ਨਾਜਾਇਜ਼ ਮਾਈਨਿੰਗ ਰੋਕਣ ਲਈ DGP ਵੱਲੋਂ ਸਬੰਧਤ ਵਿਭਾਗ ਨਾਲ ਮਿਲ ਕੇ ਬਣਾਈ ਜਾਵੇਗੀ ਰਣਨੀਤੀ

03/08/2018 10:40:20 AM

ਜਲੰਧਰ (ਧਵਨ, ਰਵਿੰਦਰ)— ਸੂਬੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਨਾਜਾਇਜ਼ ਮਾਈਨਿੰਗ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ ਤੋਂ ਬਾਅਦ ਹੁਣ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੱਲੋਂ ਮਾਈਨਿੰਗ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਾਂਝੀ ਰਣਨੀਤੀ ਬਣਾਈ ਜਾਵੇਗੀ। ਇਸ ਨਾਲ ਨਾਜਾਇਜ਼ ਮਾਈਨਿੰਗ 'ਤੇ ਰੋਕ ਲਾਉਣ ਲਈ ਪ੍ਰਭਾਵੀ ਕਦਮ ਚੁੱਕਣ 'ਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਚੰਡੀਗੜ੍ਹ 'ਚ ਜਦੋਂ ਡੀ. ਜੀ. ਪੀ. ਅਤੇ ਮੁੱਖ ਸਕੱਤਰ ਨਾਲ ਸਾਰੇ ਜ਼ਿਲਿਆਂ ਦੇ ਐੱਸ. ਐੱਸ. ਪੀਜ਼ ਅਤੇ ਡਿਪਟੀ ਕਮਿਸ਼ਨਰਾਂ ਨਾਲ ਬੈਠਕਾਂ ਕੀਤੀਆਂ ਸਨ ਤਾਂ ਉਸ 'ਚ ਕੈਪਟਨ ਅਮਰਿੰਦਰ ਸਿੰਘ ਨੇ ਨਾਜਾਇਜ਼ ਮਾਈਨਿੰਗ ਵਿਰੁੱਧ ਸਾਂਝੀ ਰਣਨੀਤੀ ਬਣਾ ਕੇ ਕੰਮ ਕਰਨ ਦੇ ਹੁਕਮ ਦਿੱਤੇ ਸਨ। ਬੈਠਕ ਤੋਂ ਬਾਅਦ ਵੀ ਜਦੋਂ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ ਰਿਹਾ ਤਾਂ ਕੈਪਟਨ ਨੂੰ ਸਰਜੀਕਲ ਸਟ੍ਰਾਈਕ ਕਰਨੀ ਪਈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਮੁੜ ਦੁਹਰਾਇਆ ਹੈ ਕਿ ਸੂਬੇ 'ਚ ਹੇਠਲੇ ਪੱਧਰ 'ਤੇ ਅਧਿਕਾਰੀਆਂ ਨੂੰ ਉਪਰੋਂ ਸਖਤ ਸੰਦੇਸ਼ ਜਾਣ ਕਿ ਸਰਕਾਰ ਨਾਜਾਇਜ਼ ਮਾਈਨਿੰਗ ਦੀਆਂ ਗਤੀਵਿਧੀਆਂ ਨੂੰ ਕਿਸੇ ਵੀ ਸੂਰਤ 'ਤੇ ਸਹਿਣ ਨਹੀਂ ਕਰੇਗੀ। 
ਮੁੱਖ ਮੰਤਰੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਡੀ. ਜੀ. ਪੀ. ਨੇ ਹੁਣ ਮਾਈਨਿੰਗ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਸਾਂਝੀ ਰਣਨੀਤੀ ਬਣਾਉਣੀ ਹੈ, ਜਿਸ ਨਾਲ ਸੂਬੇ 'ਚ ਹਰ ਤਰ੍ਹਾਂ ਦੀ ਮਾਈਨਿੰਗ ਨਾਲ ਸਬੰਧਤ ਨਾਜਾਇਜ਼ ਸਰਗਰਮੀਆਂ 'ਤੇ ਪੂਰੀ ਤਰ੍ਹਾਂ ਰੋਕ ਲੱਗ ਸਕੇ। ਹੁਣ ਇਸ ਮਾਮਲੇ 'ਚ ਸਰਕਾਰੀ ਹਦਾਇਤਾਂ ਦੀ ਉਲੰਘਣਾ ਸਹਿਣ ਨਹੀਂ ਕੀਤੀ ਜਾਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦੇ ਦਿੱਤੇ ਹਨ ਕਿ ਕਿਸੇ ਵੀ ਪਾਰਟੀ ਨਾਲ ਸਬੰਧਤ ਸਿਆਸੀ ਆਗੂ ਦੀ ਦਖਲਅੰਦਾਜ਼ੀ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਬਿਲਕੁਲ ਸਹਿਣ ਨਾ ਕੀਤਾ ਜਾਵੇ ਅਤੇ ਜੇਕਰ ਕੋਈ ਇਸ 'ਚ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਤੁਰੰਤ ਸੂਚਨਾ ਮੁੱਖ ਮੰਤਰੀ ਦਫਤਰ ਨੂੰ ਦਿੱਤੀ ਜਾਵੇ। ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਿਛਲੇ ਇਕ ਸਾਲ ਤੋਂ ਗਰਮਾਇਆ ਹੋਇਆ ਹੈ।


Related News