''ਡੰਡੇ'' ਦਾ ਅਸਰ 8 ਕਿਲੋਮੀਟਰ ਦੂਰ ਪੈਂਦੇ ਇਲਾਕੇ ''ਚ ਵੀ
Monday, Mar 12, 2018 - 07:17 AM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ) - ਡਾਹਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਇਹ ਕਹਾਵਤ ਉਸ ਸਮੇਂ ਸਹੀ ਸਾਬਤ ਹੋ ਗਈ ਜਦੋਂ ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹੀਂ ਸਤਲੁਜ ਦਰਿਆ ਉੱਤੋਂ ਲੰਘਣ ਵੇਲੇ ਅੱਖੀਂ ਦੇਖੀ ਮਾਈਨਿੰਗ ਬੰਦ ਕਰਵਾਉਣ ਦੇ ਹੁਕਮ ਦਿੱਤੇ। ਮਾਈਨਿੰਗ ਹੁੰਦੀ ਮੁੱਖ ਮੰਤਰੀ ਨੇ ਗੁਆਂਢੀ ਜ਼ਿਲਿਆਂ ਵਿਚ ਦੇਖੀ ਪਰ ਇਸ ਦੇ ਹੁਕਮ ਦਾ ਅਸਰ ਇੱਥੋਂ ਲਗਭਗ 8 ਕਿਲੋਮੀਟਰ ਦੂਰ ਵਗਦੇ ਸਤਲੁਜ ਦਰਿਆ 'ਤੇ ਵੀ ਦੇਖਣ ਨੂੰ ਮਿਲਿਆ।
ਜਦੋਂ ਟੀਮ ਨੇ ਇੱਥੇ ਦੌਰਾ ਕਰ ਕੇ ਦੇਖਿਆ ਤਾਂ ਉਨ੍ਹਾਂ ਨੂੰ ਦਰਿਆ ਵਿਚੋਂ ਜਾਂ ਆਉਂਦੇ-ਜਾਂਦੇ ਰਸਤਿਆਂ 'ਤੇ ਕੋਈ ਟਿੱਪਰ ਜਾਂ ਜੇ. ਸੀ. ਬੀ. ਨਜ਼ਰ ਨਾ ਆਈ। ਜਦੋਂ ਇਸ ਦਰਿਆ ਦੇ ਧੁਸੀ ਬੰਨ੍ਹ ਦੇ ਕੰਢੇ ਘੁੰਮਦੇ ਲੋਕਾਂ ਤੇ ਜਿੰਦਾਪੁਰ ਨੂੰ ਜਾਂਦੀ ਕਿਸ਼ਤੀ 'ਚ ਸਵਾਰ ਲੋਕਾਂ ਨੂੰ ਪੁੱਛਿਆ ਕਿ ਕਿਤੇ ਮਾਈਨਿੰਗ ਹੁੰਦੀ ਹੈ? ਅਸੀਂ ਰੇਤਾ ਲੈਣਾ ਹੈ ਤਾਂ ਹਸਦੇ ਹੋਏ ਇਕ ਵਿਅਕਤੀ ਨੇ ਕਿਹਾ ਕਿ 'ਉੱਪਰ ਵਾਲੇ' ਨੇ ਸਭ ਬੰਦ ਕਰਵਾ ਦਿੱਤਾ ਹੈ। ਹੁਣ ਉੱਪਰ ਵਾਲੇ ਤੋਂ ਭਾਵ ਤਾਂ ਰੱਬ ਜਾਂ ਹੈਲੀਕਾਪਟਰ ਵਾਲਾ ਹੀ ਹੋ ਸਕਦਾ ਹੈ।
ਉਂਝ ਇਸ ਨਾਲ ਕਾਫੀ ਲੋਕਾਂ ਨੇ ਸੁਖ ਦਾ ਸਾਹ ਲਿਆ ਕਿਉਂਕਿ ਇਹ ਦਨਦਨਾਉਂਦੇ ਟਿੱਪਰ ਸਮਰੱਥਾ ਤੋਂ ਵੱਧ ਰੇਤਾ ਲੱਦ ਕੇ ਇਸ ਇਲਾਕੇ ਦੀਆਂ ਸੜਕਾਂ ਤੋਂ ਜਦੋਂ ਲੰਘਦੇ ਸਨ ਤਾਂ ਇਕ ਵਾਰੀ ਤਾਂ ਸੜਕਾਂ ਵੀ 'ਕੰਬ' ਉਠਦੀਆਂ ਸਨ। ਇਸ ਤੋਂ ਪਹਿਲਾ ਇਹ ਟਿੱਪਰ ਚਾਲਕ ਬੇਖੌਫ ਰੇਤਾ ਢੋਂਹਦੇ ਸਨ ਪਰ ਕਾਂਗਰਸ ਦਾ ਰਾਜ ਆਉਣ ਤੋਂ ਬਾਅਦ ਇਨ੍ਹਾਂ ਦੀ ਕੁਝ ਲਗਾਮ ਤਾਂ ਕੱਸੀ ਗਈ ਪਰ ਬੰਦ ਨਹੀਂ ਹੋਈ।
ਇੱਥੋਂ ਨੇੜੇ ਪੈਂਦੇ ਪਿੰਡ ਪਿੱਪਲ ਮਾਜਰਾ ਤੋਂ ਪਿੰਡ ਮਕੜੌਨਾ ਨੂੰ ਜਾਣ ਵਾਲੇ ਲਿੰਕ ਮਾਰਗ 'ਤੇ ਜਾ ਰਹੇ ਟਿੱਪਰ ਦੀ ਜਦੋਂ ਫੋਟੋ ਖਿੱਚੀ ਤਾਂ ਟਿੱਪਰ ਚਾਲਕ ਨੇ ਪ੍ਰੈੱਸ ਫੋਟੋਗ੍ਰਾਫਰ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਦੀ ਸੂਚਨਾ ਥਾਣਾ ਸ੍ਰੀ ਚਮਕੌਰ ਸਾਹਿਬ ਨੂੰ ਦਿੱਤੀ ਤਾਂ ਅੱਗੋਂ ਫਿਲਮੀ ਅੰਦਾਜ਼ ਵਿਚ ਕਰਮਚਾਰੀ ਨੇ ਕਿਹਾ ਕਿ ਤੁਸੀਂ ਇਸ ਦੀ ਸੂਚਨਾ ਮੋਰਿੰਡਾ ਥਾਣੇ ਵਿਚ ਦਿਓ। ਉਦੋਂ ਤੱਕ ਟਿੱਪਰ ਵਾਲੇ ਨੇ ਵੀ ਲੰਘ ਜਾਣਾ ਸੀ। ਖੈਰ ਉਹ ਤਾਂ ਪਿੱਛਾ ਕਰਨ 'ਤੇ ਪਤਾ ਲੱਗਾ ਕਿ ਇਹ ਟਿੱਪਰ ਵਾਲਾ ਤਾਂ ਪਿੰਡ ਮਕੜੌਨਾ 'ਚ ਹੀ ਇਕ ਉਸਾਰੀ ਅਧੀਨ ਕੋਠੀ ਅੱਗੇ ਰੇਤਾ ਸੁੱਟ ਕੇ ਚਲਦਾ ਬਣਿਆ। ਇਸ ਦੀ ਸੂਚਨਾ ਦੇਣ ਉਪਰੰਤ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਭ ਕੁਝ ਮਿਲੀਭੁਗਤ ਨਾਲ ਹੀ ਚਲਦਾ ਹੋਵੇਗਾ। ਹੁਣ ਜਦੋਂ 'ਉੱਪਰ ਵਾਲੇ' ਦਾ 'ਡੰਡਾ' ਚੱਲਿਆ ਤਾਂ ਕਈ ਦਿਨਾਂ ਤੋਂ ਟਿੱਪਰ ਤਾਂ ਕੀ, ਕੋਈ ਰੇਤੇ ਦੀ ਢੋਆ-ਢੁਆਈ ਕਰਦੀ ਟਰਾਲੀ ਵੀ ਨਜ਼ਰ ਨਹੀਂ ਆਈ।
ਕੁਝ ਦਿਨ ਪਹਿਲਾਂ ਸਸਤਾ ਹੋਇਆ ਰੇਤਾ ਫਿਰ ਮਹਿੰਗਾ ਹੋਣਾ ਸ਼ੁਰੂ ਹੋ ਗਿਆ ਹੈ। ਖੈਰ ਕੁਝ ਵੀ ਹੋਵੇ, ਉਪਰੋਕਤ ਸਾਰੇ ਘਟਨਾਕ੍ਰਮ ਤੋਂ ਬਾਅਦ ਸਿੱਧ ਹੁੰਦਾ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਈਮਨਦਾਰੀ ਨਾਲ ਸਖ਼ਤੀ ਦਿਖਾਵੇ ਤਾਂ ਹਰ ਨਾਜਾਇਜ਼ ਕੰਮ ਬੰਦ ਹੋ ਸਕਦਾ ਹੈ।
