ਮਾਈਨਿੰਗ ਮੰਤਰੀ ਦੇ ਹਲਕੇ 'ਚ ਹੀ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ, ਪੰਚਾਇਤ 'ਤੇ ਐੱਫ.ਆਈ.ਆਰ. ਦਰਜ

Friday, May 20, 2022 - 12:39 PM (IST)

ਮਾਈਨਿੰਗ ਮੰਤਰੀ ਦੇ ਹਲਕੇ 'ਚ ਹੀ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ, ਪੰਚਾਇਤ 'ਤੇ ਐੱਫ.ਆਈ.ਆਰ. ਦਰਜ

ਨੰਗਲ: ਪੰਜਾਬ ਸਰਕਾਰ ਸੂਬੇ ’ਚ ਚੱਲ ਰਹੇ ਗੈਰ-ਕਾਨੂੰਨੀ ਕੰਮਾਂ ਨੂੰ ਲੈ ਕੇ ਸਖ਼ਤੀ ਨਾਲ ਪੇਸ਼ ਆ ਰਹੀ ਹੈ, ਇਸ ਦੇ ਨਾਲ ਹੀ ਸਾਰੇ ਮੰਤਰੀ ਅਤੇ ਵਿਧਾਇਕ ਵੀ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਨੰਗਲ ਦੇ ਪਿੰਡ ਮਜਾਰੀ ਦੀ ਪੰਚਾਇਤ ਅਤੇ ਹੋਰ ਵੀ ਕਈ ਲੋਕਾਂ ਖ਼ਿਲਾਫ਼ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕਰਨ ਕਾਰਣ ਕੇਸ ਦਰਜ ਕੀਤੇ ਗਏ ਹਨ। ਇਸ ਮਾਮਲੇ ਬਾਰੇ ਜੇ.ਈ. ਵੱਲੋਂ ਜਾਣਕਾਰੀ ਮਿਲਣ ਤੋਂ ਬਾਅਦ ਨੰਗਲ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਮਜਾਰੀ ਵਿਖੇ ਪੰਚਾਇਤੀ ਜ਼ਮੀਨ 'ਤੇ ਕਰੀਬ 20 ਫੁੱਟ ਦੀ ਖੁਦਾਈ ਕਰਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਇਸ ਬਾਰੇ ਪਤਾ ਲੱਗਣ 'ਤੇ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਸੀ। ਹੈਰਾਨੀਜਨਕ ਗੱਲ ਹੈ ਕਿ ਇਹ ਮਾਮਲਾ ਮੰਤਰੀ ਮੰਡਲ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੇ ਵਿਧਾਨ ਸਭਾ ਹਲਕੇ ਨਾਲ ਸੰਬੰਧਤ ਹੈ। 

ਇਹ ਵੀ ਪੜ੍ਹੋ- ਸਰੰਡਰ ਕਰਨ ਦੇ ਮੂਡ ’ਚ ਨਹੀਂ ਨਵਜੋਤ ਸਿੱਧੂ, ਸੁਪਰੀਮ ਕੋਰਟ ’ਚ ਅਰਜ਼ੀ ਦਾਇਰ ਕਰਕੇ ਮੰਗਿਆ ਸਮਾਂ

