ਫੂਡ ਐਂਡ ਸਪਲਾਈਜ਼ ਵਿਭਾਗ ਦੀ ਵੱਡੀ ਕਾਰਵਾਈ : ਗੈਰ-ਕਾਨੂੰਨੀ ਢੰਗ ਨਾਲ UP ਤੋਂ ਲਿਆਂਦਾ ਜਾ ਰਿਹਾ ਝੋਨਾ ਫੜਿਆ
Thursday, Nov 24, 2022 - 09:39 PM (IST)
ਭਵਾਨੀਗੜ੍ਹ (ਵਿਕਾਸ): ਫੂਡ ਐਂਡ ਸਪਲਾਈਜ਼ ਵਿਭਾਗ ਨੇ ਬੀਤੀ ਦੇਰ ਸ਼ਾਮ ਚੈਕਿੰਗ ਦੌਰਾਨ ਇੱਥੇ ਨਾਭਾ ਰੋਡ 'ਤੇ ਟਰੱਕ 'ਚ ਭਰ ਕੇ ਯੂ.ਪੀ ਤੋਂ ਗੈਰ-ਕਾਨੂੰਨੀ ਢੰਗ ਨਾਲ ਪੰਜਾਬ ਲਿਆਂਦੇ ਜਾ ਰਹੇ ਕਰੀਬ 300 ਕੁਇੰਟਲ ਝੋਨੇ ਨੂੰ ਕਾਬੂ ਕੀਤਾ। ਪੁਲਸ ਨੇ ਇਸ ਸਬੰਧੀ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਦਿਆਂ ਉਸਦੇ ਸਮੇਤ ਸਮਾਣਾ ਸ਼ਹਿਰ ਦੇ ਰਹਿਣ ਵਾਲੇ ਪਿਓ-ਪੁੱਤ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦਿਆਂ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਫੂਡ ਐਂਡ ਸਪਲਾਈਜ਼ ਵਿਭਾਗ ਭਵਾਨੀਗੜ੍ਹ ਦੇ ਨਿਰੀਖਕ ਕੋਮਲ ਗੋਇਲ ਤੇ ਕਮਲਦੀਪ ਸਿੰਘ ਨੇ ਭਵਾਨੀਗੜ੍ਹ-ਨਾਭਾ ਰੋਡ 'ਤੇ ਪਿੰਡ ਮਾਝੀ ਟੋਲ ਪਲਾਜਾ ਨੇੜੇ ਇੱਕ ਟਰੱਕ ਟਰਾਲੇ ਜਿਸ 'ਚ ਭਾਰੀ ਮਾਤਰਾ ਵਿੱਚ ਝੋਨਾ ਲੋਡ ਸੀ ਨੂੰ ਚੈੱਕ ਕੀਤਾ। ਅਧਿਕਾਰੀਆਂ ਵੱਲੋਂ ਝੋਨੇ ਸਬੰਧੀ ਬਿੱਲ/ਬਿਲਟੀ ਦੀ ਮੰਗ ਕੀਤੀ ਗਈ ਤਾਂ ਟਰੱਕ ਦਾ ਡਰਾਇਵਰ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕਿਆ। ਬਾਅਦ ਵਿੱਚ ਅਧਿਕਾਰੀਆਂ ਨੇ ਜਦੋਂ ਟਰੱਕ 'ਚ ਭਰੀਆਂ ਬੋਰੀਆਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਵਿੱਚ ਪਰਮਲ ਝੋਨਾ ਪਾਇਆ ਗਿਆ। ਇਸ ਸਬੰਧੀ ਡਰਾਇਵਰ ਨੇ ਦੱਸਣ ਮੁਤਾਬਕ ਉਕਤ ਝੋਨਾ ਯੂ.ਪੀ ਤੋਂ ਟਰੱਕ 'ਚ ਭਰ ਕੇ ਲਿਆਂਦਾ ਗਿਆ ਹੈ। ਹੋਰ ਪੁੱਛਗਿੱਛ ਕਰਨ 'ਤੇ ਟਰੱਕ ਚਾਲਕ ਨੇ ਦੱਸਿਆ ਕਿ ਉਹ ਇਹ ਝੋਨਾ ਗੌਰਵ ਕੁਮਾਰ ਤੇ ਉਸਦੇ ਪਿਤਾ ਹਜਾਰੀ ਲਾਲ ਵਾਸੀ ਸਮਾਣਾ ਦੇ ਕਹਿਣ 'ਤੇ ਯੂ.ਪੀ. ਦੇ ਸੁਲਤਾਨਪੁਰ ਤੋਂ ਭਰ ਕੇ ਵਾਇਆ ਚੀਕਾ ਤੇ ਸਮਾਣਾ ਹੁੰਦਾ ਹੋਇਆ ਨਾਭਾ ਲਈ ਲੈ ਕੇ ਆਇਆ ਸੀ।
ਮਾਮਲੇ ਸਬੰਧੀ ਫੂਡ ਐਂਡ ਸਪਲਾਈਜ਼ ਵਿਭਾਗ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਟਰੱਕ ਸਮੇਤ ਕਰੀਬ 300 ਕੁਇੰਟਲ ਝੋਨੇ ਨੂੰ ਕਬਜੇ 'ਚ ਲੈਂਦਿਆ ਟਰੱਕ ਦੇ ਡਰਾਈਵਰ ਹਰਦੇਵ ਸਿੰਘ ਵਾਸੀ ਲੌਂਗੋਵਾਲ ਨੂੰ ਕਾਬੂ ਕਰਕੇ ਉਕਤ ਗੌਰਵ ਕੁਮਾਰ ਤੇ ਹਜਾਰੀ ਲਾਲ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਧੋਖਾਦੇਹੀ ਦਾ ਪਰਚਾ ਦਰਜ ਕੀਤਾ। ਥਾਣਾ ਮੁਖੀ ਬਾਜਵਾ ਨੇ ਦੱਸਿਆ ਕਿ ਮੁਲਜ਼ਮਾਂ 'ਚ ਸ਼ਾਮਲ ਗੌਰਵ ਕੁਮਾਰ ਖਿਲਾਫ਼ ਪਹਿਲਾਂ ਵੀ ਕਾਲਾਬਜਾਰੀ ਕਰਕੇ ਬਾਹਰਲੇ ਸੂਬੇ ਤੋੰ ਝੋਨਾ ਲਿਆ ਕੇ ਗੈਰ ਕਾਨੂੰਨੀ ਢੰਗ ਨਾਲ ਵੇਚਣ ਸਬੰਧੀ ਮੁਕੱਦਮਾ ਦਰਜ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਟਰੱਕ ਚਾਲਕ ਹਰਦੇਵ ਸਿੰਘ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਉਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।