ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਰੇਆਮ ਹੋ ਰਹੀ ਐ ਨਾਜਾਇਜ਼ ਮਾਈਨਿੰਗ
Saturday, Nov 25, 2017 - 08:06 AM (IST)

ਬਨੂੜ (ਗੁਰਪਾਲ) - ਪਿੰਡ ਕਾਲੋਮਾਜਰਾ ਵਿਚ ਪਿਛਲੇ ਕਈ ਦਿਨਾਂ ਤੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸ਼ਰੇਆਮ ਮਾਈਨਿੰਗ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਵੰਤ ਸਿੰਘ ਨੰਡਿਆਲੀ ਨੇ ਦੱਸਿਆ ਕਿ ਕਾਲੋਮਾਜਰਾ ਵਿਖੇ ਅਦਾਲਤੀ ਹੁਕਮਾਂ ਨੂੰ ਨਜ਼ਰਅੰਦਾਜ਼ ਕਰ ਕੇ ਮਾਈਨਿੰਗ ਕੀਤੀ ਜਾ ਰਹੀ ਹੈ। ਸ਼ਰੇਆਮ ਖੇਤਾਂ ਵਿਚੋਂ 10-12 ਫੁੱਟ ਮਿੱਟੀ ਚੁੱਕੀ ਜਾ ਰਹੀ ਹੈ, ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਮਾਈਨਿੰਗ ਵਿਭਾਗ ਦੇ ਸਿਧਾਂਤਾਂ ਦੀ ਉਲੰਘਣਾ ਹੈ। ਮਾਈਨਿੰਗ ਮਾਫੀਆ ਵੱਲੋਂ ਭਰੀ ਜਾ ਰਹੀ ਮਿੱਟੀ ਨੇੜਲੇ ਪਿੰਡਾਂ ਵਿਚ ਮਹਿੰਗੇ ਭਾਅ ਵੇਚੀ ਜਾ ਰਹੀ ਹੈ। ਉਕਤ ਥਾਂ 'ਤੇ ਪੁੱਟੇ ਗਏ ਵੱਡੇ-ਵੱਡੇ ਟੋਏ ਕਦੇ ਵੀ ਮੁਸੀਬਤ ਬਣ ਸਕਦੇ ਹਨ। ਕਿਸਾਨ ਆਗੂ ਨੇ ਸੂਬੇ ਦੇ ਮੁੱਖ ਮੰਤਰੀ ਤੋਂ ਇਲਾਕੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਨਿੱਜੀ ਤੌਰ 'ਤੇ ਦਖਲ ਦੇ ਕੇ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਬਾਰੇ ਜਦੋਂ ਜ਼ਿਲਾ ਪਟਿਆਲਾ ਦੇ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮਿਲੀਭੁਗਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਉਨ੍ਹਾਂ ਨਾਜਾਇਜ਼ ਮਾਈਨਿੰਗ ਨੂੰ ਹੁਣੇ ਹੀ ਬੰਦ ਕਰਵਾ ਦੇਣ ਬਾਰੇ ਕਿਹਾ ਹੈ।