ਥਾਣਾ ਸਲੇਮ ਟਾਬਰੀ ਦੇ ਇਲਾਕੇ ’ਚ ਮੁੜ ਸ਼ੁਰੂ ਹੋਇਆ ਨਾਜਾਇਜ਼ ਲਾਟਰੀ ਤੇ ਸੱਟੇ ਦਾ ਕਾਰੋਬਾਰ
Saturday, Jul 13, 2024 - 03:45 PM (IST)
ਲੁਧਿਆਣਾ (ਅਨਿਲ)- ਪੁਲਸ ਪ੍ਰਸ਼ਾਸਨ ਲੁਧਿਆਣਾ ’ਚ ਨਾਜਾਇਜ਼ ਲਾਟਰੀ ’ਚ ਸੱਟੇ ਦੇ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਸਿਰਫ ਹਵਾ ਹਵਾਈ ਹੀ ਲੱਗ ਰਹੇ ਹਨ, ਜਿਸ ਦੀ ਮਿਸਾਲ ਥਾਣਾ ਸਲੇਮ ਟਾਬਰੀ ਦੇ ਇਲਾਕਿਆਂ ’ਚ ਬਿਨਾਂ ਰੋਕ ਟੋਕ ਦੇ ਦੇਖੀ ਜਾ ਸਕਦੀ ਹੈ।
ਧਿਆਨਦੇਣਯੋਗ ਹੈ ਕਿ ਥਾਣਾ ਸਲੇਮ ਟਾਬਰੀ ਦੇ ਸਾਬਕਾ ਮੁਖੀ ਜੈਦੀਪ ਜਾਖੜ ਦੀ ਬਦਲੀ ਤੋਂ ਬਾਅਦ ਉਕਤ ਇਲਾਕੇ ’ਚ ਸ਼ਰੇਆਮ ਨਾਜਾਇਜ਼ ਲਾਟਰੀ ਸੱਟੇ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ’ਤੇ ਕਾਰਵਾਈ ਕਰਨ ਵਾਲਾ ਪੁਲਸ ਪ੍ਰਸ਼ਾਸਨ ਆਪਣੀਆਂ ਅੱਖਾਂ ਬੰਦ ਕਰ ਕੇ ਬੈਠਾ ਹੈ। ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਦਾਣਾ ਮੰਡੀ, ਭਾਰਤੀ ਕਾਲੋਨੀ, ਬਹਾਦਰਕੇ ਰੋਡ, ਅਸ਼ੋਕ ਨਗਰ, ਭੱਟੀਆਂ ਬੇਟ, ਬਾਜ਼ੀਗਰ ਡੇਰਾ ਆਦਿ ਕਈ ਇਲਾਕਿਆਂ ’ਚ ਬਿਨਾਂ ਰੋਕ-ਟੋਕ ਦੇ ਸ਼ਰੇਆਮ ਨਾਜਾਇਜ਼ ਲਾਟਰੀ ਅਤੇ ਸੱਟੇ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਉਕਤ ਨਾਜਾਇਜ਼ ਲਾਟਰੀ ਅਤੇ ਸੱਟੇ ਦਾ ਕਾਰੋਬਾਰ ਪੁਲਸ ਦੀ ਮਿਲੀਭੁਗਤ ਕਾਰਨ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਕੋਈ ਵੀ ਪੁਲਸ ਅਧਿਕਾਰੀ ਇਨ੍ਹਾਂ ਨਾਜਾਇਜ਼ ਲਾਟਰੀ ਦੀਆਂ ਦੁਕਾਨਾਂ ’ਤੇ ਕਾਰਵਾਈ ਕਰਨ ਦੀ ਲੋੜ ਨਹੀਂ ਸਮਝ ਰਿਹਾ। ਕਈ ਵਾਰ ਇਲਾਕੇ ਦੇ ਲੋਕਾਂ ਨੇ ਇਨ੍ਹਾਂ ਨਾਜਾਇਜ਼ ਲਾਟਰੀ ਦੀਆਂ ਦੁਕਾਨਾਂ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਕੀਤੀ ਸੀ ਪਰ ਪੁਲਸ ਸਿਰਫ ਸ਼ਿਕਾਇਤ ਸੁਣ ਕੇ ਆਪਣੀਆਂ ਅੱਖਾਂ ਬੰਦ ਕਰਨ ਦਾ ਕੰਮ ਕਰਦੀ ਰਹਿੰਦੀ ਹੈ, ਜਿਸ ਕਾਰਨ ਨਾਜਾਇਜ਼ ਲਾਟਰੀ ਦਾ ਕਾਰੋਬਾਰ ਕਰਨ ਵਾਲਿਆਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਕੰਮ ਕਰ ਰਹੀ ਮਾਸੂਮ ਬੱਚੀ ਨਾਲ ਵਾਪਰ ਗਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਦੱਸਿਆ ਜਾ ਰਿਹਾ ਹੈ ਕਿ ਚੋਣਾਂ ਦੇ ਦੌਰ ’ਚ ਥਾਣਾ ਸਲੇਮ ਟਾਬਰੀ ਦੇ ਮੁਖੀ ਜੈਦੀਪ ਜਾਖੜ ਦੀ ਅਗਵਾਈ ’ਚ ਇਨ੍ਹਾਂ ਲਾਟਰੀ ਦੇ ਕਾਰੋਬਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਇਕ ਵੀ ਦੁਕਾਨ ਖੁੱਲ੍ਹਣ ਨਹੀਂ ਦਿੱਤੀ ਗਈ ਸੀ ਪਰ ਚੋਣਾਂ ਤੋਂ ਬਾਅਦ ਥਾਣਾ ਮੁਖੀ ਜੈਦੀਪ ਜਾਖੜ ਦੀ ਬਦਲੀ ਮੋਹਾਲੀ ’ਚ ਹੋਣ ਤੋਂ ਬਾਅਦ ਫਿਰ ਇਸ ਇਲਾਕੇ ’ਚ ਨਾਜਾਇਜ਼ ਲਾਟਰੀ ਦਾ ਕਾਰੋਬਾਰ ਸਿਖਰਾਂ ’ਤੇ ਚੱਲਣਾ ਸ਼ੁਰੂ ਹੋ ਗਿਆ ਹੈ।
ਕ੍ਰਾਈਮ ਸ਼ਾਖਾ ਦੀ ਟੀਮ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ
ਧਿਆਨਦੇਣਯੋਗ ਹੈ ਕਿ ਚੋਣਾਂ ਤੋਂ ਬਾਅਦ ਪੁਲਸ ਕਮਿਸ਼ਨਰ ਲੁਧਿਆਣਾ ਨੇ ਜਦੋਂ ਨਵੇਂ ਕ੍ਰਾਈਮ ਇੰਚਾਰਜ ਨੂੰ ਨਿਯੁਕਤ ਕੀਤਾ ਸੀ, ਉਸ ਤੋਂ ਬਾਅਦ ਕੁਝ ਦਿਨ ਤੱਕ ਇਸ ਨਾਜਾਇਜ਼ ਲਾਟਰੀ ਦੇ ਕਾਰੋਬਾਰ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ ਸੀ ਪਰ ਬਾਅਦ ’ਚ ਫਿਰ ਇਨ੍ਹਾਂ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਫਿਰ ਖੋਲ੍ਹ ਕੇ ਭੋਲੇ-ਭਾਲੇ ਲੋਕਾਂ ਦੀ ਲੁੱਟ-ਖਸੁੱਟ ਕਰਨੀ ਸ਼ੁਰੂ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਏ. ਸੀ. ਪੀ. ਨਾਰਥ ਜੈਅੰਤ ਪੁਰੀ
ਇਸ ਨਾਜਾਇਜ਼ ਲਾਟਰੀ ਦੇ ਕਾਰੋਬਾਰ ਸਬੰਧੀ ਜਦੋਂ ਏ. ਸੀ. ਪੀ. ਨਾਰਥ ਆਈ. ਪੀ. ਐੱਸ. ਜੈਅੰਤ ਪੁਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਜਾਇਜ਼ ਲਾਟਰੀ ਅਤੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਆਈ. ਪੀ. ਐੱਸ. ਅਧਿਕਾਰੀ ਪੁਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ ’ਚ ਨਾਜਾਇਜ਼ ਲਾਟਰੀ ਅਤੇ ਸੱਟੇ ਦਾ ਕਾਰੋਬਾਰ ਚੱਲਦਾ ਹੈ ਤਾਂ ਉਸ ਦੇ ਲਈ ਉਹ ਸਿੱਧੇ ਹੀ ਉਨ੍ਹਾਂ ਨੂੰ ਸ਼ਿਕਾਇਤ ਕਰਨ। ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8