ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ ''ਚ ਹੋਏ ਮਹੱਤਵਪੂਰਨ ਬਦਲਾਅ

Friday, Jun 12, 2026 - 02:39 PM (IST)

ਰੇਲ ਯਾਤਰੀਆਂ ਲਈ ਅਹਿਮ ਖ਼ਬਰ! ਵੰਦੇ ਭਾਰਤ ਐਕਸਪ੍ਰੈੱਸ ਦੇ ਰੂਟ ''ਚ ਹੋਏ ਮਹੱਤਵਪੂਰਨ ਬਦਲਾਅ

ਜਲੰਧਰ (ਪੁਨੀਤ)-ਜਲੰਧਰ ਦੇ ਰੇਲ ਯਾਤਰੀਆਂ ਲਈ ਇਕ ਮਹੱਤਵਪੂਰਨ ਬਦਲਾਅ ਸਾਹਮਣੇ ਆਇਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਦਾ ਰੂਟ ਬਦਲ ਦਿੱਤਾ ਗਿਆ ਹੈ ਅਤੇ ਹੁਣ ਇਹ ਟਰੇਨ ਜਲੰਧਰ ਸਿਟੀ ਅਤੇ ਬਿਆਸ ਦੇ ਬਜਾਏ ਗੁਰਦਾਸਪੁਰ ਅਤੇ ਬਟਾਲਾ ਹੋ ਕੇ ਚੱਲੇਗੀ। ਰੇਲਵੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੋਧੀ ਹੋਈ ਵਿਵਸਥਾ 16 ਜੂਨ ਤੋਂ ਅੰਮ੍ਰਿਤਸਰ ਅਤੇ 17 ਜੂਨ ਤੋਂ ਕਟੜਾ ਤੋਂ ਲਾਗੂ ਹੋ ਜਾਵੇਗੀ। ਇਸ ਦੇ ਨਾਲ ਹੀ ਟਰੇਨ ਦਾ ਨਾਨ-ਰਨਿੰਗ ਡੇਅ (ਨਾ ਚੱਲਣ ਦਾ ਦਿਨ) ਵੀ ਬਦਲ ਦਿੱਤਾ ਗਿਆ ਹੈ। ਹੁਣ ਇਹ ਟਰੇਨ ਮੰਗਲਵਾਰ ਦੀ ਬਜਾਏ ਸ਼ਨੀਵਾਰ ਨੂੰ ਨਹੀਂ ਚੱਲੇਗੀ।

ਇਹ ਵੀ ਪੜ੍ਹੋ: ਜਲੰਧਰ 'ਚ ਕੁਲਚੇ ਵੇਚਣ ਵਾਲੇ ਦੇ ਮੁੰਡੇ ਦੀ ਹੋ ਗਈ ਭਾਰਤੀ ਕ੍ਰਿਕਟ ਟੀਮ ਲਈ ਚੋਣ, ਪਰਿਵਾਰ 'ਚ ਖ਼ੁਸ਼ੀ ਦੀ ਲਹਿਰ

ਰੇਲਵੇ ਦੇ ਇਸ ਫ਼ੈਸਲੇ ਨਾਲ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਝਟਕਾ ਲੱਗਾ ਹੈ, ਕਿਉਂਕਿ ਮੌਜੂਦਾ ਸਮੇਂ ਵਿਚ ਇਹ ਵੰਦੇ ਭਾਰਤ ਐਕਸਪ੍ਰੈੱਸ ਜਲੰਧਰ ਸਿਟੀ ਸਟੇਸ਼ਨ ’ਤੇ ਰੁਕਦੀ ਸੀ। ਰੂਟ ਤਬਦੀਲੀ ਮਗਰੋਂ ਜਲੰਧਰ ਸਿਟੀ ਅਤੇ ਬਿਆਸ ਸਟੇਸ਼ਨ ਇਸ ਟਰੇਨ ਦੇ ਰੂਟ ਤੋਂ ਬਾਹਰ ਹੋ ਜਾਣਗੇ।