ਨੰਗਲ ਪੁਲਸ ਥਾਣੇ 'ਚ ਦਰਜ ਐੱਫ.ਆਈ.ਆਰ. ਨੰਬਰ 65 ਦੇ ਤਹਿਤ ਜੇ.ਈ. ਰੋਹਿਤ ਕੁਮਾਰ ਵੱਲੋਂ 17 ਮਈ ਨੂੰ ਸਵਾ ਨਹਿਰ 'ਚ ਪੰਚਾਇਤੀ ਜ਼ਮੀਨਾਂ ਦਾ ਦੌਰਾ ਕੀਤਾ ਸੀ। ਉਨ੍ਹਾਂ ਨੂੰ ਪਤਾ ਲੱਗਾ ਕੀ ਇਸ ਜ਼ਮੀਨ 'ਤੇ ਨਾਜਾਇਜ਼ ਤਰੀਕੇ ਨਾਲ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਹੈ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਦਾ ਵੀ ਇਹੀ ਕਹਿਣਾ ਸੀ ਕਿ ਇਹ ਨਾਜਾਇਜ਼ ਮਾਈਨਿੰਗ ਪੰਚਾਇਤ ਦੀ ਮਿਲੀਭੁਗਤ ਨਾਲ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੇ.ਈ. ਰੋਹਿਤ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਇਸ ਦੀ ਸ਼ਿਕਾਇਤ ਰੋਪੜ ਦੇ ਐੱਸ.ਐੱਸ.ਪੀ ਨੂੰ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਇਸ ਦੀ ਇਕ ਕਾਪੀ ਵਿਭਾਗ ਨੂੰ ਵੀ ਭੇਜੀ ਗਈ ਸੀ।ਸ਼ਿਕਾਇਤ ਤਹਿਤ ਵਿਭਾਗ ਨੇ ਇਸ ਦੀ ਜਾਂਚ ਕਰਨ ਲਈ ਮਜਾਰੀ ਪਿੰਡ ਦੀਆਂ ਪੰਚਾਇਤੀ ਜ਼ਮੀਨਾਂ ਦਾ ਦੌਰਾ ਕੀਤਾ। ਇਸ ਦੌਰਾਨ ਪਤਾ ਲੱਗਾ ਕਿ ਜ਼ਮੀਨ 'ਤੇ ਕਰੀਬ 20 ਫੁੱਟ ਤੋਂ ਜ਼ਿਆਦਾ ਦੀ ਖੁਦਾਈ ਕੀਤੀ ਗਈ ਸੀ। ਇਸ ਖ਼ਿਲਾਫ਼ ਫਿਰ ਪੰਚਾਇਤ ਅਤੇ ਹੋਰ ਵੀ ਕਈਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਪਹੁੰਚ ਕੇ ਮਿੰਨੀ ਬੱਸ ਆਪ੍ਰੇਟਰਾਂ ਦੀ ਹੜਤਾਲ ਕਰਵਾਈ ਖਤਮ

ਸ਼ਿਕਾਇਤ ਦਰਜ ਕਰਾਉਣ ਵਾਲੇ ਨੇ ਪੰਚਾਇਤ 'ਤੇ ਲਾਇਆ ਦੋਸ਼
ਸ਼ਿਕਾਇਤ ਕਰਨ ਵਾਲੇ ਜਸਵੀਰ ਸਿੰਘ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ 'ਚ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਵੀ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ ਕੀਤੀ ਗਈ ਸੀ। ਪਿੰਡ ਵਾਸੀਆਂ ਨੇ ਉਸ ਵੇਲੇ ਵੀ ਇਸ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ 5-6 ਮਹੀਨੇ ਪਹਿਲਾਂ ਵੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀਆਂ ਮਸ਼ੀਨਾਂ ਨੂੰ ਜ਼ਬਤ ਕਰਕੇ ਮੌਜੂਦਾ ਪੰਚਾਇਤ ਦੇ ਹਵਾਲੇ ਕੀਤੀਆਂ ਗਈਆਂ ਸਨ ਪਰ ਪੰਚਾਇਤ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਪਿੰਡ ਦੇ ਸਾਬਕਾ ਸਰਪੰਚ ਸ਼ਿਵ ਕੁਮਾਰ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਸ ਦੀ ਸ਼ਿਕਾਇਤ ਵੀ ਕੀਤੀ ਸੀ। 

ਇਹ ਵੀ ਪੜ੍ਹੋ- ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਨੇ ਲਏ ਦੋ ਅਹਿਮ ਫ਼ੈਸਲੇ

ਸਿਆਸੀ ਬਦਲਾਖੋਰੀ ਦੇ ਚੱਲਦਿਆਂ ਕੀਤੀ ਗਈ ਕਾਰਵਾਈ
ਪਿੰਡ ਦੀ ਮੌਜੂਦਾ ਸਰਪੰਚ ਕੁਲਵਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਉਹ ਤਾਂ ਆਪ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਹਨ ਅਤੇ ਇਸ ਮਾਮਲੇ 'ਚ ਉਨ੍ਹਾਂ ਨੇ 21 ਨਵੰਬਰ 2021 'ਚ ਇਕ ਸ਼ਿਕਾਇਤ ਵੀ ਦਰਜ ਕਰਵਾਈ ਸੀ। ਇਸ ਦੇ ਬਾਵਜੂਦ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਉਨ੍ਹਾਂ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਕਿਹਾ ਕਿ ਉਸ ਖ਼ਿਲਾਫ਼ ਸਿਆਸੀ ਰੰਜਿਸ਼ ਕਾਰਨ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਜੋ ਲੋਕ ਚੋਣਾਂ ਹਾਰ ਚੁੱਕੇ ਹਨ, ਇਹ ਸ਼ਿਕਾਇਤ ਉਨ੍ਹਾਂ ਵੱਲੋ ਕੀਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News