ਨਾਜਾਇਜ਼ ਮਾਈਨਿੰਗ ਦੇ ਮਾਮਲੇ ''ਚ 7 ਔਰਤਾਂ ਸਮੇਤ 16 ਵਿਅਕਤੀਆਂ ’ਤੇ ਪਰਚਾ ਦਰਜ
Monday, Apr 25, 2022 - 10:36 AM (IST)
ਤਲਵਾੜਾ (ਜ. ਬ.)- 'ਜਗ ਬਾਣੀ' ਵਿਚ 23 ਅਪ੍ਰੈਲ ਨੂੰ ਪ੍ਰਕਾਸ਼ਿਤ ਖ਼ਬਰ ‘ਹੁਣ ਕੁਲੀਆਂ, ਲੁਬਾਣਾ, ਧਾਮੀਆ ਅਤੇ ਆਲੇ-ਦੁਆਲੇ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ’ ਦਾ ਜ਼ਬਰਦਸਤ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਪੁਲਸ ਟੀਮ ਨੇ ਪਿੰਡ ਹਾਜੀਪੁਰ ਵਿਖੇ ਡੀ. ਐੱਸ. ਪੀ. ਮੁਕੇਰੀਆਂ ਸਮੇਤ ਮਾਲ ਵਿਭਾਗ ਦੇ ਜੇ. ਈ. ਅਤੇ ਮਾਈਨਿੰਗ ਇੰਸਪੈਕਟਰ ਅਜੇ ਪਾਂਡੇ ਨੇ ਟੀਮ ਸਮੇਤ ਦੌਰਾ ਕਰਕੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ’ਚ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਇਕ ਕਰੈਸ਼ਰ ਸਮੇਤ ਵੱਖ-ਵੱਖ ਪਿੰਡਾਂ ’ਚ ਨਾਜਾਇਜ਼ ਮਾਈਨਿੰਗ ਕਰਵਾਉਣ ਵਾਲੀਆਂ 7 ਔਰਤਾਂ ਸਮੇਤ 16 ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਮੌਕੇ ’ਤੇ ਕੋਈ ਵੀ ਮਸ਼ੀਨਰੀ ਨਹੀਂ ਮਿਲੀ ਪਰ ਨਾਜਾਇਜ਼ ਮਾਈਨਿੰਗ ਸਾਫ਼ ਵਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬਾਰੀਕੀ ਨਾਲ ਜਾਂਚ ਕੀਤੀ, ਜਿਸ ਦੇ ਚਲਦਿਆਂ ਇਕ ਸਟੋਨ ਕਰੈਸ਼ਰ, ‘ਸਟੋਨ ਲਿੰਕਰ ਕਰੈਸ਼ਰ ਨਿੱਕੂ ਚੱਕ’ ਸਮੇਤ 16 ਵਿਅਕਤੀਆਂ ਖ਼ਿਲਾਫ਼ ਥਾਣਾ ਮੁਕੇਰੀਆਂ ਵਿਖੇ ਮਾਈਨਿੰਗ ਮਿਨਰਲ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਪੁੱਤਰ ਈਸ਼ਵਰ ਸਿੰਘ, ਪ੍ਰੀਤਮ ਸਿੰਘ ਪੁੱਤਰ ਬਾਬਾ ਸਿੰਘ, ਕੁਲਦੀਪ ਸਿੰਘ ਪੁੱਤਰ ਗੁਰਨਾਮ ਸਿੰਘ, ਨੇਤਰ ਸਿੰਘ ਪੁੱਤਰ ਸਵਰਨ ਸਿੰਘ, ਪਰਮਜੀਤ ਕੌਰ ਪਤਨੀ ਬਖਸ਼ੀਸ਼ ਸਿੰਘ, ਸੁਮਨਦੀਪ ਕੌਰ ਪੁੱਤਰੀ ਬਖਸ਼ੀਸ਼ ਸਿੰਘ, ਸੁਮਨ ਲਤਾ ਪਤਨੀ ਅਵਤਾਰ ਸਿੰਘ, ਅਭਿਸ਼ੇਕ ਕੁਮਾਰ ਪੁੱਤਰ ਅਵਤਾਰ ਸਿੰਘ, ਸੁੱਚਾ ਸਿੰਘ ਪੁੱਤਰ ਗੁਰਨਾਮ ਸਿੰਘ, ਸ਼ਿਆਮ ਸਿੰਘ ਪੁੱਤਰ ਜਰਨੈਲ ਸਿੰਘ, ਮਹਿੰਦਰ ਸਿੰਘ ਪੁੱਤਰ ਮੱਸਾ ਸਿੰਘ, ਕਸ਼ਮੀਰ ਕੌਰ ਪੁੱਤਰੀ ਸਵਰਨ ਸਿੰਘ, ਪਰਮਜੀਤ ਕੌਰ ਪੁੱਤਰੀ ਸਵਰਨ ਸਿੰਘ, ਬਬਲੀ ਦੇਵੀ ਪੁੱਤਰੀ ਸਵਰਨ ਸਿੰਘ, ਦਿਲਬਾਗ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਪ੍ਰੀਤਮ ਕੌਰ ਪਤਨੀ ਗੁਰਨਾਮ ਸਿੰਘ ’ਤੇ ਕਰਵਾਈ ਕੀਤੀ ਗਈ ਹੈ। ਮਾਈਨਿੰਗ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਜ਼ਮੀਨਾਂ ਦੀ ਜਾਂਚ ਮਾਲ ਮਹਿਕਮੇ ਵੱਲੋਂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ’ਤੇ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇ-ਭਰੇ ਖੇਤਾਂ ਨੂੰ ਨਸ਼ਟ ਕਰਨ ਵਾਲੇ ਸਜ਼ਾ ਦੇ ਹੱਕਦਾਰ ਹੋਣਗੇ।
ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਰੋਡਵੇਜ ਨੇ ਸ਼ੁਰੂ ਕੀਤੀ ਇਹ ਸਹੂਲਤ
ਇਲਾਕੇ ਦੇ ਲੋਕਾਂ ਨੇ ਜਗ ਬਾਣੀ ਦਾ ਕੀਤਾ ਧੰਨਵਾਦ
ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਨੇ ਜਗ ਬਾਣੀ ਅਖਬਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੇ ਦੁੱਖ ਨੂੰ ਸਮਝਦਿਆਂ ਕਾਰਵਾਈ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਹੁਣ ਸਾਨੂੰ ਆਪਣੀਆਂ ਜ਼ਮੀਨਾਂ ਬਚਣ ਦੀ ਆਸ ਬੱਝ ਗਈ ਹੈ। ਜਿਸ ਤਰ੍ਹਾਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਜੇਕਰ ਪਿਛਲੇ ਸਾਲਾਂ ਤੋਂ ਅਜਿਹਾ ਹੁੰਦਾ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
'ਜਗ ਬਾਣੀ' ਨੇ ਸਾਡੀ ਆਵਾਜ਼ ਨੂੰ ਉਪਰ ਤੱਕ ਪਹੁੰਚਾਇਆ
ਪਿੰਡ ਦੇ ਸਰਪੰਚ ਸ਼ਾਮ ਸਿੰਘ ਨੇ ਕਿਹਾ ਕਿ ਉਹ ਇਸ ਕਾਰਵਾਈ ਤੋਂ ਬਹੁਤ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਅਜਿਹਾ ਨਹੀਂ ਹੋਇਆ ਅਤੇ ਜਿੰਨਾ ਅਸੀਂ ਰੌਲਾ ਪਾਉਂਦੇ ਰਹੇ, ਕੋਈ ਸਾਡੀ ਆਵਾਜ਼ ਨਹੀਂ ਸੁਣਦਾ ਸੀ। ਉੱਤਰੀ ਭਾਰਤ ਦੇ ਪ੍ਰਮੁੱਖ ਅਖ਼ਬਾਰ 'ਜਗ ਬਾਣੀ' ਨੇ ਸਾਡੀ ਆਵਾਜ਼ ਨੂੰ ਉਪਰ ਤਕ ਪਹੁੰਚਾਇਆ, ਜਿਸ ਤੋਂ ਬਾਅਦ ਹੁਣ ਸਾਡੀਆਂ ਜ਼ਮੀਨਾਂ ਬਚ ਜਾਣ ਦੀ ਉਮੀਦ ਜਾਗ ਪਈ ਹੈ ਅਤੇ ਇਹ ਖੇਤਰ ਫਿਰ ਤੋਂ ਹਰਿਆ ਭਰਿਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚਾ ਇਲਾਕਾ ਅਤੇ ਅਸੀਂ ਸਾਰੇ 'ਜਗ ਬਾਣੀ' ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਕਤਲ ਮਾਮਲੇ ’ਚ ਦੋ ਹੋਰ ਗੈਂਗਸਟਰ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