ਰੇਲਵੇ ਦੇ ਅਧਿਕਾਰਤ ਹੁਕਮਾਂ ਵਿਚ ਰੂਟ ਤਬਦੀਲੀ ਦੇ ਪਿੱਛੇ ਕਿਸੇ ਖ਼ਾਸ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਸਿਟੀ ਸਟੇਸ਼ਨ ਤੋਂ ਇਸ ਟਰੇਨ ਨੂੰ ਲੋੜੀਂਦੀ ਗਿਣਤੀ ਵਿਚ ਯਾਤਰੀ ਨਹੀਂ ਮਿਲ ਰਹੇ ਸਨ। ਸੂਤਰਾਂ ਅਨੁਸਾਰ ਕਈ ਫੇਰਿਆਂ ਵਿਚ ਸੀਟਾਂ ਦੀ ਬੁਕਿੰਗ ਉਮੀਦ ਨਾਲੋਂ ਘੱਟ ਰਹੀ, ਜਦਕਿ ਗੁਰਦਾਸਪੁਰ ਅਤੇ ਬਟਾਲਾ ਇਲਾਕੇ ਤੋਂ ਲੰਮੇ ਸਮੇਂ ਤੋਂ ਇਸ ਟਰੇਨ ਦੀ ਮੰਗ ਕੀਤੀ ਜਾ ਰਹੀ ਸੀ। ਮੰਨਿਆ ਜਾ ਰਿਹਾ ਹੈ ਕਿ ਬਿਹਤਰ ਯਾਤਰੀ ਗਿਣਤੀ ਅਤੇ ਸੰਚਾਲਨ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਨੇ ਇਹ ਬਦਲਾਅ ਕੀਤਾ ਹੈ। ਹਾਲਾਂਕਿ ਇਸ ਸਬੰਧ ਵਿਚ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਸਿਆਸੀ ਹਲਚਲ! ਅਕਾਲੀ ਦਲ ਨੇ ਐਲਾਨੇ ਬੀ. ਸੀ. ਵਿੰਗ ਦੇ 83 ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨ, ਵੇਖੋ List

ਨਵੇਂ ਸ਼ੈਡਿਊਲ ਅਨੁਸਾਰ ਟ੍ਰੇਨ ਨੰਬਰ 26406 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ਸਵੇਰੇ 6.40 ਵਜੇ ਕਟੜਾ ਤੋਂ ਰਵਾਨਾ ਹੋ ਕੇ ਜੰਮੂਤਵੀ, ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਹੁੰਦੇ ਹੋਏ ਦੁਪਹਿਰ 11.40 ਵਜੇ ਅੰਮ੍ਰਿਤਸਰ ਪਹੁੰਚੇਗੀ। ਉੱਥੇ ਹੀ, ਟ੍ਰੇਨ ਨੰਬਰ 26405 ਅੰਮ੍ਰਿਤਸਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਸ਼ਾਮ 4.40 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਜੰਮੂਤਵੀ ਦੇ ਰਸਤੇ ਰਾਤ 9.45 ਵਜੇ ਕਟੜਾ ਪਹੁੰਚੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 4 IAS ਅਤੇ 30 PCS ਅਧਿਕਾਰੀਆਂ ਦੇ ਤਬਾਦਲੇ

ਰੂਟ ਤਬਦੀਲੀ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਅਤੇ ਬਟਾਲਾ ਇਲਾਕੇ ਦੇ ਯਾਤਰੀਆਂ ਨੂੰ ਵੰਦੇ ਭਾਰਤ ਐਕਸਪ੍ਰੈੱਸ ਦੀ ਸਿੱਧੀ ਸਹੂਲਤ ਮਿਲੇਗੀ। ਦੂਜੇ ਪਾਸੇ ਜਲੰਧਰ, ਕਪੂਰਥਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਯਾਤਰੀਆਂ ਨੂੰ ਇਸ ਟ੍ਰੇਨ ਦਾ ਲਾਭ ਲੈਣ ਲਈ ਦੂਜੇ ਸਟੇਸ਼ਨਾਂ ਦਾ ਸਹਾਰਾ ਲੈਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਖੁੱਲ੍ਹ ਗਏ ਪੌਂਗ ਡੈਮ ਦੇ ਗੇਟ, ਛੱਡਿਆ ਗਿਆ ਪਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News