ਪੰਜਾਬ ''ਚ ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ, ਵੱਡੀ ਅਪਡੇਟ ਆਈ ਸਾਹਮਣੇ
Saturday, Mar 08, 2025 - 07:26 PM (IST)

ਜਲੰਧਰ (ਚੋਪੜਾ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲਾਂ ਵਿਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਨੇ ਹੁਣ ਨਵਾਂ ਰੂਪ ਧਾਰਨ ਕਰ ਲਿਆ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਦੋ ਵੱਖ-ਵੱਖ ਹੁਕਮਾਂ ਅਨੁਸਾਰ, ਜਲੰਧਰ ਦੇ 5 ਕਾਨੂੰਨਗੋਆਂ ਨੂੰ ਸਬ-ਰਜਿਸਟਰਾਰ ਬਣਾ ਕੇ ਜਾਇਦਾਦ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਅਧਿਕਾਰ ਦਿੱਤੇ ਹਨ, ਜਦਕਿ ਜ਼ਿਲ੍ਹੇ ਵਿਚ ਤਾਇਨਾਤ 13 ਨਾਇਬ ਤਹਿਸੀਲਦਾਰਾਂ ਨੂੰ ਪਾਵਰਲੈੱਸ ਕਰਦੇ ਹੋਏ ਉਨ੍ਹਾਂ ਨੂੰ ਸਿਰਫ਼ ਮੈਰਿਜ, ਜਾਤੀ, ਇਨਕਮ ਵਰਗੇ ਸਰਟੀਫਿਕੇਟ ਅਤੇ ਹਲਫੀਆ ਬਿਆਨ ਅਟੈਸਟ ਕਰਨ ਵਰਗੇ ਕੰਮਾਂ ਤੱਕ ਸੀਮਤ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਬੀਤੇ ਦਿਨ ਇਕ ਹੁਕਮ ਜਾਰੀ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਜ਼ਿਲ੍ਹੇ ਦੇ 5 ਕਾਨੂੰਨਗੋਆਂ ਨੂੰ ਸਬ ਰਜਿਸਟਰਾਰ ਦਾ ਚਾਰਜ ਦਿੱਤਾ ਅਤੇ ਉਨ੍ਹਾਂ ਨੂੰ ਰਜਿਸਟਰੀਆਂ ਕਰਨ ਦਾ ਅਧਿਕਾਰ ਦਿੱਤਾ। ਜਿਵੇਂ ਹੀ ਉਕਤ ਹੁਕਮ ਜਾਰੀ ਹੋਇਆ, ਵਿਭਾਗ ਨੇ ਸਬੰਧਤ ਕਾਨੂੰਨਗੋਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਆਈ. ਡੀ. ਜਨਰੇਟ ਕੀਤੀ, ਜਿਸ ਤੋਂ ਬਾਅਦ ਸਾਰੇ ਕਾਨੂੰਨਗੋਆਂ ਨੇ ਆਪਣੀਆਂ-ਆਪਣੀਆਂ ਤਹਿਸੀਲਾਂ ਵਿਚ ਦਿਨ ਭਰ ਰਜਿਸਟਰੀਆਂ ਦਾ ਕੰਮ ਨਿਪਟਾਇਆ। ਡਿਪਟੀ ਕਮਿਸ਼ਨਰ ਨੇ ਮਨਮੋਹਨ ਸਿੰਘ (ਕਾਨੂੰਨਗੋ ਫੋਲੜੀਵਾਲ) ਨੂੰ ਸਬ ਰਜਿਸਟਰਾਰ ਜਲੰਧਰ-1, ਅਵਨਿੰਦਰ ਸਿੰਘ (ਦਫ਼ਤਰ ਕਾਨੂੰਨਗੋ ਜਲੰਧਰ-1) ਨੂੰ ਸਬ ਰਜਿਸਟਰਾਰ ਜਲੰਧਰ-2, ਹੁਸਨ ਲਾਲ (ਕਾਨੂੰਨਗੋ ਨਕੋਦਰ) ਨੂੰ ਸਬ ਰਜਿਸਟਰਾਰ ਨਕੋਦਰ, ਨਰੇਸ਼ ਕੁਮਾਰ (ਕਾਨੂੰਨਗੋ ਵਰਿਆਣਾ) ਨੂੰ ਸਬ ਰਜਿਸਟਰਾਰ ਫਿਲੌਰ, ਵਰਿੰਦਰ ਕੁਮਾਰ (ਦਫ਼ਤਰ ਕਾਨੂੰਨਗੋ ਸ਼ਾਹਕੋਟ) ਨੂੰ ਸਬ ਰਜਿਸਟਰਾਰ ਸ਼ਾਹਕੋਟ ਤਾਇਨਾਤ ਕੀਤਾ ਹੈ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਇਸ ਇਲਾਕੇ 'ਚ 5000 ਪੁਲਸ ਮੁਲਾਜ਼ਮਾਂ ਦੀ ਕਰ 'ਤੀ ਤਾਇਨਾਤੀ
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕੀਤੇ ਗਏ ਮਾਲ ਅਧਿਕਾਰੀਆਂ ਦੇ ਤਬਾਦਲਿਆਂ ਵਿਚ ਜ਼ਿਲ੍ਹੇ ਵਿਚ 13 ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਹਾਲਾਂਕਿ 13 ਵਿਚੋਂ 12 ਨਾਇਬ ਤਹਿਸੀਲਦਾਰਾਂ ਨੇ ਬੀਤੇ ਦਿਨ ਡਿਪਟੀ ਕਮਿਸ਼ਨਰ ਸਾਹਮਣੇ ਪੇਸ਼ ਹੋਣ ਤੋਂ ਬਾਅਦ ਉਮੀਦ ਜਤਾਈ ਕਿ ਉਨ੍ਹਾਂ ਨੂੰ ਜ਼ਿਲ੍ਹੇ ਦੀ ਤਹਿਸੀਲ ਅਤੇ ਸਬ-ਤਹਿਸੀਲ ਦਾ ਚਾਰਜ ਦਿੱਤਾ ਜਾਵੇਗਾ ਅਤੇ ਰਜਿਸਟਰੀਆਂ ਕਰਨ ਲਈ ਅਧਿਕਾਰਤ ਕੀਤਾ ਜਾਵੇਗਾ। ਪਰ ਦੁਪਹਿਰ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਕ ਹੋਰ ਹੁਕਮ ਜਾਰੀ ਕਰਕੇ ਨਵਾਂ ਧਮਾਕਾ ਕਰ ਦਿੱਤਾ, ਜਿਸ ਵਿਚ ਸਾਰੇ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਤਾਇਨਾਤ ਤਾਂ ਕਰ ਦਿੱਤਾ ਪਰ ਉਕਤ ਨਾਇਬ ਤਹਿਸੀਲਦਾਰਾਂ ਨੂੰ ਪਾਵਰਲੈੱਸ ਕਰਕੇ ਸਿਰਫ਼ ਮੈਰਿਜ, ਜਾਤੀ, ਇਨਕਮ ਅਤੇ ਹੋਰ ਸਰਟੀਫਿਕੇਟ ਅਤੇ ਐਫੀਡੇਵਿਟ ਅਟੈਸਟ ਕਰਨ ਵਰਗੇ ਵਿਭਾਗੀ ਕੰਮ ਨਿਪਟਾਉਣ ਤਕ ਸੀਮਤ ਕਰ ਦਿੱਤਾ, ਜਿਸ ਤੋਂ ਬਾਅਦ ਹੈਰਾਨ-ਪ੍ਰੇਸ਼ਾਨ ਨਾਇਬ ਤਹਿਸੀਲਦਾਰ ਆਪਣੇ ਜੂਨੀਅਰ ਕਾਨੂੰਨਗੋ ਦੇ ਪਿੱਛੇ ਅਤੇ ਆਸ-ਪਾਸ ਦੀਆਂ ਕੁਰਸੀਆਂ ’ਤੇ ਬੈਠ ਕੇ ਦਸਤਾਵੇਜ਼ ਅਟੈਸਟ ਕਰਨ ਦਾ ਕੰਮ ਨਿਪਟਾਉਂਦੇ ਰਹੇ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵਧੇਗੀ ਠੰਡ, 2 ਦਿਨ ਪਵੇਗਾ ਮੀਂਹ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਇਨ੍ਹਾਂ ਹੁਕਮਾਂ ਤੋਂ ਬਾਅਦ ਜੇਕਰ ਡਿਪਟੀ ਕਮਿਸ਼ਨਰ ਨੇ ਕੋਈ ਨਵੇਂ ਹੁਕਮ ਜਾਰੀ ਨਾ ਕੀਤੇ ਤਾਂ 2 ਦਿਨ ਦੀ ਸਰਕਾਰੀ ਛੁੱਟੀ ਤੋਂ ਬਾਅਦ ਵੀ ਕਾਨੂੰਨਗੋ ਸੁਪਰ ਪਾਵਰ ਅਤੇ ਨਾਇਬ ਤਹਿਸੀਲਦਾਰ ਪਾਵਰਲੈੱਸ ਹੋ ਕੇ ਕੰਮ ਕਰਦੇ ਨਜ਼ਰ ਆਉਣਗੇ। ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਨਾਇਬ ਤਹਿਸੀਲਦਾਰਾਂ ਨਾਲ ਅਜਿਹਾ ਵਿਭਾਗੀ ਵਿਵਹਾਰ ਵੀ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਾਂ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਠਾਣ ਲਈ ਹੈ।
ਇਨ੍ਹਾਂ 13 ਨਾਇਬ ਤਹਿਸੀਲਦਾਰਾਂ ਨੂੰ ਇਨ੍ਹਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਮਿਲੀ ਪੋਸਟਿੰਗ
ਡਿਪਟੀ ਕਮਿਸ਼ਨਰ ਵੱਲੋਂ ਬਾਅਦ ਦੁਪਹਿਰ ਜਾਰੀ ਕੀਤੇ ਹੁਕਮਾਂ ਵਿਚ 13 ਨਾਇਬ ਤਹਿਸੀਲਦਾਰਾਂ ਨੂੰ ਜਿਨ੍ਹਾਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਪੋਸਟਿੰਗ ਮਿਲੀ, ਉਨ੍ਹਾਂ ਵਿਚ :
1. ਵਿਪਨ ਕੁਮਾਰ ਨੂੰ ਜਲੰਧਰ-1
2. ਜਗਤਾਰ ਸਿੰਘ ਨੂੰ ਜਲੰਧਰ-2
3. ਜਸਵਿੰਦਰ ਸਿੰਘ ਨੂੰ ਕਰਤਾਰਪੁਰ (ਤਹਿਸੀਲ ਜਲੰਧਰ-2)
4. ਬਲਜੋਤ ਸਿੰਘ ਨੂੰ ਆਦਮਪੁਰ
5. ਜਸਪਾਲ ਸਿੰਘ ਨੂੰ ਭੋਗਪੁਰ (ਤਹਿਸੀਲ ਆਦਮਪੁਰ)
6. ਦਮਨਬੀਰ ਸਿੰਘ ਨੂੰ ਫਿਲੌਰ
7. ਰਵਨੀਤ ਕੌਰ ਨੂੰ ਨੂਰਮਹਿਲ (ਤਹਿਸੀਲ ਫਿਲੌਰ)
