰ ਇਸ ਦੇ ਬਾਵਜੂਦ ਮਸ਼ੀਨਾਂ ਦੀ ਗਿਣਤੀ ਨਹੀਂ ਵਧਾਈ ਗਈ ਅਤੇ ਪੁਰਾਣੀਆਂ ਮਸ਼ੀਨਾਂ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਾਸ਼ੀਏ ’ਤੇ ਚੱਲ ਰਹੀ ਪੰਜਾਬ ਯੂਥ ਕਾਂਗਰਸ ’ਚ ਇਕ ਵਾਰ ਫਿਰ ਤੋਂ ਜਥੇਬੰਦਕ ਚੋਣਾਂ ਦਾ ਦੌਰ ਸ਼ੁਰੂ
30 ’ਚੋਂ 22 ਮਸ਼ੀਨਾਂ ਹੀ ਕਰ ਰਹੀਆਂ ਕੰਮ
ਡਿਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਲਾਲ ਭਸੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਹੜੀ ਮਸ਼ੀਨ ਦਿੱਤੀ ਗਈ ਹੈ, ਉਹ ਕੰਮ ਨਹੀਂ ਕਰਦੀ, ਜਿਸ ਤੋਂ ਬਾਅਦ ਉਨ੍ਹਾਂ ਮਸ਼ੀਨ ਵਿਭਾਗ ਨੂੰ ਵਾਪਸ ਮੋੜ ਦਿੱਤੀ। ਲੋਕਾਂ ਨੂੰ ਪਰਚੀਆਂ ਕੱਟਣ ਲਈ ਬੁਲਾਇਆ ਸੀ ਅਤੇ 100 ਤੋਂ ਵੱਧ ਖ਼ਪਤਕਾਰ ਇਕੱਠੇ ਹੋ ਗਏ ਪਰ ਜਦੋਂ ਮਸ਼ੀਨ ਵਿਚੋਂ ਪਰਚੀਆਂ ਹੀ ਨਾ ਨਿਕਲੀਆਂ ਤਾਂ ਸਭ ਨੂੰ ਵਾਪਸ ਜਾਣਾ ਪਿਆ। ਵਿਭਾਗ ਕੋਲ 30 ਮਸ਼ੀਨਾਂ ਹਨ, ਜਿਨ੍ਹਾਂ ਵਿਚੋਂ 22 ਹੀ ਵਰਕਿੰਗ ਵਿਚ ਹਨ। 9 ਮਸ਼ੀਨਾਂ ਲੰਮੇ ਸਮੇਂ ਤੋਂ ਖ਼ਰਾਬ ਪਈਆਂ ਹਨ।
ਆਪਣੀਆਂ ਮਸ਼ੀਨਾਂ ਖ਼ਰੀਦਣ ਲਈ ਵਿਭਾਗ ਨੂੰ ਕਿਹਾ ਵੀ ਹੈ
ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਿਸ਼ਨ ਦਾਸ ਨੇ ਦੱਸਿਆ ਕਿ 350 ਡਿਪੂ ਹੋਲਡਰਾਂ ਨੂੰ ਹੈਂਡਲ ਕਰਨ ਲਈ 14 ਫੂਡ ਇੰਸਪੈਕਟਰ ਹਨ। ਮਸ਼ੀਨਾਂ ਦੀ ਗਿਣਤੀ ਨੂੰ ਵਿਭਾਗ ਵਧਾ ਨਹੀਂ ਰਿਹਾ ਅਤੇ ਨਾ ਹੀ ਡਿਪੂ ਹੋਲਡਰਾਂ ਨੂੰ ਮਸ਼ੀਨਾਂ ਖ਼ਰੀਦਣ ਲਈ ਹੁਕਮ ਦੇ ਰਿਹਾ ਹੈ। ਡਿਪੂ ਹੋਲਡਰ ਕਹਿ ਰਹੇ ਹਨ ਕਿ ਉਹ ਆਪਣੇ ਕੋਲੋਂ ਮਸ਼ੀਨਾਂ ਖ਼ਰੀਦ ਲੈਂਦੇ ਹਨ ਪਰ ਵਿਭਾਗ ਇਸ ਪ੍ਰਤੀ ਧਿਆਨ ਨਹੀਂ ਦੇ ਰਿਹਾ।
ਇਹ ਵੀ ਪੜ੍ਹੋ :CM ਮਾਨ ਦੀਆਂ ਕੋਸ਼ਿਸ਼ਾਂ ਲਿਆਈਆਂ ਰੰਗ, ਕੇਂਦਰ ਨੇ ਉੜੀਸਾ ਤੋਂ ਸਮੁੰਦਰ ਰਸਤੇ ਕੋਲਾ ਲਿਆਉਣ ਦੀ ਸ਼ਰਤ ਹਟਾਈ
ਕੋਈ ਵੀ ਆਪਣੇ ਡਿਪੂ ਤੋਂ ਦੂਜੇ ਡਿਪੂ ਦੇ ਖ਼ਪਤਕਾਰ ਦੀ ਪਰਚੀ ਨਹੀਂ ਕੱਟ ਰਿਹਾ
ਮਸ਼ੀਨਾਂ ਘੱਟ ਹੋਣ ਕਾਰਨ ਜਿੱਥੇ ਵੱਖ ਤੋਂ ਪ੍ਰੇਸ਼ਾਨ ਹੋ ਰਹੇ ਹਨ, ਉਥੇ ਹੀ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਹੈ ਕਿ ਉਨ੍ਹਾਂ ਦੀ ਪਰਚੀ ਦੂਜੇ ਡਿਪੂ ਹੋਲਡਰ ਨਹੀਂ ਕੱਟ ਰਹੇ, ਜਦਕਿ ਵਿਭਾਗ ਨੇ ਨਵੀਂ ਲਿਸਟ ਵਿਚ ਕਾਫ਼ੀ ਲੋਕਾਂ ਦੇ ਨਾਂ ਦੂਜੇ ਡਿਪੂ ਹੋਲਡਰਾਂ ਦੀ ਲਿਸਟ ਵਿਚ ਪਾ ਦਿੱਤੇ ਹਨ। ਡਿਪੂ ਹੋਲਡਰ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਉਨ੍ਹਾਂ ਕੋਲ ਜਿੰਨਾ ਕੋਟਾ ਆਇਆ ਹੈ, ਉਹ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਦਾ ਹੀ ਆਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਪਰਚੀ ਅਤੇ ਕਣਕ ਲੈਣ ਲਈ ਕਿਧਰ ਜਾਣ, ਜਦਕਿ ਵਿਭਾਗ ਨੇ ਸਾਫ਼ ਹੁਕਮ ਦਿੱਤੇ ਹੋਏ ਹਨ ਕਿ ਪਰਚੀ ਅਤੇ ਕਣਕ ਕਿਸੇ ਵੀ ਥਾਂ ਤੋਂ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪਤਨੀ ਨੂੰ ਮਨਾਉਣ ਲਈ ਜਲੰਧਰ 'ਚ PPR ਮਾਲ ਦੀ ਬਿਲਡਿੰਗ 'ਤੇ ਚੜ੍ਹਿਆ ਪਤੀ, ਕੀਤਾ ਹਾਈਵੋਲਟੇਜ਼ ਡਰਾਮਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।