ਇਮੀਗ੍ਰੇਸ਼ਨ ਸੈਂਟਰ ਦਾ ਮਾਲਕ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜ ਦੀ ਠੱਗੀ ਮਾਰ ਕੇ ਹੋਇਆ ਫਰਾਰ
Wednesday, Jun 07, 2023 - 06:20 PM (IST)
ਫ਼ਰੀਦਕੋਟ (ਰਾਜਨ): ਸ਼ਹਿਰ ਦੇ ਇਕ ਇਮੀਗ੍ਰੇਸ਼ਨ ਸੈਂਟਰ ਮਾਲਕ ਵੱਲੋਂ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰਣ ਉਪਰੰਤ ਰੂਪਪੋਸ਼ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਜ਼ਿਲ੍ਹਾ ਪੁਲਸ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਸ਼ਿਕਾਇਤ ’ਤੇ ਮੁਕੱਦਮਾਂ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਵੇਰਵੇ ਅਨੁਸਾਰ ਲੋਕਾਂ ਨਾਲ ਠੱਗੀ ਮਾਰਣ ਵਿਚ ਉਸਦੀਆਂ ਨਜ਼ਦੀਕੀ ਰਿਸ਼ਤੇਦਾਰ ਔਰਤਾਂ ਦੀ ਵੀ ਸ਼ਮੂਲੀਅਤ ਹੋਣ ਦੀ ਗੱਲ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਮਾਲਕ ਦੀਪਕ ਸ਼ਰਮਾ ਵੱਲੋਂ ਰੂਪਪੋਸ਼ ਹੋਣ ਉਪਰੰਤ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਤਰਕ ਪੇਸ਼ ਕੀਤਾ ਜਾ ਰਿਹਾ ਹੈ, ਉਸਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਪ੍ਰੰਤੂ ਇਸ ਮਾਮਲੇ ਵਿਚ ਸਥਾਨਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਸਨੂੰ ਕੋਈ ਸੁਰੱਖਿਆ ਪ੍ਰਦਾਨ ਕੀਤੀ ਗਈ।
ਇਮੀਗ੍ਰੇਸ਼ਨ ਮਾਲਕ ਵੱਲੋਂ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਲਾਕੇ ਦੇ ਕੁਝ ਨਾਮਵਰ ਲੋਕਾਂ ਵੱਲੋਂ ਉਸ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਕਰਕੇ ਉਸਨੂੰ ਇਹ ਕਦਮ ਚੁੱਕਣਾ ਪਿਆ ਪ੍ਰੰਤੂ ਦੂਜੇ ਪਾਸੇ ਇਸ ਮਾਮਲੇ ਵਿਚ ਡੀ.ਐੱਸ.ਪੀ. ਰਮਨਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੀਆ ਸ਼ਿਕਾਇਤਾਂ ਤੋਂ ਬਾਅਦ ਦੀਪਕ ਸ਼ਰਮਾ ਜਿਸ’ਤੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਦੀ ਠੱਗੀ ਮਾਰਣ ਦਾ ਦੋਸ਼ ਹੈ ਅਤੇ ਇਸ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਵਿਚ ਉਸਦੀ ਸੱਸ ਅਤੇ ਸਾਲੀ ਦੀ ਵੀ ਸ਼ਮੂਅੀਲਤ ਸਾਹਮਣੇ ਆਈ ਹੈ ਜਿਨ੍ਹਾਂ ’ਚੋਂ ਦੋਸ਼ੀ ਦੀ ਸਾਲ਼ੀ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਲੁੱਕ-ਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।