8. ਗੁਰਸਿਮਰਨਜੀਤ ਸਿੰਘ ਨੂੰ ਗੋਰਾਇਆ (ਤਹਿਸੀਲ ਫਿਲੌਰ)
9. ਮਨਦੀਪ ਸਿੰਘ ਨੂੰ ਨਕੋਦਰ
10. ਅਰਸ਼ਪ੍ਰੀਤ ਕੌਰ ਨੂੰ ਮਹਿਤਪੁਰ (ਤਹਿਸੀਲ ਨਕੋਦਰ)
11. ਸਲੋਚਨਾ ਦੇਵੀ ਨੂੰ ਸ਼ਾਹਕੋਟ
12. ਅੰਗਰੇਜ਼ ਸਿੰਘ ਨੂੰ ਲੋਹੀਆਂ (ਤਹਿਸੀਲ ਸ਼ਾਹਕੋਟ)
13. ਗੁਰਮਨ ਗੋਲਡੀ ਨੂੰ ਐੱਸ. ਐੱਲ. ਏ. ਸੀ. ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਜੇਲ੍ਹ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋ ਗਈ ਸਖ਼ਤ ਕਾਰਵਾਈ, ਹੈਰਾਨ ਕਰੇਗਾ ਪੂਰਾ ਮਾਮਲਾ
ਸਬ-ਰਜਿਸਟਰਾਰ-1 ਵਿਚ 106 ਅਤੇ ਸਬ-ਰਜਿਸਟਰਾਰ-2 ਵਿਚ 75 ਦਸਤਾਵੇਜ਼ਾਂ ਨੂੰ ਮਿਲੀ ਅਪਰੂਵਲ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਤੁਰੰਤ ਬਾਅਦ ਐਕਟਿਵ ਹੋਏ ਕਾਨੂੰਨਗੋਆਂ ਨੇ ਸਬ-ਰਜਿਸਟਰਾਰ ਦਾ ਕੰਮਕਾਜ ਸੰਭਾਲ ਲਿਆ। ਸਬ-ਰਜਿਸਟਰਾਰ ਜਲੰਧਰ-1 ਦਫ਼ਤਰ ਵਿਚ 118 ਲੋਕਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ ਹੋਈ ਸੀ, ਜਿਨ੍ਹਾਂ ਵਿਚੋਂ ਪ੍ਰਾਪਰਟੀ ਸਬੰਧੀ 106 ਦਸਤਾਵੇਜ਼ਾਂ ਨੂੰ ਅਪਰੂਵਲ ਦਿੱਤੀ ਗਈ, ਜਦਕਿ ਸਬ-ਰਜਿਸਟਰਾਰ-2 ਦਫਤਰ ਵਿਚ 88 ਲੋਕਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ ਹੋਈ ਸੀ, ਜਿਨ੍ਹਾਂ ਵਿਚੋਂ 75 ਰਜਿਸਟਰੀਆਂ, ਪਾਵਰ ਆਫ਼ ਅਟਾਰਨੀ, ਵਸੀਅਤ ਅਤੇ ਹੋਰ ਦਸਤਾਵੇਜ਼ਾਂ ਨੂੰ ਅਪਰੂਵਲ ਦਿੱਤੀ ਗਈ।
ਕਾਨੂੰਨਗੋ ਸਬ-ਰਜਿਸਟਰਾਰ ਦਾ ਕੰਮ ਸੰਭਾਲਣ ਦੌਰਾਨ ਹਰੇਕ ਦਸਤਾਵੇਜ਼ ਨੂੰ ਖਾਸ ਬਾਰੀਕੀ ਨਾਲ ਨਾਪ-ਤੋਲ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਵਿਚ ਕ੍ਰਮਵਾਰ ਜਿਨ੍ਹਾਂ 12 ਅਤੇ 13 ਦਸਤਾਵੇਜ਼ਾਂ ਨੂੰ ਅਪਰੂਵਲ ਨਹੀਂ ਮਿਲ ਸਕੀ, ਉਨ੍ਹਾਂ ਦਸਤਾਵੇਜ਼ਾਂ ਵਿਚ ਨੱਥੀ ਕਾਗਜ਼ਾਤ ਨੂੰ ਲੈ ਕੇ ਕਾਨੂੰਨਗੋ ਸੰਤੁਸ਼ਟ ਨਹੀਂ ਸਨ। ਇਸ ਕਾਰਨ ਉਨ੍ਹਾਂ ਨੇ ਬਿਨੈਕਾਰ ਨੂੰ ਬਿਨਾਂ ਅਪਰੂਵਲ ਦਿੱਤੇ ਵਾਪਸ ਕਰ ਦਿੱਤਾ ਅਤੇ ਅਪੁਆਇੰਟਮੈਂਟ ਲੈਣ ਵਾਲੇ ਬਿਨੈਕਾਰ ਕਿਸੇ ਕਾਰਨ ਅਪਰੂਵਲ ਲੈਣ ਹੀ ਨਹੀਂ ਪਹੁੰਚੇ।
ਇਹ ਵੀ ਪੜ੍ਹੋ : ਜਥੇਦਾਰਾਂ ਨੂੰ ਹਟਾਉਣ ਦੇ ਫ਼ੈਸਲੇ 'ਤੇ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਦਾ ਵੱਡਾ ਬਿਆਨ
ਕਾਨੂੰਨਗੋ ਦੇ ਕੰਮ ਕੌਣ ਨਿਪਟਾਏਗਾ, ਬਣੀ ਸ਼ਸ਼ੋਪੰਜ ਦੀ ਸਥਿਤੀ
ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਪੰਜਾਂ ਕਾਨੂੰਨਗੋਆਂ ਨੇ ਸਬ-ਰਜਿਸਟਰਾਰ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ ਅਤੇ ਅਗਲੇ ਹੁਕਮਾਂ ਤਕ ਉਕਤ ਸਾਰੇ ਕਾਨੂੰਨਗੋ ਹੀ ਰਜਿਸਟਰੀਆਂ ਦਾ ਕੰਮ ਨਿਪਟਾਉਣਗੇ ਪਰ ਇਨ੍ਹਾਂ ਕਾਨੂੰਨਗੋਆਂ ਵੱਲੋਂ ਕੀਤੇ ਜਾਣ ਵਾਲੇ ਵਿਭਾਗੀ ਕੰਮਾਂ ਜਿਨ੍ਹਾਂ ਵਿਚ ਨਿਸ਼ਾਨਦੇਹੀ, ਇੰਤਕਾਲ ਵਰਗੇ ਕੰਮਾਂ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਬਣ ਗਈ ਹੈ ਕਿ ਇਨ੍ਹਾਂ ਕੰਮਾਂ ਨੂੰ ਕੌਣ ਕਰੇਗਾ। ਕਾਨੂੰਨਗੋਆਂ ਦੇ ਰਜਿਸਟਰੀਆਂ ਦੇ ਕੰਮ ਵਿਚ ਬਿਜ਼ੀ ਰਹਿਣ ਕਾਰਨ ਬਾਕੀ ਕੰਮਾਂ ਦੀ ਪੈਂਡੈਂਸੀ ਵਧ ਜਾਵੇਗੀ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਸਕਦੀਆਂ ਹਨ। ਹੁਣ ਮੰਨਿਆ ਜਾ ਰਿਹਾ ਹੈ ਕਿ ਡਿਪਟੀ ਕਮਿਸ਼ਨਰ ਅਗਲੇ ਦਿਨਾਂ ਵਿਚ ਕਾਨੂੰਨਗੋਆਂ ਨੂੰ ਲੈ ਕੇ ਰਜਿਸਟਰੀਆਂ ਅਤੇ ਤਬਾਦਲਿਆਂ ਦੇ ਨਵੇਂ ਹੁਕਮ ਜਾਰੀ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ ਦਿੱਤਾ ਸੀਲ, ਲਗਾ 'ਤੇ ਨਾਕੇ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e